ਚੀਨ ਨੇ ਯੂਕ੍ਰੇਨ ਨੂੰ ਭੇਜੀ ਸਹਾਇਤਾ ਪਰ ਰੂਸ ''ਤੇ ਲਗਾਈਆਂ ਪਾਬੰਦੀਆਂ ਦੇ ਖ਼ਿਲਾਫ਼
Wednesday, Mar 09, 2022 - 04:50 PM (IST)
ਬੀਜਿੰਗ (ਏਜੰਸੀ): ਚੀਨ ਨੇ ਕਿਹਾ ਕਿ ਉਹ ਯੂਕ੍ਰੇਨ ਨੂੰ 50 ਲੱਖ ਯੂਆਨ (ਲਗਭਗ 7.91 ਲੱਖ ਡਾਲਰ) ਦੀ ਖਾਧ ਸਮੱਗਰੀ ਅਤੇ ਹੋਰ ਰੋਜ਼ਾਨਾ ਲੋੜੀਂਦੀਆਂ ਚੀਜ਼ਾਂ ਦਾ ਸਮਾਨ ਭੇਜ ਰਿਹਾ ਹੈ। ਹਾਲਾਂਕਿ ਉਸ ਨੇ ਪੂਰਬੀ ਯੂਰਪੀ ਦੇਸ਼ ਦੇ ਖ਼ਿਲਾਫ਼ ਫ਼ੌਜੀ ਕਾਰਵਾਈ ਨੂੰ ਲੈ ਕੇ ਰੂਸ 'ਤੇ ਆਰਥਿਕ ਪਾਬੰਦੀਆਂ ਲਗਾਉਣ ਦਾ ਵਿਰੋਧ ਜਾਰੀ ਰੱਖਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਹਾਇਤਾ ਦੀ ਪਹਿਲੀ ਖੇਪ ਬੁੱਧਵਾਰ ਨੂੰ ਯੂਕ੍ਰੇਨ ਨੂੰ ਸੌਂਪੀ ਗਈ ਸੀ ਅਤੇ ਬਾਕੀ ਖੇਪਾਂ ਨੂੰ "ਜਲਦੀ ਤੋਂ ਜਲਦੀ" ਭੇਜਿਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਕੀਵ 'ਚ ਏਅਰ ਅਲਰਟ ਦਾ ਐਲਾਨ, ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਨਿਰਦੇਸ਼
ਚੀਨ ਵੱਡੇ ਪੱਧਰ 'ਤੇ ਰੂਸ ਦਾ ਸਮਰਥਨ ਕਰ ਰਿਹਾ ਹੈ ਅਤੇ ਝਾਓ ਨੇ ਦੁਹਰਾਇਆ ਕਿ ਬੀਜਿੰਗ ਮਾਸਕੋ ਵਿਰੁੱਧ ਆਰਥਿਕ ਪਾਬੰਦੀਆਂ ਦਾ ਵਿਰੋਧ ਕਰਦਾ ਹੈ। ਝਾਓ ਨੇ ਰੋਜ਼ਾਨਾ ਪ੍ਰੈਸ ਕਾਨਫਰੰਸ ਨੂੰ ਦੱਸਿਆ ਕਿ ਪਾਬੰਦੀ ਦੀ ਛੜੀ ਹਮੇਸ਼ਾ ਸ਼ਾਂਤੀ ਅਤੇ ਸੁਰੱਖਿਆ ਨਹੀਂ ਲਿਆਏਗੀ ਪਰ ਸਬੰਧਤ ਦੇਸ਼ ਦੀ ਆਰਥਿਕਤਾ ਅਤੇ ਰੋਜ਼ੀ-ਰੋਟੀ ਲਈ ਗੰਭੀਰ ਮੁਸ਼ਕਲਾਂ ਪੈਦਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਚੀਨ ਅਤੇ ਰੂਸ ਆਪਸੀ ਸਨਮਾਨ, ਸਮਾਨਤਾ ਅਤੇ ਆਪਸੀ ਲਾਭ ਦੀ ਭਾਵਨਾ ਨਾਲ ਤੇਲ ਅਤੇ ਗੈਸ ਸਮੇਤ ਆਮ ਵਪਾਰਕ ਸਹਿਯੋਗ ਜਾਰੀ ਰੱਖਣਗੇ। ਚੀਨ ਨੇ ਕਿਹਾ ਕਿ ਸੰਘਰਸ਼ ਪੈਦਾ ਕਰਨ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਕਿਉਂਕਿ ਵਾਸ਼ਿੰਗਟਨ ਨਾਟੋ ਦੇ ਵਿਸਤਾਰ ਕਾਰਨ ਰੂਸ ਦੀ "ਜਾਇਜ਼" ਸੁਰੱਖਿਆ ਚਿੰਤਾ 'ਤੇ ਕਾਫ਼ੀ ਧਿਆਨ ਦੇਣ ਵਿੱਚ ਅਸਫਲ ਰਿਹਾ।