ਪੈਂਗੋਂਗ ਝੀਲ ’ਤੇ ਪੁਲ ਬਣਾ ਰਹੀ ਚੀਨੀ ਫੌਜ

Monday, Jan 03, 2022 - 10:51 PM (IST)

ਪੈਂਗੋਂਗ ਝੀਲ ’ਤੇ ਪੁਲ ਬਣਾ ਰਹੀ ਚੀਨੀ ਫੌਜ

ਪੇਈਚਿੰਗ (ਇੰਟ.)- ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਪੈਂਗੋਂਗ ਤਸੋ ਝੀਲ ’ਤੇ ਆਪਣੇ ਖੇਤਰ ’ਚ ਖੁਰਨਕ ’ਤੇ ਇਕ ਪੁਲ ਦਾ ਨਿਰਮਾਣ ਕਰ ਰਹੀ ਹੈ, ਜੋ ਝੀਲ ਦਾ ਸਭ ਤੋਂ ਤੰਗ ਹਿੱਸਾ ਹੈ। ਸੂਤਰਾਂ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਪੁਲ ਦਾ ਨਿਰਮਾਣ ਭਵਿੱਖ ’ਚ ਭਾਰਤੀ ਫੌਜ ਦੇ ਅਗਸਤ 2020 ਵਰਗੇ ਕਿਸੇ ਵੀ ਆਪ੍ਰੇਸ਼ਨ ਦਾ ਮੁਕਾਬਲਾ ਕਰਨ ਲਈ ਕੀਤਾ ਜਾ ਰਿਹਾ ਹੈ। ਭਾਰਤੀ ਫੌਜ ਨੇ ਇਕ ਸਪੈਸ਼ਲ ਆਪ੍ਰੇਸ਼ਨ ਨੂੰ ਅੰਜਾਮ ਦਿੰਦੇ ਹੋਏ 29 ਅਤੇ 30 ਅਗਸਤ 2020 ਦੀ ਰਾਤ ਨੂੰ ਪੈਂਗੋਂਗ ਤਸੋ ਦੱਖਣੀ ਕੰਡੇ ਦੀਆਂ ਉਚਾਈਆਂ ’ਤੇ ਕਬਜ਼ਾ ਕਰ ਲਿਆ ਸੀ।

ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁੱਧ ਹਾਸਲ ਕੀਤੀ 73 ਦੌੜਾਂ ਦੀ ਬੜ੍ਹਤ


ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਨਿਰਮਾਣ ਅਧੀਨ ਪੁਲ ਖੁਰਨਕ ਤੋਂ ਦੱਖਣੀ ਤਟ ਦੇ ਵਿਚਾਲੇ 180 ਕਿ. ਮੀ. ਦੀ ਦੂਰੀ ਨੂੰ ਖਤਮ ਕਰ ਦੇਵੇਗਾ। ਇਸ ਦਾ ਮਤਲੱਬ ਹੈ ਕਿ ਖੁਰਨਕ ਤੋਂ ਰੁਡੋਕ ਤੱਕ ਦਾ ਰਸਤਾ ਪਹਿਲਾਂ ਲਗਭਗ 200 ਕਿ. ਮੀ. ਦੇ ਮੁਕਾਬਲੇ ਹੁਣ ਸਿਰਫ 40-50 ਕਿ. ਮੀ. ਦਾ ਹੋਵੇਗਾ। 135 ਕਿ. ਮੀ. ਲੰਮੀ ਪੈਂਗੋਂਗ ਤਸੋ ਜ਼ਮੀਨੀ ਸਰਹੱਦ ਨਾਲ ਘਿਰੀ ਹੋਈ ਇਕ ਝੀਲ ਹੈ ਜਿਸ ਦਾ ਕੁਝ ਹਿੱਸਾ ਲੱਦਾਖ ਅਤੇ ਬਾਕੀ ਹਿੱਸਾ ਤਿੱਬਤ ’ਚ ਹੈ। ਮਈ 2020 ’ਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਦੀ ਸ਼ੁਰੂਆਤ ਇਸ ਖੇਤਰ ’ਚ ਹੋਈ ਸੀ।

ਇਹ ਖ਼ਬਰ ਪੜ੍ਹੋ- ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ


ਅਗਸਤ 2020 ਤੋਂ ਚੀਨ ਨੇ ਲਿਆ ਸਬਕ
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਪੀ. ਐੱਲ. ਏ. ਨੇ ਪੁਲ ਤੋਂ ਆਵਾਜਾਈ ਲਈ ਸੜਕ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਜੋ ਲੋੜ ਪੈਣ ’ਤੇ ਫੌਜੀਆਂ ਅਤੇ ਉਪਕਰਣਾਂ ਦੀ ਤੇਜ਼ੀ ਨਾਲ ਤਾਇਨਾਤੀ ਲਈ ਇਕ ਨਵਾਂ ਰਸਤਾ ਬਣ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਚੀਨ ਨੇ ਭਾਰਤ ਦੇ ਅਗਸਤ 2020 ਦੀ ਕਾਰਵਾਈ ਤੋਂ ਸਬਕ ਲਿਆ ਹੈ ਅਤੇ ਇਸ ਲਈ ਉਹ ਆਪਣੀਆਂ ਤਿਆਰੀਆਂ ਨੂੰ ਪੁਖਤਾ ਕਰ ਰਿਹਾ ਹੈ। ਚੀਨ ਨੇ ਇਹ ਯਕੀਨੀ ਕਰਨ ਲਈ ਕਈ ਕਦਮ ਚੁੱਕੇ ਹਨ, ਜਿਨ੍ਹਾਂ ਨਾਲ ਕਿ ਖੇਤਰ ’ਚ ਫੌਜੀ ਗਤੀਵਿਧੀਆਂ ਨੂੰ ਤੇਜ਼ੀ ਨਾਲ ਵਧਾਇਆ ਜਾ ਸਕੇ ਅਤੇ ਵੱਡੇ ਪੱਧਰ ’ਤੇ ਤਾਇਨਾਤੀ ਕੀਤੀ ਜਾ ਸਕੇ।


ਸੰਭਾਵੀ ਆਪ੍ਰੇਸ਼ਨ ਦਾ ਮੁਕਾਬਲਾ ਕਰਨ ਲਈ ਬਣਾ ਰਿਹਾ ਰਸਤਾ
ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਨਵੇਂ ਨਿਰਮਾਣ ਦੇ ਨਾਲ ਪੀ. ਐੱਲ. ਏ. ਦਾ ਟੀਚਾ ਭਵਿੱਖ ’ਚ ਦੱਖਣੀ ਕਿਨਾਰਿਆਂ ’ਤੇ ਭਾਰਤੀ ਜਵਾਨਾਂ ਵੱਲੋਂ ਕਿਸੇ ਵੀ ਸੰਭਾਵੀ ਆਪ੍ਰੇਸ਼ਨ ਦਾ ਮੁਕਾਬਲਾ ਕਰਨ ਲਈ ਕਈ ਰਸਤੇ ਬਣਾਉਣਾ ਹੈ। ਨਵੰਬਰ ’ਚ ਭਾਰਤ ਸਰਕਾਰ ਨੇ ਸੁਪਰੀਮ ਕੋਰਟ ’ਚ ਦੱਸਿਆ ਸੀ ਕਿ ਚੀਨ ਨੇ ਤਿੱਬਤ ਖੇਤਰ ’ਚ ਵੱਡਾ ਨਿਰਮਾਣ ਕੀਤਾ ਹੈ ਅਤੇ ਫੌਜ ਨੂੰ 1962 ਦੇ ਯੁੱਧ ਵਰਗੀ ਸਥਿਤੀ ਤੋਂ ਬਚਣ ਲਈ ਭਾਰਤ-ਚੀਨ ਸਰਹੱਦ ਤੱਕ ਭਾਰੀ ਵਾਹਨਾਂ ਨੂੰ ਲਿਜਾਣ ਲਈ ਚੌੜੀਆਂ ਸੜਕਾਂ ਦੀ ਜ਼ਰੂਰਤ ਹੈ।


ਹਿਮਾਚਲ ਦੇ ਨੇੜੇ ਵਧ ਰਹੀ ਚੀਨ ਦੀ ਹਾਜ਼ਰੀ
ਪੂਰਬੀ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਚੀਨ ਹੁਣ ਹਿਮਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਨਾਲ ਲੱਗਦੇ ਇਲਾਕਿਆਂ ’ਚ ਲਗਾਤਾਰ ਆਪਣੀ ਫੌਜੀ ਹਾਜ਼ਰੀ ਵਧਾ ਰਿਹਾ ਹੈ। ਹਿਮਾਚਲ ’ਚ ਐੱਲ. ਏ. ਸੀ. ਨਾਲ ਲੱਗਦੇ ਕਿੰਨੌਰ ਅਤੇ ਲਾਹੌਲ ਸਪਿਤੀ ਜ਼ਿਲਿਆਂ ’ਚ ਪਿਛਲੇ ਇਕ ਸਾਲ ਤੋਂ ਸੜਕ ਨਿਰਮਾਣ, ਪੁਲ ਅਤੇ ਹੈਲੀਪੈਡ ਦੇ ਨਿਰਮਾਣ ’ਚ ਤੇਜ਼ੀ ਲਿਆਉਣ ਦੇ ਨਾਲ ਫੌਜੀ ਚੌਕੀਆਂ ਵੀ ਬਣਾਈਆਂ ਜਾ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜੇਂਦਰ ਅਰਲੇਕਰ ਨੂੰ ਸੌਂਪੀ ਗਈ ਆਪਣੀ ਰਿਪੋਰਟ ’ਚ ਸੂਬਾ ਪੁਲਸ ਨੇ ਦੋਵਾਂ ਰਿਮੋਟ ਜ਼ਿਲਿਆਂ ’ਚ ਐੱਲ. ਏ. ਸੀ. ’ਤੇ 9 ਦੱਰਿਆਂ ਦੇ ਨਾਲ ਫੌਜੀ ਟੁਕੜੀ ਅਤੇ ਬੁਨਿਆਦੀ ਢਾਂਚੇ ਦੇ ਤੇਜ਼ੀ ਨਾਲ ਨਿਰਮਾਣ ਦਾ ਹਵਾਲਾ ਦਿੱਤਾ ਹੈ। ਹਿਮਾਚਲ ਦੇ ਡੀ. ਜੀ. ਪੀ. ਸੰਜੇ ਕੁੰਡੂ ਨੇ ਕਿਹਾ ਕਿ ਬੀਤੇ ਇਕ ਸਾਲ ’ਚ ਚੀਨੀ ਫੌਜ (ਪੀ. ਐੱਲ. ਏ.) ਦੀ ਹਾਜ਼ਰੀ ਕਾਫ਼ੀ ਵਧੀ ਹੈ। ਚੀਨ ਨੇ ਹਿਮਾਚਲ ਦੇ ਬਿਲਕੁਲ ਨਾਲ ਲੱਗਦੀ ਸਰਹੱਦ ’ਤੇ ਆਪਣਾ ਬੁਨਿਆਦੀ ਢਾਂਚਾ ਅਤੇ ਸਰਵਿਲਾਂਸ ਸਮਰੱਥਾ ’ਚ ਵੀ ਸੁਧਾਰ ਕੀਤਾ ਹੈ। ਕਿੰਨੌਰ ਅਤੇ ਲਾਹੌਲ ਸਪਿਤੀ ਜ਼ਿਲੇ ਚੀਨ ਦੇ ਨਾਲ 240 ਕਿ. ਮੀ. ਦੀ ਸਰਹੱਦ ਸਾਂਝੀ ਕਰਦੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ


author

Gurdeep Singh

Content Editor

Related News