ਸਪੇਸ ਸਟੇਸ਼ਨ ''ਤੇ 6 ਮਹੀਨੇ ਬਿਤਾਉਣ ਤੋਂ ਬਾਅਦ ਧਰਤੀ ''ਤੇ ਸੁਰੱਖਿਅਤ ਪਰਤੇ ਚੀਨ ਦੇ 3 ਪੁਲਾੜ ਯਾਤਰੀ

Monday, Nov 04, 2024 - 02:20 PM (IST)

ਬੀਜਿੰਗ (ਏਜੰਸੀ)- ਚੀਨ ਦੇ ਤਿੰਨ ਪੁਲਾੜ ਯਾਤਰੀ, ਜਿਨ੍ਹਾਂ ਨੇ ਹੇਠਲੇ ਪੰਧ ਵਿਚ ਪੁਲਾੜ ਸਟੇਸ਼ਨ ਨੂੰ ਵਿਕਸਤ ਕਰਨ ਲਈ 6 ਮਹੀਨੇ ਕੰਮ ਕੀਤਾ, ਸੋਮਵਾਰ ਰਾਤ ਨੂੰ ਧਰਤੀ 'ਤੇ ਸੁਰੱਖਿਅਤ ਪਰਤ ਆਏ। ਮਨੁੱਖੀ ਪੁਲਾੜ ਮਿਸ਼ਨ ਨਾਲ ਜੁੜੀ ਚੀਨੀ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਪੁਲਾੜ ਯਾਤਰੀਆਂ ਯੇ ਗੁਆਂਗਫੂ, ਲੀ ਕਾਂਗ ਅਤੇ ਲੀ ਗੁਆਂਗਸੂ ਨੂੰ ਲੈ ਕੇ ਜਾ ਰਹੇ ਪੁਲਾੜ ਯਾਨ 'Shenzhou-18' ਦਾ ਕੈਪਸੂਲ ਰਾਤ 1:24 ਵਜੇ (ਬੀਜਿੰਗ ਸਮੇਂ ਮੁਤਾਬਕ) ਉੱਤਰੀ ਚੀਨ ਦੇ ਅੰਦਰੂਨੀ ਮੰਗੋਲੀਆ ਆਟੋਨੋਮਸ ਖੇਤਰ ਦੇ ਡੋਂਗਫੇਂਗ ਸਾਈਟ 'ਤੇ ਉਤਰਿਆ। ਪੁਲਾੜ ਏਜੰਸੀ ਨੇ ਕਿਹਾ ਕਿ 192 ਦਿਨਾਂ ਤੱਕ ਪੰਧ ਵਿਚ ਰਹਿਣ ਤੋਂ ਬਾਅਦ ਤਿੰਨਾਂ ਪੁਲਾੜ ਯਾਤਰੀਆਂ ਦੀ ਸਿਹਤ ਠੀਕ ਹੈ ਅਤੇ 'Shenzhou-18' ਮਾਨਵ ਮਿਸ਼ਨ ਸਫਲ ਰਿਹਾ। Shenzhou-18 ਮਿਸ਼ਨ ਕਮਾਂਡਰ ਗੁਆਂਗਫੂ ਨੇ ਇੱਕ ਚੀਨੀ ਪੁਲਾੜ ਯਾਤਰੀ ਦੇ ਰੂਪ ਵਿਚ ਪੰਧ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਠਹਿਰਣ ਦਾ ਨਵਾਂ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਅਕਤੂਬਰ 2021 ਤੋਂ ਅਪ੍ਰੈਲ 2022 ਤੱਕ 'Shenzhou-13' ਮਿਸ਼ਨ ਵਿੱਚ ਇੱਕ ਪੁਲਾੜ ਯਾਤਰੀ ਵਜੋਂ ਕੰਮ ਕੀਤਾ ਸੀ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਇਸ ਸ਼ਹਿਰ ਦੀ ਹਵਾ ਹੋਈ ਗੰਦਲੀ, 1900 ਤੱਕ ਪਹੁੰਚਿਆ AQI, ਭਾਰਤ ਸਿਰ ਮੜ੍ਹਿਆ ਦੋਸ਼

ਗੁਆਂਗਫੂ ਨੇ ਕਿਹਾ, 'ਚੀਨੀ ਪੁਲਾੜ ਯਾਤਰੀਆਂ ਨੇ ਲਗਾਤਾਰ ਮਿਸ਼ਨਾਂ ਵਿੱਚ ਪੁਲਾੜ ਲਈ ਉਡਾਣ ਭਰੀ ਹੈ। ਮੇਰਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਧ ਵਿੱਚ ਮਿਆਦ ਦਾ ਰਿਕਾਰਡ ਟੁੱਟ ਜਾਵੇਗਾ।' ਉਥੇ ਹੀ ਦੂਜੇ ਪੁਲਾੜ ਯਾਤਰੀ ਲੀ ਗੁਆਂਗਸੂ ਨੇ ਕਿਹਾ ਕਿ ਉਨ੍ਹਾਂ ਨੇ ਚੈਰੀ ਟਮਾਟਰ ਅਤੇ ਸਲਾਦ ਪੱਤੇ ਦੇ ਰੂਪ ਵਿੱਚ ਦੋ ਕਿਸਮ ਦੇ ਪੌਦੇ ਉਗਾਏ ਅਤੇ ਭੋਜਨ ਲਈ ਕੁਝ ਸਲਾਦ ਪੱਤੇ ਕੱਟੇ। ਇਕ ਸਰਕਾਰੀ ਨਿਊਜ਼ ਏਜੰਸੀ ਨੇ ਲੀ ਦੇ ਹਵਾਲੇ ਨਾਲ ਕਿਹਾ, "ਪੁਲਾੜ ਵਿੱਚ ਤਾਜ਼ੀਆਂ ਸਬਜ਼ੀਆਂ ਖਾਣ ਦੇ ਯੋਗ ਹੋਣਾ ਸੱਚਮੁੱਚ ਇੱਕ ਵਰਦਾਨ ਹੈ। ਇਹ ਹਰੇ ਪੌਦੇ ਸਾਡੇ ਰੁਝੇਵਿਆਂ ਵਿੱਚ ਵੀ ਹਰਿਆਲੀ ਦੀ ਚਮਕ ਅਤੇ ਖੁਸ਼ਹਾਲੀ ਲੈ ਕੇ ਆਏ।” ਚੀਨ ਨੇ ਇਸ ਸਾਲ ਅਪ੍ਰੈਲ 'ਚ 'Shenzhou-18' ਮਨੁੱਖੀ ਪੁਲਾੜ ਯਾਨ ਲਾਂਚ ਕੀਤਾ ਸੀ। ਰਿਪੋਰਟ ਮੁਤਾਬਕ ਪੁਲਾੜ ਯਾਤਰੀਆਂ ਨੇ ਪੁਲਾੜ ਵਿੱਚ ਰਹਿਣ ਦੌਰਾਨ ਵਿਗਿਆਨ ਨਾਲ ਸਬੰਧਤ ਦਰਜਨਾਂ ਪ੍ਰਯੋਗ ਕੀਤੇ। ਧਰਤੀ 'ਤੇ ਪਰਤਣ ਵਾਲੇ ਤਿੰਨ ਪੁਲਾੜ ਯਾਤਰੀਆਂ ਦੀ ਥਾਂ ਤਿੰਨ ਹੋਰ ਪੁਲਾੜ ਯਾਤਰੀ 30 ਅਕਤੂਬਰ ਨੂੰ ਪੁਲਾੜ ਸਟੇਸ਼ਨ 'ਤੇ ਪਹੁੰਚੇ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਚੀਨ ਹਰ ਛੇ ਮਹੀਨੇ ਬਾਅਦ  ਸਟੇਸ਼ਨ ਲਈ ਪੁਲਾੜ ਯਾਤਰੀਆਂ ਨੂੰ ਬਦਲਦਾ ਰਹਿੰਦਾ ਹੈ।  ਚੀਨ ਨੇ ਆਪਣਾ ਪੁਲਾੜ ਸਟੇਸ਼ਨ ਉਦੋਂ ਬਣਾਇਆ, ਜਦੋਂ ਉਸ ਨੂੰ ਕਥਿਤ ਤੌਰ 'ਤੇ ਇਸ ਚਿੰਤਾ ਕਾਰਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਤੋਂ ਬਾਹਰ ਕਰ ਦਿੱਤਾ ਗਿਆ ਸੀ ਕਿ ਉਸ ਦਾ ਪੁਲਾੜ ਪ੍ਰੋਗਰਾਮ ਉਸਦੀ ਫੌਜ ਦੁਆਰਾ ਚਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਖਾਲਿਸਤਾਨੀ ਅਨਸਰਾਂ ਵੱਲੋਂ ਕੀਤੀ ਗਈ ਹਿੰਸਕ ਕਾਰਵਾਈ 'ਤੇ ਭਾਰਤ ਨੇ ਗੁੱਸਾ ਕੀਤਾ ਜ਼ਾਹਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News