ਐਕਸ਼ਨ 'ਤੇ ਰੀਐਕਸ਼ਨ: ਚੀਨ ਨੇ ਵੀ ਲਗਾਈ ਅਮਰੀਕੀ ਲੋਕਾਂ ਦੇ ਵੀਜ਼ਾ 'ਤੇ ਪਾਬੰਦੀ

Monday, Jun 29, 2020 - 09:38 PM (IST)

ਐਕਸ਼ਨ 'ਤੇ ਰੀਐਕਸ਼ਨ: ਚੀਨ ਨੇ ਵੀ ਲਗਾਈ ਅਮਰੀਕੀ ਲੋਕਾਂ ਦੇ ਵੀਜ਼ਾ 'ਤੇ ਪਾਬੰਦੀ

ਪੇਈਚਿੰਗ(ਇੰਟ.): ਹਾਂਗਕਾਂਗ ਦੇ ਮਸਲੇ 'ਤੇ ਅਮਰੀਕਾ ਦੀ ਪ੍ਰਤੀਕਿਰਿਆ ਵਿਚ ਚੀਨ ਨੇ ਵੀ ਅਮਰੀਕਾ ਤੋਂ ਆਉਣ ਵਾਲੇ ਲੋਕਾਂ ਦੇ ਵੀਜ਼ਾ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਸ ਮੁਤਾਬਕ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਅਮਰੀਕਾ ਵਲੋਂ ਹਾਂਗਕਾਂਗ ਨਾਲ ਸਬੰਧਿਤ ਮੁੱਦਿਆਂ 'ਤੇ ਖਰਾਬ ਵਤੀਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨੀ ਲੋਕਾਂ ਦੇ ਵੀਜ਼ਾ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਅਮਰੀਕਾ ਦੇ ਫੈਸਲੇ 'ਤੇ ਚੀਨ ਨੇ ਸਖਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।

ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਹਾਂਗਕਾਂਗ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਪਾਸ ਹੋਣ ਵਿਚ ਰੁਕਾਵਟ ਪਾਉਣ ਦੀ ਅਮਰੀਕੀ ਯੋਜਨਾ ਕਦੇ ਵੀ ਸਫਲ ਨਹੀਂ ਹੋਵੇਗੀ। ਟਰੰਪ ਸਰਕਾਰ ਦੇ ਚੀਨੀ ਅਧਿਕਾਰੀਆਂ ਦੇ ਵੀਜ਼ਾ 'ਤੇ ਰੋਕ ਲਗਾਉਣ ਤੋਂ ਬਾਅਦ ਚੀਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਕਿਸੇ ਦੇ ਕੋਲ ਕੋਈ ਕਾਨੂੰਨੀ ਆਧਾਰ ਨਹੀਂ ਹੈ ਕਿ ਉਹ ਹਾਂਗਕਾਂਗ ਦੇ ਮਾਮਲਿਆਂ 'ਤੇ ਗੈਰ-ਜ਼ਿੰਮੇਦਾਰਾਨਾ ਟਿੱਪਣੀ ਕਰ ਸਕੇ।

ਕਾਨੂੰਨ ਬਣਾਉਣ ਵਾਲੀ ਕਮੇਟੀ ਦੇ ਐਤਵਾਰ ਨੂੰ ਬਿੱਲ 'ਤੇ ਚਰਚਾ ਤੋਂ ਬਾਅਦ ਚੀਨ ਹਾਂਗਕਾਂਗ ਸੁਰੱਖਿਆ ਕਾਨੂੰਨ ਪਾਸ ਕਰਨ ਦੇ ਲਈ ਤਿਆਰ ਹੈ। ਹਾਂਗਕਾਂਗ ਪਿਛਲੇ ਸਾਲ ਵਿਰੋਧ ਪ੍ਰਦਰਸ਼ਨਾਂ ਦੇ ਕਾਰਣ ਚਰਚਾ ਵਿਚ ਰਿਹਾ ਸੀ। ਪ੍ਰਦਰਸ਼ਨਕਾਰੀਆਂ ਨੇ ਸਥਾਨਕ ਸਰਕਾਰ ਨੂੰ ਵੀ ਵਧੇਰੇ ਸੁਤੰਤਰਤਾ ਦੀ ਮੰਗ ਕੀਤੀ ਹੈ, ਕਿਉਂਕਿ ਚੀਨ ਨਵਾਂ ਸੁਰੱਖਿਆ ਕਾਨੂੰਨ ਲਿਆਉਣ ਜਾ ਰਿਹਾ ਹੈ।

ਚੀਨ 'ਤੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਦੋਸ਼
ਅਮਰੀਕਾ ਨੇ ਸ਼ੁੱਕਰਵਾਰ ਨੂੰ ਚੀਨੀ ਕਮਿਊਨਿਸਟ ਪਾਰਟੀ (ਸੀ.ਸੀ.ਪੀ.) ਦੇ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਅਮਰੀਕਾ ਨੇ ਉਨ੍ਹਾਂ 'ਤੇ ਹਾਂਗਕਾਂਗ ਵਿਚ ਮਨੁੱਖੀ ਅਧਿਕਾਰਾਂ ਤੇ ਸੁਤੰਤਰਤਾ ਦੇ ਬੁਨਿਆਦੀ ਅਧਿਕਾਰਾਂ ਦੇ ਘਾਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਚੀਨ ਨੇ ਵੀ ਹਾਂਗਕਾਂਗ ਸਬੰਧੀ ਮੁੱਦਿਆਂ ਨੂੰ ਲੈ ਕੇ ਚੀਨੀ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀ ਲਗਾਉਣ ਦੇ ਅਮਰੀਕਾ ਦੇ ਫੈਸਲੇ ਦਾ ਸਖਤ ਵਿਰੋਧ ਜਤਾਇਆ ਸੀ। ਨਾਲ ਹੀ ਚੀਨ ਨੇ ਕਿਹਾ ਸੀ ਕਿ ਰਾਸ਼ਟਰੀ ਸੁਰੱਖਿਆ ਨੂੰ ਬਣਾਏ ਰੱਖਣ ਦੇ ਲਈ ਉਹ ਮਜ਼ਬੂਤ ਕਦਮ ਚੁੱਕਦਾ ਰਹੇਗਾ। ਉਥੇ ਹੀ ਕੋਰੋਨਾ ਵਾਇਰਸ ਦਾ ਵਿਸ਼ਵ ਵਿਚ ਇਨਫੈਕਸ਼ਨ ਫੈਲਣ ਤੋਂ ਬਾਅਦ ਅਮਰੀਕਾ ਤੇ ਚੀਨ ਦੇ ਰਿਸ਼ਤੇ ਖਰਾਬ ਹੋਏ ਹਨ। ਹਾਂਗਕਾਂਗ ਦੇ ਲਈ ਚੀਨ ਦੇ ਸੁਰੱਖਿਆ ਕਾਨੂੰਨ ਨੇ ਟਰੰਪ ਨੂੰ ਵਿਸ਼ੇਸ਼ ਆਰਥਿਕ ਪੈਕੇਜ ਨੂੰ ਖਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਪ੍ਰੇਰਿਤ ਕੀਤਾ, ਜਿਸ ਨੇ ਹਾਂਗਕਾਂਗ ਨੂੰ ਇਕ ਗਲੋਬਲ ਵਿੱਤੀ ਕੇਂਦਰ ਰਹਿਣ ਦੀ ਆਗਿਆ ਦਿੱਤੀ ਹੈ।


author

Baljit Singh

Content Editor

Related News