ਪਾਕਿ ''ਚ ਸਾਹਮਣੇ ਆਇਆ ਕੋਰੋਨਾਵਾਇਰਸ ਦਾ ਸ਼ੱਕੀ ਮਾਮਲਾ, ਚੀਨੀ ਵਿਅਕਤੀ ਹਸਪਤਾਲ ਦਾਖਲ

Saturday, Jan 25, 2020 - 04:25 PM (IST)

ਪਾਕਿ ''ਚ ਸਾਹਮਣੇ ਆਇਆ ਕੋਰੋਨਾਵਾਇਰਸ ਦਾ ਸ਼ੱਕੀ ਮਾਮਲਾ, ਚੀਨੀ ਵਿਅਕਤੀ ਹਸਪਤਾਲ ਦਾਖਲ

ਇਸਲਾਮਾਬਾਦ (ਪੀ.ਟੀ.ਆਈ.)- ਪਾਕਿਸਤਾਨ ਦੇ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦੇ ਸ਼ੱਕੀ ਇਕ ਚੀਨੀ ਨਾਗਰਿਕ ਨੂੰ ਪੰਜਾਬ ਸੂਬੇ ਦੇ ਮੁਲਤਾਨ ਵਿਚ ਮਾਹਰ ਡਾਕਟਰਾਂ ਦੀ ਦੇਖ-ਰੇਖ ਵਿਚ ਰੱਖਿਆ ਗਿਆ ਹੈ। 40 ਸਾਲਾ ਫੈਂਗ ਫੇਨ 10 ਦਿਨ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ਤੋਂ ਵਾਪਸ ਪਰਤਣ ਤੋਂ ਬਾਅਦ ਮੁਲਤਾਨ ਨੇੜੇ ਚੀਨੀ ਮਜ਼ਦੂਰਾਂ ਦੇ ਨਾਲ ਇਕ ਕੈਂਪ ਵਿਚ ਰਹਿ ਰਿਹਾ ਸੀ।

ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੈਂਗ ਨੂੰ ਸ਼ੁੱਕਰਵਾਰ ਰਾਤ ਨੂੰ ਨਿਸ਼ਤਾਰ ਹਸਪਤਾਲ ਲਿਆਂਦਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀ ਹਾਲਤ ਸਥਿਰ ਹੈ ਤੇ ਇਹ ਨਾਵਲ ਕੋਰੋਨਾਵਾਇਰਸ ਦਾ ਕੇਸ ਨਹੀਂ ਲੱਗ ਰਿਹਾ। ਸ਼ੱਕੀ ਦੇ ਨਮੂਨੇ ਲਏ ਗਏ ਹਨ। ਇਸ ਹਫਤੇ ਦੀ ਸ਼ੁਰੂਆਤ ਵਿਚ ਪਾਕਿਸਤਾਨ ਨੇ ਕੋਰੋਨਵਾਇਰਸ ਦੇ ਖਦਸ਼ੇ ਕਾਰਨ ਹਵਾਈ ਅੱਡਿਆਂ 'ਤੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਸ਼ੁਰੂ ਕੀਤੀ ਹੈ। ਹਜ਼ਾਰਾਂ ਚੀਨੀ ਨਾਗਰਿਕ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਵੱਖ-ਵੱਖ ਪ੍ਰੋਜੈਕਟਾਂ 'ਤੇ ਪਾਕਿਸਤਾਨ ਵਿਚ ਕੰਮ ਕਰਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਪਾਕਿਸਤਾਨੀ ਵਿਦਿਆਰਥੀ ਚੀਨ ਵਿਚ ਪੜ੍ਹਦੇ ਹਨ। ਇਸ ਦੌਰਾਨ ਵਿਦੇਸ਼ ਮੰਤਰਾਲੇ ਦੀ ਬੁਲਾਰਨ ਆਈਸ਼ਾ ਫਾਰੂਕੀ ਨੇ ਕਿਹਾ ਕਿ ਤਕਰੀਬਨ 28 ਹਜ਼ਾਰ ਦੇ ਕਰੀਬ ਪਾਕਿਸਤਾਨੀ ਵਿਦਿਆਰਥੀ ਚੀਨ ਵਿਚ ਪੜ੍ਹਦੇ ਹਨ। 

ਇਸ ਦੇ ਨਾਲ ਹੀ ਬੁਲਾਰਨ ਨੇ ਕਿਹਾ ਕਿ ਕਰੀਬ 500 ਪਾਕਿਸਤਾਨੀ ਵਿਦਿਆਰਥੀ ਵੁਹਾਨ ਵਿਚ ਪੜ੍ਹਦੇ ਹਨ ਤੇ ਤਕਰੀਬਨ 1500 ਚੀਨੀ ਵਪਾਰੀ ਪਾਕਿਸਤਾਨ ਦੀ ਯਾਤਰਾ ਕਰਦੇ ਰਹਿੰਦੇ ਹਨ। ਚੀਨ ਵਿਚ ਇਸ ਜਾਨਲੇਵਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 41 ਹੋ ਗਈ ਹੈ ਤੇ 1300 ਦੇ ਕਰੀਬ ਲੋਕ ਇਸ ਨਾਲ ਪੀੜਤ ਦੱਸੇ ਜਾ ਰਹੇ ਹਨ, ਜਿਹਨਾਂ ਵਿਚੋਂ 237 ਦੀ ਹਾਲਤ ਗੰਭੀਰ ਹੈ। ਵੁਹਾਨ ਸਣੇ 18 ਸ਼ਹਿਰਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।


author

Baljit Singh

Content Editor

Related News