ਬਾਈਡੇਨ ਦੇ ‘ਲੋਕਤੰਤਰ ਸਿਖ਼ਰ ਸੰਮੇਲਨ’ ਨੂੰ ਲੈ ਕੇ ਚੀਨ-ਅਮਰੀਕਾ ਵਿਚਾਲੇ ਚੱਲ ਰਿਹਾ ਟਕਰਾਅ

Friday, Dec 03, 2021 - 04:11 PM (IST)

ਬੀਜਿੰਗ (ਏ. ਪੀ.) : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਆਗਾਮੀ ‘ਲੋਕਤੰਤਰ ਸਿਖ਼ਰ ਸੰਮੇਲਨ’ ਨੂੰ ਲੈ ਕੇ ਚੀਨ ਤੇ ਅਮਰੀਕਾ ਵਿਚਾਲੇ ਟਕਰਾਅ ਚੱਲ ਰਿਹਾ ਹੈ, ਜਿਸ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਪਣੇ ਅਧਿਕਾਰਵਾਦੀ ਤਰੀਕਿਆਂ ਨੂੰ ਚੁਣੌਤੀ ਦੇ ਤੌਰ ’ਤੇ ਦੇਖਦੀ ਹੈ। ਬਾਈਡੇਨ ਵੱਲੋਂ ਤਕਰੀਬਨ 110 ਹੋਰ ਸਰਕਾਰਾਂ ਨਾਲ ਦੋ ਦਿਨਾ ਡਿਜੀਟਲ ਬੈਠਕ ਦੀ ਸ਼ੁਰੂਆਤ ਤੋਂ ਪੰਜ ਦਿਨ ਪਹਿਲਾਂ ਸ਼ਨੀਵਾਰ ਨੂੰ "ਚੀਨ : ਲੋਕਤੰਤਰ ਜੋ ਕੰਮ ਕਰਦਾ ਹੈ" ਸਿਰਲੇਖ ਵਾਲੀ ਇਕ ਰਿਪੋਰਟ ਜਾਰੀ ਕਰਨ ਦੀ ਯੋਜਨਾ ਹੈ ਅਤੇ ਕਮਿਊਨਿਸਟ ਪਾਰਟੀ ਦਾ ਕਹਿਣਾ ਹੈ ਕਿ ਇਹ ਚੀਨ ਦਾ ਆਪਣਾ ਇਕ ਲੋਕਤੰਤਰ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਬੈਠਕ ’ਚ ਹਿੱਸਾ ਲੈਣ ਵਾਲੇ ਲੋਕ ਇਸ ਗੱਲ ’ਤੇ ਚਰਚਾ ਕਰਨਗੇ ਕਿ ਦੁਨੀਆ ਭਰ ’ਚ ਲੋਕਤੰਤਰ ਲਈ ਖੜ੍ਹੇ ਹੋਣ ਲਈ ਮਿਲ ਕੇ ਕਿਵੇਂ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ “ਸਾਨੂੰ ਇਸ ਲਈ ਕੋਈ ਪਛਤਾਵਾ ਨਹੀਂ ਹੋਵੇਗਾ।”

ਉਹ ਚੀਨ ਦੇ ਉਪ ਵਿਦੇਸ਼ ਮੰਤਰੀ ਲੀ ਯੁਚੇਂਗ ਦੀਆਂ ਟਿੱਪਣੀਆਂ ਦਾ ਜਵਾਬ ਦੇ ਰਹੇ ਸਨ। ਅਮਰੀਕਾ ਦਾ ਨਾਂ ਲਏ ਬਿਨਾਂ ਲੀ ਨੇ ਕਿਹਾ, ‘‘ਉਨ੍ਹਾਂ ਦਾ ਦਾਅਵਾ ਹੈ ਕਿ ਉਹ ਇਹ ਲੋਕਤੰਤਰ ਲਈ ਕਰ ਰਿਹਾ ਹੈ ਪਰ ਅਸਲ ’ਚ ਇਹ ਪੂਰੀ ਤਰ੍ਹਾਂ ਲੋਕਤੰਤਰ ਦੇ ਖ਼ਿਲਾਫ਼ ਹੈ। ਇਸ ਦਾ ਗਲੋਬਲ ਏਕਤਾ, ਸਹਿਯੋਗ ਅਤੇ ਵਿਕਾਸ ’ਤੇ ਚੰਗਾ ਪ੍ਰਭਾਵ ਨਹੀਂ ਪਵੇਗਾ।'' ਜ਼ਿਕਰਯੋਗ ਹੈ ਕਿ ਇਸ ਸੰਮੇਲਨ ਲਈ ਰੂਸ ਅਤੇ ਚੀਨ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਕਮਿਊਨਿਸਟ ਪਾਰਟੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਣਾਲੀ ਦੇਸ਼ ਦੇ ਲੋਕਾਂ ਦੀ ਸੇਵਾ ਕਰਦੀ ਹੈ ਅਤੇ ਉਸ ਨੇ ਇਸ ਲਈ ਮੱਧ-ਆਮਦਨ ਵਾਲੇ ਦੇਸ਼ ’ਚ ਤੇਜ਼ੀ ਨਾਲ ਵਿਕਾਸ ਅਤੇ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘਟਾਉਣ ’ਚ ਮਿਲੀ ਸਫਲਤਾ ਦਾ ਹਵਾਲਾ ਦਿੱਤਾ। ਅਧਿਕਾਰੀਆਂ ਨੇ ਬੰਦੂਕ ਹਿੰਸਾ ਤੋਂ ਲੈ ਕੇ ਯੂ. ਐੱਸ. ਕੈਪੀਟਲ ’ਚ ਬਗਾਵਤ ਤੱਕ ਅਮਰੀਕੀ  ਲੋਕਤੰਤਰ ਦੀਆਂ ਨਾਕਾਮੀਆਂ ਨੂੰ ਉਜਾਗਰ ਕੀਤਾ। ਅਮਰੀਕਾ ਨੇ ਆਪਣੇ ਸਿਖ਼ਰ ਸੰਮੇਲਨ ’ਚ ਤਾਈਵਾਨ ਨੂੰ ਵੀ ਸ਼ਾਮਲ ਕਰਕੇ ਚੀਨ ਨੂੰ ਨਾਰਾਜ਼ ਕਰ ਦਿੱਤਾ ਹੈ। ਚੀਨ ਇਸ ਸਵੈ-ਸ਼ਾਸਿਤ ਟਾਪੂ ਨੂੰ ਆਪਣਾ ਹਿੱਸਾ ਦੱਸਦਾ ਹੈ ਅਤੇ ਕਿਸੇ ਵੀ ਵਿਦੇਸ਼ੀ ਸਰਕਾਰ ਨਾਲ ਸੰਪਰਕ ਰੱਖਣ ’ਤੇ ਇਤਰਾਜ਼ ਕਰਦਾ ਹੈ।


Manoj

Content Editor

Related News