ਅਫਗਾਨਿਸਤਾਨ ਮੁੱਦੇ ''ਤੇ ਤੀਜੀ ਖੇਤਰੀ ਬੈਠਕ ਦੀ ਮੇਜ਼ਬਾਨੀ ਕਰੇਗਾ ਚੀਨ
Monday, Mar 28, 2022 - 04:32 PM (IST)
ਬੀਜਿੰਗ- ਅਫਗਾਨਿਸਤਾਨ ਦੇ ਮੁੱਦੇ 'ਤੇ ਚੀਨ ਨੇ ਤੀਜੀ ਖੇਤਰੀ ਬੈਠਕ ਦੀ ਮੇਜ਼ਬਾਨੀ ਕਰਨ 'ਤੇ ਸਹਿਮਤੀ ਦੇ ਦਿੱਤੀ ਹੈ। ਮਾਰਚ ਦੇ ਅਖ਼ੀਰ 'ਚ ਹੋਣ ਵਾਲੀ ਇਸ ਬੈਠਕ 'ਚ ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਵਿਦੇਸ਼ ਮੰਤਰੀ ਵਾਂਗ ਯੀ ਨੇ ਤਾਲਿਬਾਨ ਸਰਕਾਰ ਦੇ ਕਾਰਜਵਾਹਕ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁੱਤਾਕੀ ਨਾਲ ਮੁਲਾਕਾਤ ਕੀਤੀ ਸੀ।
ਚੀਨੀ ਵਿਦੇਸ਼ ਮੰਤਰਾਲਾ ਦੇ ਮੁਤਾਬਕ ਵਾਰਤਾ 'ਚ ਦੋਵੇਂ ਪੱਖਾਂ ਦਰਮਿਆਨ ਅਫਗਾਨ ਮੁੱਦੇ 'ਤੇ ਤੀਜੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਲੈ ਕੇ ਚਰਚਾ ਹੋਈ। ਇਸ ਦੌਰਾਨ ਦੋਵੇਂ ਨੇਤਾਵਾਂ ਨੇ ਮੁੱਦੇ ਨੂੰ ਲੈ ਕੇ ਵਿਚਾਰਾ ਸਾਂਝੇ ਕੀਤੇ। ਬੈਠਕ ਦੇ ਦੌਰਾਨ ਮੁੱਤਾਕੀ ਨੇ ਕਿਹਾ ਕਿ ਉਹ ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਸ਼ਾਮਲ ਹੋਣ ਨੂੰ ਲੈ ਕੇ ਉਤਸ਼ਾਹਤ ਹੈ।
ਟੋਲੋ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਇਸਲਾਮਿਕ ਅਮੀਰਾਤ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ ਕਿ ਇਹ ਸੁਭਾਵਕ ਹੈ ਕਿ ਦੇਸ਼ ਦੇ ਮਹੱਤਵਪੂਰਨ ਮੁੱਦਿਆਂ ਸਮੇਤ ਆਰਥਿਕ, ਸਿਆਸੀ ਸਬੰਧਾਂ ਤੇ ਹੋਰ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਚੀਨ 'ਚ ਹੋਣ ਵਾਲੀ ਤੀਜੀ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।