ਖੁਸ਼ਖਬਰੀ! ਕੋਰੋਨਾਵਾਇਰਸ ਦੇ 243 ਮਰੀਜ਼ ਹੋਏ ਠੀਕ, ਹਸਪਤਾਲ ''ਚੋਂ ਮਿਲੀ ਛੁੱਟੀ

02/01/2020 1:21:16 PM

ਬੀਜਿੰਗ (ਸਿਨਹੂਆ)- ਕੋਰੋਨਾਵਾਇਰਸ ਦੀ ਭਿਆਨਕ ਹੁੰਦੀ ਜਾ ਰਹੀ ਸਥਿਤੀ ਦੇ ਵਿਚਾਲੇ ਇਕ ਰਾਹਤ ਦੀ ਖਬਰ ਮਿਲੀ ਹੈ। ਚੀਨ ਵਿਚ ਕੋਰੋਨਾਵਾਇਰਸ ਨਾਲ ਪੀੜਤ ਹੋਏ 243 ਲੋਕ ਠੀਕ ਹੋ ਕੇ ਆਪਣੇ ਘਰ ਚਲੇ ਗਏ ਹਨ। ਚੀਨ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਤੱਕ 243 ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਹ ਲੋਕ ਇਸ ਵਾਇਰਸ ਦੀ ਲਪੇਟ ਤੋਂ ਪੂਰੀ ਤਰ੍ਹਾਂ ਨਾਲ ਨਿਕਲ ਚੁੱਕੇ ਹਨ। ਚੀਨ ਦੀ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਹਸਪਤਾਲ ਤੋਂ 72 ਲੋਕਾਂ ਨੂੰ ਡਿਸਚਾਰਜ ਕੀਤਾ।
ਇਸ ਜਾਨਲੇਵਾ ਕੋਰੋਨਾਵਾਇਰਸ ਨੂੰ ਲੈ ਕੇ ਹੁਣ ਤੱਕ ਇਹੀ ਖਬਰਾਂ ਸੁਣਨ ਨੂੰ ਮਿਲ ਰਹੀਆਂ ਸਨ ਕਿ ਇਸ ਦੀ ਗ੍ਰਿਫਤ ਵਿਚ ਆਉਣ ਕਾਰਨ ਲਗਾਤਾਰ ਲੋਕਾਂ ਦੀ ਮੌਤ ਹੋ ਰਹੀ ਹੈ। ਪਰ ਪਹਿਲੀ ਵਾਰ ਲੋਕਾਂ ਦੇ ਹਸਪਤਾਲ ਵਿਚੋਂ ਠੀਕ ਹੋ ਕੇ ਡਿਸਚਾਰਜ ਹੋਣ ਦੀ ਖਬਰ ਆਈ ਹੈ। ਇਹ ਚੀਨ ਹੀ ਨਹੀਂ ਬਲਕਿ ਉਹਨਾਂ ਦੇਸ਼ਾਂ ਲਈ ਵੀ ਚੰਗੀ ਖਬਰ ਹੈ, ਜਿਹਨਾਂ ਦੇ ਨਾਗਰਿਕ ਕੋਰੋਨਾਵਾਇਰਸ ਨਾਲ ਜੂਝ ਰਹੇ ਹਨ। ਭਾਰਤ ਵਿਚ ਵੀ ਚੀਨ ਦੇ ਵੁਹਾਨ ਸ਼ਹਿਰ ਤੋਂ ਏਅਰ ਇੰਡੀਆਂ ਦਾ ਜਹਾਜ਼ 324 ਲੋਕਾਂ ਨੂੰ ਲੈ ਕੇ ਦਿੱਲੀ ਅੱਜ ਸਵੇਰੇ ਪਹੁੰਚਿਆ ਹੈ। ਅਜੇ ਤੱਕ ਇਹਨਾਂ ਦੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਕੋਈ ਖਬਰ ਨਹੀਂ ਮਿਲੀ ਹੈ।
ਕੋਰੋਨਾਵਾਇਰਸ ਨੂੰ ਲੈ ਕੇ ਗਲੋਬਲ ਹੈਲਥ ਐਮਰਜੰਸੀ ਐਲਾਨ ਕਰਨ ਵਾਲੇ ਵਿਸ਼ਵ ਸਿਹਤ ਸੰਗਠਨ ਨੇ ਵੀ ਚੀਨ ਦੀ ਸ਼ਲਾਘਾ ਕੀਤੀ ਹੈ। ਚੀਨੀ ਰਾਜਦੂਤ ਸੁਨ ਵੀਦੋਂਗ ਨੇ ਕੋਰੋਨਾਵਾਇਰਸ ਨਾਲ ਲੜਨ ਦੇ ਲਈ ਅੰਤਰਰਾਸ਼ਟਰੀ ਭਾਈਚਾਰੇ ਨਾਲ ਚੀਨ ਦੇ ਸਹਿਯੋਗ ਦੀ ਗੱਲ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਦੇ ਖਿਲਾਫ ਲੜਾਈ ਵਿਚ ਚੀਨੀ ਸਰਕਾਰ ਨੇ ਖੁੱਲ੍ਹੇਪਣ, ਪਾਰਦਰਸ਼ਤਾ ਤੇ ਜ਼ਿੰਮੇਦਾਰੀ ਦੀ ਉੱਚ ਭਾਵਨਾ ਨਾਲ ਅੰਤਰਰਾਸ਼ਟਰੀ ਸਹਿਯੋਗ ਕੀਤਾ। ਦੱਸ ਦਈਏ ਕਿ ਇਹ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ 259 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਹਜ਼ਾਰ ਦੇ ਕਰੀਬ ਲੋਕ ਇਸ ਨਾਲ ਪੀੜਤ ਦੱਸੇ ਜਾ ਰਹੇ ਹਨ। 


Baljit Singh

Content Editor

Related News