ਅਮਰੀਕਾ ''ਚ ਚੀਨ ਦੇ ਹੋਰ ਵਣਜ ਦੂਤਘਰ ਬੰਦ ਹੋ ਸਕਦੇ ਹਨ : ਟਰੰਪ
Thursday, Jul 23, 2020 - 06:11 PM (IST)
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿਚ ਚੀਨ ਦੇ ਹੋਰ ਵਣਜ ਦੂਤਘਰ ਤੇ ਕੂਟਨੀਤਕ ਮਿਸ਼ਨਾਂ ਦੇ ਬੰਦ ਹੋਣ ਦੀ ਸੰਭਾਵਨਾ ਵੱਲ ਇਸ਼ਾਰਾ ਕੀਤਾ। ਉਨ੍ਹਾਂ ਦਾ ਇਹ ਬਿਆਨ ਉਸ ਤੋਂ ਕੁਝ ਘੰਟੇ ਪਹਿਲਾਂ ਆਇਆ ਹੈ ਜਦੋਂ ਵਾਸ਼ਿੰਗਟਨ ਨੇ ਹਿਊਸਟਨ ਵਿਚ ਬੀਜਿੰਗ ਦਾ ਕੌਂਸਲੇਟ ਬੰਦ ਕਰਨ ਦਾ ਹੁਕਮ ਦਿੱਤਾ ਤਾਂ ਜੋ ਅਮਰੀਕਾ ਦੀ ਬੌਧਿਕ ਜਾਇਦਾਦ ਅਤੇ ਨਿੱਜੀ ਜਾਣਕਾਰੀ ਦੀ ਰੱਖਿਆ ਕੀਤੀ ਜਾ ਸਕੇ।
ਟਰੰਪ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਮੁਤਾਬਕ ਇਹ ਕਦਮ ਦੋਹਾਂ ਦੇਸ਼ਾਂ ਵਿਚਾਲੇ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਨੂੰ ਲੈ ਕੇ ਵੱਧ ਰਹੇ ਵਿਵਾਦ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਬੀਜਿੰਗ ਦੀਆਂ ਹਮਲਾਵਰ ਗਤੀਵਿਧੀਆਂ ਕਾਰਨ ਵਾਸ਼ਿੰਗਟਨ ਨੇ ਸਖਤ ਕਦਮ ਚੁੱਕੇ, ਜਿਸ ਵਿਚ ਹਿਊਸਟਨ ਵਿਚ ਕੌਂਸਲੇਟ ਬੰਦ ਕਰਨਾ ਵੀ ਸ਼ਾਮਲ ਸੀ। ਅਮਰੀਕਾ ਵਿਚ ਚੀਨ ਦੇ ਪੰਜ ਕੌਂਸਲੇਟਾਂ ਵਿਚੋਂ ਇਕ ਦੇ ਬੰਦ ਹੋਣ ਨਾਲ ਤਣਾਅ ਵਧਿਆ ਹੈ। ਅਮਰੀਕਾ ਨੇ ਇਹ ਕਦਮ ਉਦੋਂ ਚੁੱਕਿਆ ਜਦੋਂ ਨਿਆਂ ਵਿਭਾਗ ਨੇ ਕਿਹਾ ਕਿ ਚੀਨੀ ਸਰਕਾਰ ਨਾਲ ਕੰਮ ਕਰ ਰਹੇ ਹੈਕਰਾਂ ਨੇ ਕੋਰੋਨਾ ਵਾਇਰਸ ਟੀਕੇ ਵਿਕਸਤ ਕਰਨ ਵਾਲੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਦੁਨੀਆ ਭਰ ਦੀਆਂ ਕੰਪਨੀਆਂ ਦੀ ਕਰੋੜਾਂ ਡਾਲਰ ਦੀ ਬੌਧਿਕ ਜਾਇਦਾਦ ਅਤੇ ਦੁਨੀਆਭਰ ਵਿਚ ਕੰਪਨੀਆਂ ਦੀ ਵਪਾਰਕ ਖੁਫੀਆ ਜਾਣਕਾਰੀ ਚੋਰੀ ਕੀਤੀ। ਟਰੰਪ ਨੇ ਵ੍ਹਾਈਟ ਹਾਊਸ ਵਿਚ ਕਿਹਾ ਕਿ ਜਿੱਥੇ ਤਕ ਹੋਰ ਚੀਨੀ ਕੌਂਸਲੇਟ ਬੰਦ ਕਰਨ ਦਾ ਸਵਾਲ ਹੈ ਉਹ ਹਮੇਸ਼ਾ ਸੰਭਵ ਹੈ। ਉਨ੍ਹਾਂ ਹਿਊਸਟਨ ਵਿਚ ਵਣਜ ਦੂਤਘਰ ਵਿਚ ਅੱਗ ਲੱਗਣ ਦੀਆਂ ਖਬਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਦੇਖਿਆ ਕਿ ਕੀ ਚੱਲ ਰਿਹਾ ਹੈ। ਸਾਨੂੰ ਲੱਗਾ ਕਿ ਅਸੀਂ ਜਿਸ ਨੂੰ ਬੰਦ ਕੀਤਾ ਸੀ, ਉੱਥੇ ਅੱਗ ਲੱਗ ਗਈ ਅਤੇ ਹਰ ਕਿਸੇ ਨੇ ਕਿਹਾ ਕਿ ਅੱਗ ਲੱਗੀ ਹੈ, ਅੱਗ ਲੱਗੀ। ਮੈਨੂੰ ਲੱਗਦਾ ਹੈ ਕਿ ਉਹ ਦਸਤਾਵੇਜ਼ ਸਾੜ ਰਹੇ ਸਨ।