ਚੀਨ ਵੱਲੋਂ ਆਸਟ੍ਰੇਲੀਆ ਨੂੰ ਅਮਰੀਕਾ ਤੋਂ ਦੂਰ ਰਹਿਣ ਦੀ ਚਿਤਾਵਨੀ

Tuesday, May 26, 2020 - 02:09 PM (IST)

ਚੀਨ ਵੱਲੋਂ ਆਸਟ੍ਰੇਲੀਆ ਨੂੰ ਅਮਰੀਕਾ ਤੋਂ ਦੂਰ ਰਹਿਣ ਦੀ ਚਿਤਾਵਨੀ

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਕੋਵਿਡ-19 ਦੀ ਸ਼ੁਰੂਆਤੀ ਜਾਂਚ ਦੇ ਮੁੱਦੇ ‘ਤੇ ਚੀਨੀ ਸਰਕਾਰ ਨੇ ਅਮਰੀਕਾ ਨਾਲ ਵਪਾਰ ਯੁੱਧ ਦੇ ਖਤਰੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਤਣਾਅ ਦੇ ਚੱਲਦਿਆਂ ਆਸਟ੍ਰੇਲੀਆ ਨੂੰ ਅਮਰੀਕਾ ਤੋਂ ਦੂਰ ਰਹਿਣ ਦੀ ਤਲਖੀ ਨੁਮਾ ਚਿਤਾਵਨੀ ਦਿੱਤੀ ਹੈ। ਬੀਜਿੰਗ ਦਾ ਕਹਿਣਾ ਹੈ ਕਿ ਕੈਨਬਰਾ ਲਈ ਇਸ ਵਿੱਚ ਸ਼ਾਮਲ ਹੋਣਾ ਬਹੁਤ ਖਤਰਨਾਕ ਰੁਝਾਨ ਸਾਬਤ ਹੋਵੇਗਾ। ਗੌਰਤਲਬ ਹੈ ਕਿ ਚੀਨ, ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਜਦੋਂਕਿ ਅਮਰੀਕਾ ਇਕ ਮਹੱਤਵਪੂਰਨ ਰਣਨੀਤਕ ਸਹਿਯੋਗੀ ਹੈ।

ਬੀਜਿੰਗ ਅਨੁਸਾਰ ਜੇ ਟਰੰਪ ਪ੍ਰਸ਼ਾਸਨ ਦੁਨੀਆ ਨੂੰ ਇਕ ‘ਨਵੇਂ ਸ਼ੀਤ ਯੁੱਧ’ ਵਿਚ ਸੁੱਟਦਾ ਹੈ ਤਾਂ ਚੀਨ ਨੂੰ ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਵਿਰੁੱਧ ਕੂਟਨੀਤੀ ਨਾਲ਼ ਪੇਸ਼ ਆਉਣਾ ਪਵੇਗਾ। ਉਨ੍ਹਾਂ ਹੋਰ ਕਿਹਾ ਕਿ ਇਸ ਸਮੇਂ ਆਸਟ੍ਰੇਲੀਆ ਦਾ ਅਮਰੀਕਾ ਦੀ ਅਗਵਾਈ ਵਾਲ਼ੇ ਡਿਪਲੋਮੈਟਿਕ ਕਲੱਬ ਵਿਚ ਖਿਡਾਰੀ ਬਣਨਾ ਬੇਹੱਦ ਖਤਰਨਾਕ ਹੈ। ਜਿਸ ਨਾਲ਼ ਦੋਵੇਂ ਮੁਲਕਾਂ ਦੇ ਆਰਥਿਕ ਸਬੰਧਾਂ ਨੂੰ ਲਾਜ਼ਮੀ ਤੌਰ 'ਤੇ ਘਾਤਕ ਝਟਕਾ ਲੱਗੇਗਾ। ਚੀਨੀ ਸਰਕਾਰ ਵਾਰ-ਵਾਰ ਅਮਰੀਕਾ 'ਤੇ ਇਸ ‘ਨਵੇਂ ਸ਼ੀਤ ਯੁੱਧ’ ਲਈ ਦਬਾਅ ਪਾਉਣ ਦਾ ਦੋਸ਼ ਲਗਾ ਰਿਹਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਯੁੱਧ ਹੋਣ ਦੀ ਸੰਭਾਵਨਾ ਨੂੰ ਹੋਰ ਹਵਾ ਮਿਲੀ ਹੈ। 

ਚੀਨ  ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਟਰੰਪ ਪ੍ਰਸ਼ਾਸਨ ਉੱਤੇ ਦੋਸ਼ ਲਗਾਇਆ ਕਿ ਟਰੰਪ ਪ੍ਰਸ਼ਾਸਨ ਚੀਨ ਨੂੰ ਵਿਸ਼ਵਵਿਆਪੀ ਸ਼ਕਤੀ ਬਣਨ ‘ਚ ਅੜਿੱਕਾ ਬਣ ਰਿਹਾ ਹੈ ਅਤੇ ‘ਚੀਨ ਨੂੰ ਬਦਲਣ’ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਏਸ਼ੀਆ ਖਿੱਤੇ ਵਿੱਚ ਚੀਨ ਦੀ ਆਧੁਨਿਕੀਕਰਨ ਤੋਂ ਰੋਕ ਲਗਾਈ ਜਾ ਸਕੇ। ਇਸਦੇ ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਚੀਨੀ ਕਮਿਊਨਿਸਟ ਪਾਰਟੀ ਨੂੰ ਸਮੁੱਚੇ ਵਿਸ਼ਵ ਲਈ ਗੰਭੀਰ ਖਤਰਾ ਅਤੇ ਕੋਰੋਨਾ ਵਾਇਰਸ ਦੀ ਸ਼ੁਰੂਆਤੀ ਜਾਂਚ ‘ਚ ਆਨਾ ਕਾਨੀ ਲਈ ਦੋਸ਼ੀ ਗਰਦਾਨਿਆ ਹੈ। ਉੱਧਰ ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਹੁਣ ਬੀਜਿੰਗ ਤੋਂ ਉਨ੍ਹਾਂ ਨੂੰ ਮਾਰੂ ਵਾਇਰਸ ਦੇ ਸਰੋਤ ਦੀ ਜਾਂਚ ਦੀ ਸਿੱਧੀ ਮੰਗ ਕੀਤੀ ਹੈ। ਜਿਸਦੇ ਜੁਆਬ ਵਿੱਚ ਸ੍ਰੀ ਵੈਂਗ ਨੇ ਕਿਹਾ ਕਿ ਵਾਇਰਸ ਦੇ ਸਰੋਤ ਨੂੰ ਵੇਖਣ ਲਈ ਚੀਨ ਅੰਤਰਰਾਸ਼ਟਰੀ ਵਿਗਿਆਨਕ ਭਾਈਚਾਰੇ ਲਈ ਹਮੇਸ਼ਾਂ ਖੁੱਲ੍ਹਾ ਰਹੇਗਾ। ਬਸ਼ਰਤੇ ਕਿ ਜਾਂਚ ਨਿਰਪੱਖ, ਰਾਜਨੀਤਿਕ ਦਖਲਅੰਦਾਜ਼ੀ ਤੋਂ ਮੁਕਤ, ਸਮੂਹ ਦੇਸ਼ਾਂ ਦੀ ਪ੍ਰਭੂਸੱਤਾ ਦੀ ਇੱਜ਼ਤ ਕਰਨ ਲਾਇਕ ਹੋਵੇ। 

ਦੱਸਣਯੋਗ ਹੈ ਕਿ ਵਰਲਡ ਇਕਨਾਮਿਕ ਫੋਰਮ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਇੱਕ ਤਾਜ਼ਾ ਪੇਪਰ ਤੋਂ ਪਤਾ ਲੱਗਿਆ ਹੈ ਕਿ ਸਾਲ 2020 ਦੇ ਪਹਿਲੇ ਦੋ ਮਹੀਨਿਆਂ ਵਿੱਚ ਚੀਨੀ ਬਰਾਮਦ ਦੀ ਕੀਮਤ ਵਿੱਚ 17.2 ਪ੍ਰਤੀਸ਼ਤ ਦੀ ਗਿਰਾਵਟ ਅਤੇ ਦਰਾਮਦ ਵਿੱਚ 4 ਪ੍ਰਤੀਸ਼ਤ ਦੀ ਕਮੀ ਦਰਜ ਹੋਈ ਹੈ।
 


author

Lalita Mam

Content Editor

Related News