ਚੀਨ ਦੀ ਲਿਥੁਆਨੀਆ ਨੂੰ ਧਮਕੀ, ਕਿਹਾ-ਤਾਈਵਾਨ ਨਾਲ ਆਪਣੇ ਸਬੰਧ ਕਰੇ ਖ਼ਤਮ

Tuesday, Nov 23, 2021 - 07:36 PM (IST)

ਚੀਨ ਦੀ ਲਿਥੁਆਨੀਆ ਨੂੰ ਧਮਕੀ, ਕਿਹਾ-ਤਾਈਵਾਨ ਨਾਲ ਆਪਣੇ ਸਬੰਧ ਕਰੇ ਖ਼ਤਮ

ਬੀਜਿੰਗ : ਚੀਨ ਨੇ ਸੋਮਵਾਰ ਲਿਥੁਆਨੀਆ ਨੂੰ ਧਮਕੀ ਦਿੱਤੀ ਕਿ ਉਹ ਤਾਈਵਾਨ ਨਾਲ ਆਪਣੇ ਨਵੇਂ ਵਧੇ ਹੋਏ ਸਬੰਧਾਂ ਨੂੰ ਖ਼ਤਮ ਕਰੇ । ਇਸ ਸਬੰਧ ਕਾਰਨ ਚੀਨ ਨੂੰ ਯੂਰਪੀ ਸੰਘ ਦੇ ਇਸ ਮੈਂਬਰ ਰਾਸ਼ਟਰ ਨਾਲ ਰਾਜਦੂਤ ਪੱਧਰ ਤੋਂ ਡਿਪਲੋਮੈਟਿਕ ਸਬੰਧਾਂ ’ਚ ਕਟੌਤੀ ਕਰਨ ਲਈ ਪ੍ਰੇਰਿਤ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਲਿਥੁਆਨੀਆ ਨੂੰ ਤਾਈਵਾਨ ਦੇ ਪ੍ਰਤੀਨਿਧੀ ਦਫ਼ਤਰ ਦੇ ਨਾਮ ਨਾਲ ਬਾਲਟਿਕ ਰਾਸ਼ਟਰ ’ਚ ਇਕ ਅਸਲ ਦੂਤਘਰ ਖੋਲ੍ਹਣ ਦੀ ਆਗਿਆ ਦੇਣ ਦੀ ਆਪਣੀ ਗ਼ਲਤੀ ਨੂੰ ਤੁਰੰਤ ਸੁਧਾਰਨਾ ਚਾਹੀਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਲਿਥੁਆਨੀਆ ਨਾਲ ਸਬੰਧਾਂ ਨੂੰ ਉਪ ਰਾਜਦੂਤ ਦੇ ਪੱਧਰ ਤੱਕ ਘਟਾਉਣ ਦਾ ਐਲਾਨ ਕੀਤਾ। ਚੀਨ ਨੇ ਇਸ ਤੋਂ ਪਹਿਲਾਂ ਲਿਥੁਆਨੀਆਈ ਰਾਜਦੂਤ ਨੂੰ ਕੱਢ ਦਿੱਤਾ ਸੀ ਅਤੇ ਉਥੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਸੀ। ਝਾਓ ਨੇ ਕਿਹਾ, ‘‘ਇਹ ਸਪੱਸ਼ਟ ਹੈ ਕਿ ਲਿਥੁਆਨੀਆ ਨੂੰ ਕੁਝ ਵੱਡੀਆਂ ਸ਼ਕਤੀਆਂ ਦੁਆਰਾ ਉਕਸਾਇਆ ਗਿਆ ਪਰ ਇਹ ਫ਼ੈਸਲਾ ਲਿਥੁਆਨੀਆ ਦੇ ਆਪਣੇ ਹਿੱਤਾਂ ਦੀ ਕੀਮਤ ’ਤੇ ਲਿਆ ਗਿਆ। ਉਨ੍ਹਾਂ ਦਾ ਇਸ਼ਾਰਾ ਅਮਰੀਕਾ ਜਾਂ ਪ੍ਰਮੁੱਖ ਯੂਰਪੀਅਨ ਦੇਸ਼ਾਂ ਵੱਲ ਸੀ, ਜਿਨ੍ਹਾਂ ਨਾਲ ਚੀਨ ਦੇ ਸਬੰਧ ਹਾਲ ਹੀ ’ਚ ਵਿਗੜ ਗਏ ਹਨ। ਝਾਓ ਨੇ ਇਕ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਯੂਰਪੀ ਸੰਘ ਦੇ ਮੈਂਬਰ-ਰਾਸ਼ਟਰ (ਲਿਥੁਆਨੀਆ) ਨੂੰ ਰਾਸ਼ਟਰੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਚੀਨੀ ਲੋਕਾਂ ਦੇ ਮਜ਼ਬੂਤ ​​ਸੰਕਲਪ, ਇੱਛਾ-ਸ਼ਕਤੀ ਅਤੇ ਸਮਰੱਥਾ ਨੂੰ ਘੱਟ ਕਰਕੇ ਨਹੀਂ ਸਮਝਣਾ ਚਾਹੀਦਾ।

ਚੀਨ ਅਤੇ ਤਾਈਵਾਨ 1949 ’ਚ ਘਰੇਲੂ ਯੁੱਧ ਦੇ ਦੌਰਾਨ ਵੱਖ ਹੋ ਗਏ ਸਨ ਅਤੇ ਬੀਜਿੰਗ ਇਸ ਟਾਪੂ ਉੱਤੇ ਕਬਜ਼ਾ ਕਰਨ ਲਈ ਤਾਕਤ ਦੀ ਵਰਤੋਂ ਕਰਨ ਦੀ ਧਮਕੀ ਦਿੰਦਾ ਹੈ। ਚੀਨ ਨੇ ਤਾਈਵਾਨ ਨੂੰ ਪ੍ਰਭੂਸੱਤਾ ਸੰਪੰਨ ਦੇਸ਼ ਦੇ ਤੌਰ ’ਤੇ ਮਾਨਤਾ ਦੇਣ ਵਾਲੀਆਂ ਸਰਕਾਰਾਂ ਨਾਲ ਅਧਿਕਾਰਤ ਸਬੰਧ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਇਸ ਟਾਪੂ ਦੇ ਡਿਪਲੋਮੈਟਿਕ ਸਹਿਯੋਗੀਆਂ ਦੀ ਗਿਣਤੀ ਸਿਰਫ 15 ਤਕ ਸੀਮਤ ਕਰ ਦਿੱਤੀ ਹੈ। ਹਾਲਾਂਕਿ, ਤਾਈਵਾਨ ਨਾਲ ਵਿਆਪਕ ਗੈਰ-ਰਸਮੀ ਸਬੰਧ ਕਾਇਮ ਰੱਖਦੇ ਹੋਏ ਅਮਰੀਕਾ ਤੇ ਜਾਪਾਨ ਸਮੇਤ ਕਈ ਦੇਸ਼ਾਂ ਦੇ ਚੀਨ ਨਾਲ ਅਧਿਕਾਰਤ ਡਿਪਲੋਮੈਟਿਕ ਸਬੰਧ ਜਾਰੀ ਹਨ। ਇਸ ਦੌਰਾਨ ਲਿਥੁਆਨੀਆ ਦਾ ਕਹਿਣਾ ਹੈ ਕਿ ਉਸ ਦੀ ਤਾਈਵਾਨ ’ਚ ਆਪਣਾ ਪ੍ਰਤੀਨਿਧੀ ਦਫ਼ਤਰ ਖੋਲ੍ਹਣ ਦੀ ਯੋਜਨਾ ਹੈ। ਤਾਈਵਾਨ ’ਤੇ ਚੀਨ ਆਪਣਾ ਅਧਿਕਾਰ ਹੋਣ ਦਾ ਦਾਅਵਾ ਕਰਦਾ ਹੈ।


author

Manoj

Content Editor

Related News