ਸ਼੍ਰੀਲੰਕਾ ਦੀ ਦੋ ਦਿਨਾ ਯਾਤਰਾ ਕਰਨਗੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ

Saturday, Jan 08, 2022 - 04:36 PM (IST)

ਸ਼੍ਰੀਲੰਕਾ ਦੀ ਦੋ ਦਿਨਾ ਯਾਤਰਾ ਕਰਨਗੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ

ਕੋਲੰਬੋ (ਭਾਸ਼ਾ)-ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਸ਼੍ਰੀਲੰਕਾ ਨਾਲ ਕੂਟਨੀਤਕ ਸਬੰਧਾਂ ਦੀ 65ਵੀਂ ਵਰ੍ਹੇਗੰਢ ਦੇ ਮੌਕੇ ’ਤੇ ਦੋ ਦਿਨਾ ਯਾਤਰਾ ’ਤੇ ਸ਼ਨੀਵਾਰ ਨੂੰ ਇਥੇ ਪਹੁੰਚਣਗੇ ਅਤੇ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ। ਸ਼੍ਰੀਲੰਕਾ ਦੇ ਵਿਦੇਸ਼ ਸਕੱਤਰ ਜੈਨਾਥ ਕੋਲੰਬੇਜ ਨੇ ਕਿਹਾ ਕਿ ਵਾਂਗ ਮਾਲਦੀਵ ਤੋਂ ਇਥੇ ਪਹੁੰਚਣਗੇ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ, ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਤੇ ਵਿਦੇਸ਼ ਮੰਤਰੀ ਜੀ.ਐੱਲ. ਪੀਰਿਸ ਨਾਲ ਮੁਲਾਕਾਤ ਕਰਨਗੇ। ਵਾਂਗ ਯੀ ਅਜਿਹੇ ਸਮੇਂ ’ਚ ਸ਼੍ਰੀਲੰਕਾ ਦੀ ਯਾਤਰਾ ’ਤੇ ਆ ਰਹੇ ਹਨ, ਜਦੋਂ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ 65ਵੀਂ ਵਰ੍ਹੇਗੰਢ ਅਤੇ ਸ੍ਰੀਲੰਕਾ-ਚੀਨ ਰਬੜ ਚੌਲ ਸਮਝੌਤੇ ਦੀ 70ਵੀਂ ਵਰ੍ਹੇਗੰਢ ਹੈ। ਇਹ ਸਮਝੌਤਾ 1952 ’ਚ ਦੋਹਾਂ ਦੇਸ਼ਾਂ ਦਰਮਿਆਨ ਹੋਇਆ ਸੀ, ਜਿਸ ਤਹਿਤ ਕੋਲੰਬੋ ਨੇ ਬੀਜਿੰਗ ਨੂੰ ਚੌਲਾਂ ਦੇ ਬਦਲੇ ਰਬੜ ਦੀ ਸਪਲਾਈ ਕੀਤੀ ਸੀ ਅਤੇ ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਤੇ ਵਪਾਰ ਦਾ ਵਿਸਥਾਰ ਹੋਇਆ ਸੀ। ਇਸ ਮੌਕੇ ਕੇਂਦਰੀ ਕੋਲੰਬੋ ’ਚ ਚੀਨ ਵੱਲੋਂ ਬਣਾਏ ਬੰਦਰਗਾਹ ਸ਼ਹਿਰ ’ਚ ਸਮਾਗਮ ਆਯੋਜਿਤ ਕੀਤੇ ਜਾਣਗੇ।

ਕੋਲੰਬੇਜ ਨੇ ਕਿਹਾ ਕਿ ਚੀਨੀ ਵਿਦੇਸ਼ ਮੰਤਰੀ ਦੇ ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਨਵੇਂ ਨਿਵੇਸ਼ ਸਮਝੌਤਿਆਂ ’ਤੇ ਮੋਹਰ ਲੱਗ ਸਕਦੀ ਹੈ। ਹਾਲ ਹੀ ਦੇ ਮਹੀਨਿਆਂ ’ਚ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਤਣਾਅ ਆਇਆ ਹੈ। ਚੀਨ ਨੇ ਸ਼੍ਰੀਲੰਕਾ ਵੱਲੋਂ ਜੈਵਿਕ ਖਾਦਾਂ ਦੀ ਖੇਪ ਨੂੰ ਰੱਦ ਕਰਨ ਦਾ ਵਿਰੋਧ ਕੀਤਾ ਸੀ। ਸਥਾਨਕ ਕਿਸਾਨਾਂ ਅਤੇ ਕੁਝ ਮਾਹਿਰਾਂ ਨੇ ਇਸ ਖੇਪ ਦੇ ਦੂਸ਼ਿਤ ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਚੀਨ ਨੇ ਸ਼੍ਰੀਲੰਕਾ ਦੇ ਤਿੰਨ ਟਾਪੂਆਂ ’ਤੇ ਹਾਈਬ੍ਰਿਡ ਪਾਵਰ ਪਲਾਂਟ ਸਥਾਪਿਤ ਕਰਨ ਦੇ ਇਕ ਪ੍ਰੋਜੈਕਟ ਕਿਸੇ ‘ਤੀਜੀ ਧਿਰ’ ਦੇ ਸੁਰੱਖਿਆ ਸੰਬੰਧੀ ਚਿੰਤਾਵਾਂ ਜਤਾਉਣ ਦਾ ਹਵਾਲਾ ਦਿੰਦੇ ਹੋਏ ਦਸੰਬਰ ’ਚ ਰੋਕ ਦਿੱਤਾ ਸੀ। ਚੀਨ ਦਾ ਇਹ ਐਲਾਨ ਇਨ੍ਹਾਂ ਖ਼ਬਰਾਂ ਵਿਚਕਾਰ ਆਈ ਸੀ ਕਿ ਭਾਰਤ ਨੇ ਇਸ ਪ੍ਰੋਜੈਕਟ ਦੇ ਸਥਾਨ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।
 


author

Manoj

Content Editor

Related News