ਫਰਜ਼ੀ ਨਾਗਰਿਕਤਾ ਲੈ ਕੇ ਫਿਲੀਪੀਨਜ਼ ਦੀ ਮੇਅਰ ਬਣੀ ਚੀਨੀ ਔਰਤ, ਉਮਰ ਕੈਦ
Friday, Nov 21, 2025 - 01:13 PM (IST)
ਮਨੀਲਾ (ਇੰਟ.)- ਫਿਲੀਪੀਨਜ਼ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਚੀਨੀ ਨਾਗਰਿਕ ਐਲਿਸ ਗੁਓ ਅਤੇ 7 ਹੋਰ ਲੋਕਾਂ ਨੂੰ ਮਨੁੱਖੀ ਸਮੱਗਲਿੰਗ (ਹਿਊਮਨ ਟ੍ਰੈਫੀਕਿੰਗ) ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ। ਐਲਿਸ ਗੁਓ ਫਿਲੀਪੀਨਜ਼ ਦੀ ਨਾਗਰਿਕ ਬਣ ਕੇ ਮਨੀਲਾ ਦੇ ਉੱਤਰ ’ਚ ਬੰਬਨ ਸ਼ਹਿਰ ਦੀ ਮੇਅਰ ਬਣ ਗਈ ਸੀ ਪਰ ਅਸਲ ’ਚ ਉਹ ਚੀਨੀ ਨਾਗਰਿਕ ਹੈ। ਉਹ ਇਕ ਚੀਨੀ ਆਨਲਾਈਨ ਜੂਆ ਸੈਂਟਰ ਵੀ ਚਲਾਉਂਦੀ ਸੀ। ਜਿਥੇ ਸੈਂਕੜੇ ਲੋਕਾਂ ਕੋਲੋਂ ਧੋਖਾਦੇਹੀ ਵਾਲੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਸਨ, ਜੇ ਕੋਈ ਮਨ੍ਹਾ ਕਰਦਾ ਸੀ ਤਾਂ ਉਸ ਨੂੰ ਟਾਰਚਰ ਕੀਤਾ ਜਾਂਦਾ ਸੀ।
ਮਾਰਚ 2024 ’ਚ ਪੁਲਸ ਨੇ ਇਸ ਜਗ੍ਹਾ ’ਤੇ ਛਾਪਾ ਮਾਰਿਆ ਸੀ। ਛਾਪੇਮਾਰੀ ਦੌਰਾਨ 700 ਤੋਂ ਜ਼ਿਆਦਾ ਫਿਲੀਪੀਨਜ਼, ਚੀਨ, ਵੀਅਤਨਾਮ, ਮਲੇਸ਼ੀਆ, ਤਾਈਵਾਨ, ਇੰਡੋਨੇਸ਼ੀਆ ਅਤੇ ਰਵਾਂਡਾ ਦੇ ਨਾਗਰਿਕ ਮਿਲੇ ਸਨ। ਦਸਤਾਵੇਜ਼ਾਂ ਤੋਂ ਪਤਾ ਲੱਗਾ ਕਿ ਐਲਿਸ ਗੁਓ ਉਸ ਕੰਪਨੀ ਦੀ ਪ੍ਰੈਜ਼ੀਡੈਂਟ ਸੀ। ਅਦਾਲਤ ਨੇ ਇਸ ਮਾਮਲੇ ’ਚ ਐਲਿਸ ਗੁਓ ਸਮੇਤ 8 ਲੋਕਾਂ ਨੂੰ ਦੋਸ਼ੀ ਠਹਿਰਾਇਆ। ਸਾਰਿਆਂ ਅੱਠਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ।
