ਹੁਵੇਈ ਦੀ CFO ਦੀ ਗ੍ਰਿਫਤਾਰੀ ਖਿਲਾਫ ਚੀਨ ਨੇ ਅਮਰੀਕਾ ਨੂੰ ਭੇਜੇ ਸੰਮਨ

12/10/2018 12:51:32 PM

ਟੋਰਾਂਟੋ (ਏਜੰਸੀ)— ਟਰੇਡ ਵਾਰ ਨੂੰ ਰੋਕਣ ਲਈ ਚੀਨ ਅਤੇ ਅਮਰੀਕਾ 'ਚ ਬਣੀ ਸਹਿਮਤੀ ਵਿਚਕਾਰ ਇਕ ਵਾਰ ਫਿਰ ਦੋਹਾਂ ਦੇਸ਼ਾਂ ਦੇ ਸਬੰਧ ਤਣਾਅ ਵਾਲੇ ਬਣੇ ਹੋਏ ਹਨ। ਇਹ ਤਣਾਅ ਕੈਨੇਡਾ ਦੀ ਮਸ਼ਹੂਰ ਟੈਲੀਕਾਮ ਕੰਪਨੀ ਹੁਵੇਈ ਦੇ ਸੰਸਥਾਪਕ ਦੀ ਧੀ ਅਤੇ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਮੇਂਗ ਵਾਨਝੋਊ ਨੂੰ ਗ੍ਰਿਫਤਾਰ ਕੀਤੇ ਜਾਣ ਮਗਰੋਂ ਪੈਦਾ ਹੋਇਆ। ਅਸਲ 'ਚ ਅਮਰੀਕਾ ਦੀ ਹਵਾਲਗੀ ਦੀ ਅਪੀਲ 'ਤੇ ਮੇਂਗ ਨੂੰ 1 ਦਸੰਬਰ ਤੋਂ ਕੈਨੇਡਾ ਨੇ ਹਿਰਾਸਤ 'ਚ ਰੱਖਿਆ ਹੈ। ਮੇਂਗ 'ਤੇ ਦੋਸ਼ ਹੈ ਕਿ ਉਸ ਨੇ ਈਰਾਨ 'ਤੇ ਲੱਗੀਆਂ ਅਮਰੀਕੀ ਰੋਕਾਂ ਦੇ ਨਿਯਮ ਤੋੜ ਕੇ ਉਸ ਨਾਲ ਵਪਾਰ ਕੀਤਾ।
ਹੁਣ ਮੇਂਗ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ 'ਚ ਸ਼ਨੀਵਾਰ ਨੂੰ ਚੀਨ ਨੇ ਅਮਰੀਕਾ ਦੇ ਰਾਜਦੂਤ ਟੇਰੀ ਬ੍ਰੈਨਸਟੈਡ ਨੂੰ ਸੰਮਨ ਜਾਰੀ ਕੀਤਾ ਹੈ ਅਤੇ ਇਸ ਦੇ ਨਾਲ ਹੀ ਮੰਗ ਕੀਤੀ ਹੈ ਕਿ ਉਹ ਕੈਨੇਡਾ ਤੋਂ ਮੇਂਗ ਦੀ ਹਵਾਲਗੀ ਦੀ ਅਪੀਲ ਨੂੰ ਖਾਰਜ ਕਰ ਦੇਵੇ। ਜ਼ਿਕਰਯੋਗ ਹੈ ਕਿ ਚੀਨ ਨੇ ਇਸ ਤੋਂ ਪਹਿਲਾਂ ਕੈਨੇਡਾ ਦੇ ਰਾਜਦੂਤ ਜਾਨ ਮੈਕਕੁਲਮ ਨੂੰ ਤਲਬ ਕੀਤਾ ਸੀ ਅਤੇ ਮੇਂਗ ਨੂੰ ਛੇਤੀ ਰਿਹਾਅ ਕਰਨ ਦੀ ਅਪੀਲ ਕੀਤੀ ਸੀ।
ਚੀਨੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਉਪ ਵਿਦੇਸ਼ ਮੰਤਰੀ ਲੀ ਯੁਚੇਂਗ ਨੇ ਕਿਹਾ ਕਿ ਅਮਰੀਕਾ ਨੇ ਚੀਨੀ ਨਾਗਰਿਕਾਂ ਦੇ ਸਰਕਾਰੀ ਅਧਿਕਾਰਾਂ ਅਤੇ ਹਿੱਤਾਂ ਦਾ ਗੰਭੀਰ ਰੂਪ 'ਚ ਉਲੰਘਣ ਕੀਤਾ ਹੈ। ਚੀਨੀ ਪੱਖ ਨੇ ਇਸ ਦਾ ਸਖਤ ਵਿਰੋਧ ਕੀਤਾ ਹੈ।
ਮੇਂਗ 'ਤੇ ਹੁਵੇਈ ਨੂੰ ਸਕਾਈਕਾਮ ਦਾ ਈਰਾਨ 'ਚ ਵਪਾਰ ਸ਼ੁਰੂ ਕਰਨ ਦੇ ਲੱਗੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਹੁਵੇਈ ਦੇ ਸੰਸਥਾਪਕ ਨੂੰ ਚੀਨ ਦੀ ਕਮਿਊਨਿਸਟ ਸਰਕਾਰ ਦਾ ਕਰੀਬੀ ਮੰਨਿਆ ਜਾਂਦਾ ਹੈ। ਅਮਰੀਕਾ ਲੰਬੇ ਸਮੇਂ ਤੋਂ ਹੁਵੇਈ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਮੰਨਦਾ ਆਇਆ ਹੈ। ਅਮਰੀਕਾ ਨੇ ਈਰਾਨ 'ਤੇ ਲੱਗੀਆਂ ਰੋਕਾਂ ਦਾ ਉਲੰਘਣ ਕਰਨ ਨੂੰ ਲੈ ਕੇ ਹੁਵੇਈ ਨੂੰ ਕਥਿਤ ਤੌਰ 'ਤੇ ਕਈ ਵਾਰ ਅਲਰਟ ਕੀਤਾ ਸੀ।
ਹਾਲਾਂਕਿ ਅਮਰੀਕੀ ਰਾਜਦੂਤ ਦੇ ਬੁਲਾਰੇ ਨੇ ਫਿਲਹਾਲ ਇਸ ਮਾਮਲੇ 'ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ। ਮੇਂਗ ਨੂੰ ਉਸੇ ਦਿਨ ਹਿਰਾਸਤ 'ਚ ਲਿਆ ਗਿਆ ਸੀ ਜਿਸ ਦਿਨ ਅਮਰੀਕੀ ਅਤੇ ਚੀਨੀ ਰਾਸ਼ਟਰਪਤੀ ਟਰੇਡ ਵਾਰ ਨੂੰ ਰੋਕਣ ਲਈ ਇਕੱਠੇ ਹੋਏ ਸਨ।


Related News