ਚੀਨੀ ਡਾਕਟਰ ਦਾ ਦਾਅਵਾ-'ਤਿਆਰ ਕੀਤਾ ਕੋਰੋਨਾ ਵਾਇਰਸ ਨੂੰ ਰੋਕਣ ਵਾਲਾ ਟੀਕਾ'
Thursday, Mar 05, 2020 - 11:18 AM (IST)
ਬੀਜਿੰਗ— ਚੀਨ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਦੇਖਦੇ ਹੀ ਦੇਖਦੇ ਪੂਰੀ ਦੁਨੀਆ 'ਚ ਫੈਲ ਚੁੱਕਾ ਹੈ। ਚੀਨ 'ਚ ਇਸ ਵਾਇਰਸ ਕਾਰਨ 3000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 80,000 ਲੋਕ ਪੀੜਤ ਹਨ। ਹੁਣ ਚੀਨ ਦੇ ਇਕ ਡਾਕਟਰ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਉਸ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਇਕ ਟੀਕਾ ਬਣਾ ਲਿਆ ਹੈ ਜਦਕਿ ਇਸ ਦੀਆਂ ਤਸਵੀਰਾਂ ਤੇ ਵਧੇਰੇ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ। ਰਿਪੋਰਟਾਂ ਮੁਤਾਬਕ ਪੀਪਲਸ ਲਿਬਰੇਸ਼ਨ ਆਰਮੀ ਦੀ ਮੈਡੀਕਲ ਮਾਹਿਰ ਸ਼ੇਨ ਵੇਈ ਦੀ ਲੀਡਰਸ਼ਿਪ 'ਚ ਇਹ ਟੀਕਾ ਤਿਆਰ ਹੋਇਆ ਹੈ ਤੇ ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਟੀਕਾ ਕੋਰੋਨਾ ਤੋਂ ਬਚਾਅ ਕਰੇਗਾ। ਇਸ ਟੀਕੇ ਨੂੰ ਕਿਸੇ ਜਾਨਵਰ 'ਤੇ ਟੈਸਟ ਨਹੀਂ ਕੀਤਾ ਗਿਆ ਸਗੋਂ ਮੈਡੀਕਲ ਮਾਹਿਰ ਸ਼ੇਨ ਵੇਈ 'ਤੇ ਹੀ ਕੀਤਾ ਗਿਆ। ਸ਼ੇਨ ਵੇਈ ਚੀਨੀ ਫੌਜ ਦੀ ਉਹੀ ਮੇਜਰ ਜਨਰਲ ਹੈ ਜਿਸ ਨੇ ਸਾਰਸ ਅਤੇ ਇਬੋਲਾ ਵਰਗੇ ਖਤਰਨਾਕ ਵਾਇਰਸ ਤੋਂ ਬਚਣ ਲਈ ਟੀਕਾ ਤਿਆਰ ਕੀਤਾ ਸੀ ਤੇ ਪੂਰੀ ਦੁਨੀਆ ਨੂੰ ਉਨ੍ਹਾਂ ਦੇ ਖਤਰੇ ਤੋਂ ਬਚਾਇਆ ਸੀ।
ਰਿਪੋਰਟਾਂ ਮੁਤਾਬਕ 58 ਸਾਲਾ ਡਾਕਟਰ ਸ਼ੇਨ ਨੇ ਦਿਨ-ਰਾਤ ਇਕ ਕਰਕੇ ਇਸ ਟੀਕੇ ਨੂੰ ਤਿਆਰ ਕੀਤਾ ਹੈ। ਉਨ੍ਹਾਂ ਦੀ ਟੀਮ 'ਚ 600 ਲੋਕਾਂ ਦੀ ਟੀਮ ਕੰਮ ਕਰਦੀ ਹੈ। ਇਸ 'ਚ 26 ਮਾਹਿਰ ਹਨ ਅਤੇ 50 ਤੋਂ ਵੀ ਜ਼ਿਆਦਾ ਵਿਗਿਆਨੀ ਇਸ 'ਚ ਸ਼ਾਮਲ ਹਨ ਤੇ ਹੋਰ 500 ਤੋਂ ਵਧੇਰੇ ਵੱਖ-ਵੱਖ ਮਾਹਿਰ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਟੀਕਾ ਤੇ ਦਵਾਈ ਲੱਭਣ ਲਈ ਬਹੁਤ ਸਾਰੇ ਦੇਸ਼ਾਂ ਦੀਆਂ ਲੈਬ ਕੰਮ ਕਰ ਰਹੀਆਂ ਹਨ ਤੇ ਕਈਆਂ ਨੇ ਜਾਨਵਰਾਂ 'ਤੇ ਇਸ ਦੇ ਟੈੱਸਟ ਕੀਤੇ ਹਨ ਪਰ ਅਜੇ ਤਕ ਕਿਸੇ ਨੇ ਵੀ ਇਸ ਦੀ ਪੱਕੀ ਪੁਸ਼ਟੀ ਨਹੀਂ ਕੀਤੀ ਕਿ ਇਹ ਵਾਇਰਸ ਨੂੰ ਖਤਮ ਕਰਨ ਵਾਲੇ ਟੀਕੇ ਹਨ।
ਇਹ ਵੀ ਪੜ੍ਹੋ:UK ਦੀ ਸਭ ਤੋਂ ਵੱਡੀ ਹਵਾਈ ਕੰਪਨੀ ਹੋਈ ਠੱਪ, '80 ਲੱਖ' ਮੁਸਾਫਰਾਂ 'ਚ ਹੜਕੰਪ