3 ਮਹੀਨਿਆਂ ''ਚ 3 ਸਕੂਲ ਬੰਦ ! ਤਿੱਬਤੀ ਸੱਭਿਆਚਾਰ ਨੂੰ ਮਿਟਾਉਣ ''ਤੇ ਉਤਾਰੂ ਹੋਈ ਚੀਨੀ ਸਰਕਾਰ
Sunday, Oct 25, 2026 - 02:45 PM (IST)
ਇੰਟਰਨੈਸ਼ਨਲ ਡੈਸਕ- ਚੀਨ ਸਰਕਾਰ ਵੱਲੋਂ ਤਿੱਬਤ ਦੇ ਕਿੰਘਾਈ ਸੂਬੇ ਦੇ ਗੋਲੋਗ ਖੇਤਰ ਵਿੱਚ ਪਿਛਲੇ 3 ਮਹੀਨਿਆਂ ਦੌਰਾਨ ਤਿੱਬਤੀ ਭਾਸ਼ਾ ਅਤੇ ਸੱਭਿਆਚਾਰ ਪੜ੍ਹਾਉਣ ਵਾਲੇ 3 ਵੱਡੇ ਸਕੂਲਾਂ ਨੂੰ ਜ਼ਬਰਦਸਤੀ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਨਾਲ ਸੈਂਕੜੇ ਤਿੱਬਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਭਵਿੱਖ ਹਨੇਰੇ 'ਚ ਧੱਕਿਆ ਗਿਆ ਹੈ।
ਮਾਹਿਰਾਂ ਦਾ ਦੋਸ਼ ਹੈ ਕਿ 1 ਜੁਲਾਈ 2026 ਤੋਂ ਲਾਗੂ ਹੋਏ 'ਨੈਸ਼ਨਲ ਐਥਨਿਕ ਯੂਨਿਟੀ ਐਂਡ ਪ੍ਰੋਗਰੈਸ ਲਾਅ' ਦੇ ਬਹਾਨੇ ਚੀਨੀ ਸਰਕਾਰ ਤਿੱਬਤੀ ਬੱਚਿਆਂ ਨੂੰ ਉਨ੍ਹਾਂ ਦੀ ਮਾਂ-ਬੋਲੀ ਅਤੇ ਵਿਰਾਸਤ ਤੋਂ ਵਾਂਝਾ ਕਰਕੇ ਸਰਕਾਰੀ ਬੋਰਡਿੰਗ ਸਕੂਲਾਂ ਰਾਹੀਂ ਉਨ੍ਹਾਂ ਦਾ 'ਚੀਨੀਕਰਨ' ਕਰ ਰਹੀ ਹੈ।
ਇਹ ਕਾਰਵਾਈ ਸਭ ਤੋਂ ਪਹਿਲਾਂ ਗਾਂਗਜੋਂਗ ਗ੍ਰਾਸਲੈਂਡ ਗਰਲਜ਼ ਸਕੂਲ 'ਚ ਕੀਤੀ ਗਈ। ਮਾਚੇਨ ਕਾਉਂਟੀ 'ਚ ਸਾਲ 2005 ਵਿੱਚ ਸਥਾਪਿਤ ਕੀਤੇ ਗਏ ਇਸ ਸਕੂਲ ਨੂੰ 28 ਅਗਸਤ 2026 ਨੂੰ ਬੰਦ ਕਰ ਦਿੱਤਾ ਗਿਆ। ਇਸ 'ਚ 450 ਦੇ ਲਗਭਗ ਵਿਦਿਆਰਥਣਾਂ ਅਤੇ 60 ਅਧਿਆਪਕ ਸਨ। ਇਹ ਸਕੂਲ ਖਾਸ ਤੌਰ 'ਤੇ ਖਾਨਾਬਦੋਸ਼ ਪਰਿਵਾਰਾਂ ਦੀਆਂ ਲੜਕੀਆਂ ਦੀ ਪੜ੍ਹਾਈ ਲਈ ਚਲਾਇਆ ਜਾਂਦਾ ਸੀ।
ਇਸ ਤੋਂ ਬਾਅਦ ਜਾਸਗ ਵਿਲੇਜ ਪ੍ਰਾਇਮਰੀ ਸਕੂਲ ਨੂੰ ਬੰਦ ਕੀਤਾ ਗਿਆ। ਇਹ ਸਕੂਲ ਸਾਲ 1995 ਵਿੱਚ ਸਥਾਨਕ ਨੋਮੈਡਿਕ ਪਰਿਵਾਰਾਂ ਦੁਆਰਾ ਆਪਸੀ ਚੰਦੇ ਨਾਲ ਸ਼ੁਰੂ ਕੀਤਾ ਗਿਆ ਸੀ। ਇਸ ਸਕੂਲ ਨੂੰ ਸਤੰਬਰ 2026 'ਚ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਬੰਦ ਕਰ ਦਿੱਤਾ ਗਿਆ।
ਇਸ ਮਗਰੋਂ ਅਕਤੂਬਰ 2026 'ਚ ਗੋਲੋਗ ਤਾਦਰਾ ਅਨਾਥ ਸਕੂਲ ਨੂੰ ਵੀ ਬੰਦ ਕਰ ਦਿੱਤਾ ਗਿਆ। ਇਹ ਸਕੂਲ 2005 ਤੋਂ ਤਿੱਬਤੀ ਅਨਾਥ ਅਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਰਿਹਾਇਸ਼, ਖਾਣਾ ਅਤੇ K-12 ਸਿੱਖਿਆ ਪ੍ਰਦਾਨ ਕਰ ਰਿਹਾ ਸੀ, ਜਿਸ ਵਿੱਚ 1,000 ਤੋਂ ਵੱਧ ਬੱਚੇ ਪੜ੍ਹਦੇ ਸਨ।
ਚੀਨੀ ਅਧਿਕਾਰੀਆਂ ਨੇ ਸਕੂਲ ਬੰਦ ਕਰਨ ਦਾ ਕਾਰਨ ਖੇਤਰ ਦੀ ਜ਼ਿਆਦਾ ਉੱਚਾਈ ਅਤੇ ਅਧਿਆਪਕਾਂ ਦੀ ਘਾਟ ਦੱਸਿਆ ਹੈ ਅਤੇ ਬੱਚਿਆਂ ਨੂੰ ਵੱਡੇ ਸਰਕਾਰੀ ਬੋਰਡਿੰਗ ਸਕੂਲਾਂ 'ਚ ਤਬਦੀਲ ਕਰਨ ਦਾ ਦਾਅਵਾ ਕੀਤਾ ਹੈ। ਉੱਥੇ ਹੀ 'ਸੈਂਟਰਲ ਤਿੱਬਤਨ ਐਡਮਿਨਿਸਟ੍ਰੇਸ਼ਨ' ਦੇ ਬੁਲਾਰੇ ਤੇਨਜ਼ਿਨ ਲੇਕਸ਼ੇ ਅਤੇ ਸੋਸ਼ਲੋਜਿਸਟ ਡਾ. ਗਿਆਲ ਲੋ ਅਨੁਸਾਰ ਚੀਨੀ ਸਰਕਾਰ ਤਿੱਬਤੀ ਸਕੂਲਾਂ ਨੂੰ ਆਪਣੀ ਸੱਤਾ ਲਈ ਖ਼ਤਰਾ ਮੰਨਦੀ ਹੈ। ਨਵੇਂ ਸਰਕਾਰੀ ਬੋਰਡਿੰਗ ਸਕੂਲਾਂ 'ਚ ਪੜ੍ਹਾਈ ਦਾ ਮੀਡੀਅਮ ਪੂਰੀ ਤਰ੍ਹਾਂ ਚੀਨੀ ਕਰ ਦਿੱਤਾ ਗਿਆ ਹੈ, ਤਾਂ ਜੋ ਅਗਲੀ ਪੀੜ੍ਹੀ ਤੋਂ ਤਿੱਬਤੀ ਭਾਸ਼ਾ ਅਤੇ ਪਛਾਣ ਨੂੰ ਪੂਰੀ ਤਰ੍ਹਾਂ ਮਿਟਾਇਆ ਜਾ ਸਕੇ।
