ਚੀਨ ਨੇ ਕੈਨੇਡੀਅਨ ਨਾਗਰਿਕ ਨੂੰ ਸੁਣਾਈ 11 ਸਾਲ ਦੀ ਸਜ਼ਾ
Wednesday, Aug 11, 2021 - 11:12 AM (IST)
ਬੀਜਿੰਗ/ਟੋਰਾਂਟੋ (ਭਾਸ਼ਾ): ਚੀਨ ਦੀ ਇਕ ਅਦਾਲਤ ਨੇ ਹੁਵੇਈ ਨਾਲ ਜੁੜੇ ਇਕ ਮਾਮਲੇ ਵਿਚ ਜਾਸੂਸੀ ਦੇ ਦੋਸ਼ਾਂ 'ਤੇ ਕੈਨੇਡੀਅਨ ਨਾਗਰਿਕ ਮਾਇਕਲ ਸਪੈਵਰ ਨੂੰ 11 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਕੈਨੇਡਾ ਸਰਕਾਰ ਵੱਲੋਂ ਚੀਨ ਦੀ ਤਕਨਾਲੋਜੀ ਖੇਤਰ ਦੀ ਕੰਪਨੀ ਦੇ ਇਕ ਕਾਰਜਕਾਰੀ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਨ ਦੇ ਬਾਅਦ 2018 ਵਿਚ ਸਪੈਵਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ।
ਬੁੱਧਵਾਰ ਨੂੰ ਆਇਆ ਇਹ ਫ਼ੈਸਲਾ ਇਸ ਗੱਲ ਦਾ ਤਾਜ਼ਾ ਸੰਕੇਤ ਹੈ ਕਿ ਚੀਨ ਕੈਨੇਡਾ 'ਤੇ ਕਿਵੇਂ ਦਬਾਅ ਵਧਾ ਰਿਹਾ ਹੈ ਜਿੱਥੇ ਇਕ ਅਦਾਲਤ ਵਿਚ ਇਹ ਫ਼ੈਸਲਾ ਆਉਣਾ ਹੈ ਕਿ ਕਾਰਜਕਾਰੀ ਅਧਿਕਾਰੀ ਮੇਂਗ ਵਾਨਝੋਊ ਨੂੰ ਅਮਰੀਕਾ ਵਿਚ ਰਸਮੀ ਦੋਸ਼ਾਂ ਦਾ ਸਾਹਮਣਾ ਕਰਨ ਲਈ ਉਹਨਾਂ ਨੂੰ ਸੌਂਪਿਆ ਜਾਵੇ ਜਾਂ ਨਹੀਂ। ਸਪੈਵਰ ਅਤੇ ਇਕ ਹੋਰ ਕੈਨੇਡੀਅਨ ਨਾਗਰਿਕ ਨੂੰ ਚੀਨ ਵਿਚ ਹਿਰਾਸਤ ਵਿਚ ਲਿਆ ਗਿਆ, ਜਿਸ ਨੂੰ ਆਲੋਚਕਾਂ ਨੇ 'ਬੰਧਕ ਬਣਾਉਣ ਦੀ ਰਾਜਨੀਤੀ' ਕਰਾਰ ਦਿੱਤਾ। ਇਹ ਕਾਰਵਾਈ ਈਰਾਨ 'ਤੇ ਵਪਾਰ ਪਾਬੰਦੀਆਂ ਦੀ ਸੰਭਾਵਿਤ ਉਲੰਘਣਾ ਦੇ ਸੰਬੰਧ ਵਿਚ 2018 ਵਿਚ ਚੀਨ ਦੇ ਕਾਰਜਕਾਰੀ ਅਧਿਕਾਰੀ ਦੀ ਗ੍ਰਿਫ਼ਤਾਰੀ ਦੇ ਬਾਅਦ ਕੀਤੀ ਗਈ।
ਪੜ੍ਹੋ ਇਹ ਅਹਿਮ ਖਬਰ - ਕੈਲੀਫੋਰਨੀਆ 'ਚ ਅੱਗ ਦਾ ਕਹਿਰ, ਨੁਕਸਾਨੀਆਂ ਗਈਆਂ ਕਰੀਬ 14,000 ਇਮਾਰਤਾਂ
ਚੀਨ ਦੀ ਇਕ ਹੋਰ ਅਦਾਲਤ ਨੇ ਮੰਗਲਵਾਰ ਨੂੰ ਇਕ ਤੀਜੇ ਕੈਨੇਡੀਅਨ ਨਾਗਰਿਕ ਦੀ ਅਪੀਲ ਵੀ ਖਾਰਿਜ ਕਰ ਦਿੱਤੀ, ਜਿਸ ਦੀ ਨਸ਼ੀਲੇ ਪਦਾਰਥ ਦੇ ਇਕ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਨੂੰ ਕਾਰਜਕਾਰੀ ਅਧਿਕਾਰੀ ਦੀ ਗ੍ਰਿਫ਼ਤਾਰੀ ਦੇ ਬਾਅਦ ਮੌਤ ਹੋਣ ਤੱਕ ਉਮਰਕੈਦ ਵਿਚ ਬਦਲ ਦਿੱਤਾ ਗਿਆ। ਬੀਜਿੰਗ ਤੋਂ 340 ਕਿਲੋਮੀਟਰ ਪੂਰਬ ਵਿਚ ਦਾਂਡੋਂਗ ਸ਼ਹਿਰ ਵਿਚ ਸੁਣਵਾਈ ਦੌਰਾਨ ਕੈਨੇਡੀਅਨ ਰਾਜਦੂਤ ਡੋਮਿਨਿਕ ਬਾਰਟਨ ਅਦਾਲਤ ਵਿਚ ਮੌਜੂਦ ਸਨ।