ਚੀਨੀ ਰਾਸ਼ਟਰਪਤੀ SCO ਸਿਖਰ ਸੰਮੇਲਨ ’ਚ ਸ਼ਾਮਿਲ ਹੋਣਗੇ, ਕਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਜਾਣਗੇ

09/12/2022 4:36:16 PM

ਬੀਜਿੰਗ (ਭਾਸ਼ਾ) : ਚੀਨ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਪਿਛਲੇ ਦੋ ਸਾਲਾਂ ’ਚ ਪਹਿਲੀ ਵਾਰ ਇਸ ਹਫ਼ਤੇ ਦੇਸ਼ ਤੋਂ ਬਾਹਰ ਕਜ਼ਾਕਿਸਤਾਨ ਦੀ ਯਾਤਰਾ ਕਰਨਗੇ ਅਤੇ ਉਜ਼ਬੇਕਿਸਤਾਨ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੁਆ ਚੁਨਯਿੰਗ ਨੇ ਇਕ ਸੰਖੇਪ ਬਿਆਨ ’ਚ ਦੱਸਿਆ ਕਿ ਸ਼ੀ ਸਮਰਕੰਦ ਸ਼ਹਿਰ ’ਚ ਐੱਸ.ਸੀ.ਓ. ਦੇ ਰਾਜ ਮੁਖੀਆਂ ਦੀ ਕੌਂਸਲ ਦੀ 22ਵੀਂ ਮੀਟਿੰਗ ’ਚ ਸ਼ਾਮਲ ਹੋਣਗੇ ਅਤੇ 14 ਤੋਂ 16 ਸਤੰਬਰ ਤੱਕ ਕਜ਼ਾਕਿਸਤਾਨ ਤੇ ਉਜ਼ਬੇਕਿਸਤਾਨ ਦੀ ਯਾਤਰਾ ਕਰਨਗੇ। ਸ਼ੀ 14 ਸਤੰਬਰ ਨੂੰ ਕਜ਼ਾਕਿਸਤਾਨ ਦਾ ਦੌਰਾ ਕਰਨਗੇ, ਜੋ ਜਨਵਰੀ 2020 ਤੋਂ ਬਾਅਦ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਸ਼ੀ ਨੇ ਆਖਰੀ ਵਾਰ 17-18 ਜਨਵਰੀ, 2020 ਨੂੰ ਮਿਆਂਮਾਰ ਦਾ ਦੌਰਾ ਕੀਤਾ ਸੀ। ਮਿਆਂਮਾਰ ਤੋਂ ਵਾਪਸੀ ਦੇ ਕੁਝ ਦਿਨ ਬਾਅਦ ਚੀਨ ਨੇ ਵੁਹਾਨ ’ਚ ਕੋਰੋਨਾ ਵਾਇਰਸ ਦੇ ਵੱਡੇ ਪੱਧਰ ’ਤੇ ਪ੍ਰਕੋਪ ਦਾ ਐਲਾਨ ਕੀਤਾ। ਬਾਅਦ ’ਚ ਇਹ ਵਿਸ਼ਵਵਿਆਪੀ ਮਹਾਮਾਰੀ ’ਚ ਬਦਲ ਗਿਆ, ਜਿਸ ਦੇ ਨਤੀਜੇ ਵਜੋਂ ਦੁਨੀਆ ਭਰ ’ਚ ਲੱਖਾਂ ਲੋਕਾਂ ਦੀ ਮੌਤ ਹੋ ਗਈ। ਉਦੋਂ ਤੋਂ  ਸ਼ੀ (69) ਚੀਨ ਤੋਂ ਬਾਹਰ ਨਹੀਂ ਗਏ ਹਨ ਤੇ ਡਿਜੀਟਲ ਤਰੀਕੇ ਨਾਲ ਵਿਸ਼ਵ ਪੱਧਰੀ ਸਮਾਗਮਾਂ ’ਚ ਸ਼ਾਮਲ ਹੁੰਦੇ ਰਹੇ ਹਨ।

ਕਜ਼ਾਕਿਸਤਾਨ ਤੋਂ ਬਾਅਦ ਸ਼ੀ ਗੁਆਂਢੀ ਉਜ਼ਬੇਕਿਸਤਾਨ ਦੀ ਯਾਤਰਾ ਕਰਨਗੇ, ਜਿਥੇ ਐੱਸ. ਸੀ. ਓ. ਸਿਖਰ ਸੰਮੇਲਨ 15-16 ਸਤੰਬਰ ਨੂੰ ਹੋਣ ਵਾਲਾ ਹੈ। ਬੀਜਿੰਗ-ਹੈੱਡਕੁਆਰਟਰ ਵਾਲਾ SCO ਇਕ ਅੱਠ ਮੈਂਬਰੀ ਆਰਥਿਕ ਅਤੇ ਸੁਰੱਖਿਆ ਸੰਗਠਨ ਹੈ, ਜਿਸ ’ਚ ਚੀਨ, ਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਜਾਕਿਸਤਾਨ, ਉਜ਼ਬੇਕਿਸਤਾਨ, ਭਾਰਤ ਅਤੇ ਪਾਕਿਸਤਾਨ ਸ਼ਾਮਲ ਹਨ। ਸਮਰਕੰਦ ’ਚ ਸਿਖਰ ਸੰਮੇਲਨ ਤੋਂ ਬਾਅਦ ਭਾਰਤ ਮੱਧ ਏਸ਼ੀਆਈ ਗਣਰਾਜਾਂ ਦੇ ਇਸ ਪ੍ਰਭਾਵਸ਼ਾਲੀ ਸਮੂਹ ਦੀ ਪ੍ਰਧਾਨਗੀ ਸੰਭਾਲੇਗਾ। ਸੰਮੇਲਨ ’ਚ ਈਰਾਨ ਨੂੰ ਰਸਮੀ ਤੌਰ ’ਤੇ ਐੱਸ. ਸੀ. ਓ. ਵਿਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਐੱਸ. ਸੀ. ਓ. ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਐੱਸ.ਸੀ.ਓ. ਸੰਮੇਲਨ ’ਚ ਸ਼ਾਮਲ ਹੋਣ ਦੀ ਉਮੀਦ ਹੈ। ਰੂਸੀ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਪੁਤਿਨ ਅਤੇ ਸ਼ੀ ਸਮਰਕੰਦ ’ਚ ਐੱਸ.ਸੀ.ਓ. ਸੰਮੇਲਨ ਤੋਂ ਇਲਾਵਾ ਇਸ ਸਾਲ ਫਰਵਰੀ ’ਚ ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਪਹਿਲੀ ਯਾਤਰਾ ਹੋਵੇਗੀ। ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਐੱਸ.ਸੀ.ਓ. ’ਚ ਹਿੱਸਾ ਲੈਣ ਲਈ 15-16 ਸਤੰਬਰ ਨੂੰ ਉਜ਼ਬੇਕਿਸਤਾਨ ਜਾਣਗੇ ਅਤੇ ਸਿਖਰ ਸੰਮੇਲਨ ਤੋਂ ਇਲਾਵਾ ਕੁਝ ਦੁਵੱਲੀਆਂ ਮੀਟਿੰਗਾਂ ਵੀ ਕਰ ਸਕਦੇ ਹਨ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਓਯੇਵ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਐੱਸ.ਸੀ.ਓ. ਦੇ ਰਾਜ ਮੁਖੀਆਂ ਦੀ ਕੌਂਸਲ ਦੀ 22ਵੀਂ ਮੀਟਿੰਗ ’ਚ ਸ਼ਾਮਲ ਹੋਣ ਲਈ 15-16 ਸਤੰਬਰ ਤੱਕ ਸਮਰਕੰਦ ਜਾਣਗੇ। ਸਾਲ 2019 ਦੇ ਬਾਅਦ ਤੋਂ ਪਹਿਲਾਂ ਪ੍ਰਤੱਖ ਤੌਰ ’ਤੇ ਆਯੋਜਿਤ ਹੋ ਰਹੇ ਐੱਸ. ਸੀ. ਓ ਸਿਖਰ ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ, ਰੂਸੀ ਰਾਸ਼ਟਰਪਤੀ ਪੁਤਿਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਸਮੇਤ ਹੋਰ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਸਭ ਦੀ ਇਸ ’ਤੇ ਨੇੜਿਓਂ ਨਜ਼ਰ ਰਹੇਗੀ। ਇਸ ’ਤੇ ਅਧਿਕਾਰਤ ਤੌਰ’ਤੇ ਕੁਝ ਨਹੀਂ ਕਿਹਾ ਗਿਆ ਹੈ ਕਿ ਮੋਦੀ ਸ਼ੀ ਜਾਂ ਸ਼ਰੀਫ਼ ਨਾਲ ਮੁਲਾਕਾਤ ਕਰਨਗੇ ਪਰ ਇਹ ਲੰਬੇ ਸਮੇਂ ਬਾਅਦ ਹੋਵੇਗਾ ਕਿ ਇਹ ਸਾਰੇ ਨੇਤਾ ਸਿਖਰ ਸੰਮੇਲਨ ਲਈ ਜ਼ਾਹਿਰਾ ਤੌਰ ’ਤੇ ਇਕੋ ਥਾਂ ’ਤੇ ਹੋਣਗੇ। ਮੋਦੀ ਅਤੇ ਸ਼ੀ 2019 ’ਚ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ) ਦੇ ਨਾਲ ਬ੍ਰਾਸੀਲੀਆ ’ਚ ਮੁਲਾਕਾਤ ਤੋਂ ਬਾਅਦ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਉਦੋਂ ਤੋਂ ਮਈ 2020 ’ਚ ਪੂਰਬੀ ਲੱਦਾਖ ਵਿੱਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਕਾਰ ਟਕਰਾਅ ਹੋਇਆ ਸੀ, ਜੋ ਅਜੇ ਵੀ ਜਾਰੀ ਹੈ। ਚੀਨ ਅਤੇ ਭਾਰਤ ਨੇ ਵੀਰਵਾਰ ਨੂੰ ਪੂਰਬੀ ਲੱਦਾਖ ਦੇ ਗੋਗਰਾ-ਹੌਟਸਪ੍ਰਿੰਗਸ ਖੇਤਰ ’ਚ ‘ਪੈਟ੍ਰੋਲਿੰਗ ਪੁਆਇੰਟ’ 15 ਤੋਂ ਆਪਣੇ ਸੈਨਿਕਾਂ ਨੂੰ ‘ਸਮਾਂਬੱਧ ਅਤੇ ਯੋਜਨਾਬੱਧ’ ਵਾਪਸ ਬੁਲਾਉਣ ਦਾ ਐਲਾਨ ਕੀਤਾ। ਸੋਮਵਾਰ ਨੂੰ ਇਸ ਕੰਮ ਦੇ ਪੂਰਾ ਹੋਣ ਦਾ ਅਧਿਕਾਰਤ ਐਲਾਨ ਕੀਤਾ ਗਿਆ।


Manoj

Content Editor

Related News