ਕੋਵਿਡ: ਬੀਜਿੰਗ 'ਚ 20 ਲੱਖ ਲੋਕਾਂ ਦੀ ਕੋਰੋਨਾ ਜਾਂਚ, 1 ਮਹੀਨੇ ਬਾਅਦ ਚੀਨ ਦੇ ਸ਼ਿਆਨ ਤੋਂ ਹਟਾਈ ਗਈ ਤਾਲਾਬੰਦੀ
Monday, Jan 24, 2022 - 02:15 PM (IST)
ਬੀਜਿੰਗ (ਭਾਸ਼ਾ) : ਵਿੰਟਰ ਓਲੰਪਿਕ ਤੋਂ ਪਹਿਲਾਂ ਚੀਨੀ ਸਰਕਾਰ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਵਧਦੇ ਪ੍ਰਕੋਪ ਦੇ ਕਾਰਨ ਸ਼ਿਆਨ ਸ਼ਹਿਰ ਵਿਚ ਲਗਭਗ 1 ਮਹੀਨੇ ਤੋਂ ਜਾਰੀ ਤਾਲਾਬੰਦੀ ਨੂੰ ਹਟਾ ਦਿੱਤਾ ਹੈ। ਸ਼ਹਿਰ ਦੀ ਆਬਾਦੀ ਲਗਭਗ 1.3 ਕਰੋੜ ਹੈ। ਇਸ ਦੌਰਾਨ, ਬੀਜਿੰਗ ਦੇ ਇਕ ਜ਼ਿਲ੍ਹੇ ਵਿਚ ਕਰੀਬ 20 ਲੱਖ ਲੋਕਾਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ। ਸਰਕਾਰ ਨੇ ਫੇਂਗਤਾਈ ਜ਼ਿਲ੍ਹੇ ਅਤੇ 14 ਹੋਰ ਥਾਵਾਂ 'ਤੇ ਲਾਗ ਦੇ 25 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਜਿੰਗ ਦੇ ਉੱਚ ਜੋਖ਼ਮ ਵਾਲੇ ਖੇਤਰਾਂ ਦੇ ਲੋਕਾਂ ਨੂੰ ਸ਼ਹਿਰ ਨਾ ਛੱਡਣ ਲਈ ਕਿਹਾ ਹੈ। ਫੇਂਗਤਾਈ ਦੇ ਲੋਕ ਕੜਾਕੇ ਦੀ ਠੰਡ ਵਿਚ ਜਾਂਚ ਲਈ ਬਰਫ਼ ਨਾਲ ਢੱਕੇ ਫੁੱਟਪਾਥਾਂ 'ਤੇ ਕਤਾਰਾਂ ਵਿਚ ਖੜ੍ਹੇ ਦੇਖੇ ਗਏ।
ਇਹ ਵੀ ਪੜ੍ਹੋ: ਕਿਸੇ ਹੋਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ ਮਾਸੂਮ ਬੱਚੀ ਦੇ ਸਿਰ 'ਚ ਵੱਜੀ ਗੋਲ਼ੀ, ਮੌਤ
ਚੀਨ ਵਿਚ ਸਰਦ ਰੁੱਤ ਓਲੰਪਿਕ ਖੇਡਾਂ ਸਖ਼ਤ ਦਿਸ਼ਾ-ਨਿਰਦੇਸ਼ਾਂ ਦੇ ਵਿਚਕਾਰ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਅਥਲੀਟਾਂ, ਕਰਮਚਾਰੀਆਂ, ਪੱਤਰਕਾਰਾਂ ਅਤੇ ਅਧਿਕਾਰੀਆਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਜਾਵੇਗਾ। ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਐਂਟੀ-ਕੋਵਿਡ-19 ਵੈਕਸੀਨ ਲੈਣਾ ਜਾਂ ਚੀਨ ਪਹੁੰਚਣ ਤੋਂ ਬਾਅਦ ਇਕ ਨਿਸ਼ਚਿਤ ਸਮੇਂ ਲਈ ਆਈਸੋਲੇਸ਼ਨ ਵਿਚ ਰਹਿਣਾ ਲਾਜ਼ਮੀ ਹੈ। ਸ਼ਿਆਨ ਸਰਕਾਰ ਨੇ ਸੋਮਵਾਰ ਨੂੰ ਤਾਲਾਬੰਦੀ ਖ਼ਤਮ ਕਰਨ ਦਾ ਐਲਾਨ ਕੀਤਾ। ਇਕ ਦਿਨ ਪਹਿਲਾਂ ਹੀ ਸ਼ਹਿਰ ਤੋਂ ਵਪਾਰਕ ਉਡਾਣਾਂ ਮੁੜ ਸ਼ੁਰੂ ਕੀਤੀਆਂ ਗਈਆਂ ਸਨ। ਸ਼ਿਆਨ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਕੋਵਿਡ-19 ਦੇ ਸਬੰਧ ਵਿਚ “ਜ਼ੀਰੋ ਟਾਲਰੈਂਸ” ਦੀ ਰਣਨੀਤੀ ਅਪਣਾਈ ਸੀ। ਇਸ ਦੇ ਤਹਿਤ, ਇਕ ਵੀ ਮਾਮਲਾ ਆਉਣ 'ਤੇ ਤਾਲਾਬੰਦੀ, ਯਾਤਰਾ ਪਾਬੰਦੀਆਂ ਅਤੇ ਸਮੂਹਿਕ ਜਾਂਚ ਲਾਜ਼ਮੀ ਹੁੰਦੀ ਹੈ।
ਇਹ ਵੀ ਪੜ੍ਹੋ:ਆਬੂਧਾਬੀ ਹਵਾਈ ਅੱਡੇ 'ਤੇ ਹਮਲੇ ਤੋਂ ਬਾਅਦ UAE ਦਾ ਵੱਡਾ ਫ਼ੈਸਲਾ, ਡਰੋਨ ਦੀ ਵਰਤੋਂ ’ਤੇ ਲਾਈ ਪਾਬੰਦੀ
ਸ਼ਿਆਨ ਬੀਜਿੰਗ ਤੋਂ ਲਗਭਗ ਇਕ ਹਜ਼ਾਰ ਕਿਲੋਮੀਟਰ (600 ਮੀਲ) ਦੱਖਣ-ਪੱਛਮ ਵਿਚ ਸਥਿਤ ਹੈ, ਜਿੱਥੇ 4 ਫਰਵਰੀ ਨੂੰ ਸਰਦ ਰੁੱਤ ਓਲੰਪਿਕ ਖੇਡਾਂ ਸ਼ੁਰੂ ਹੋਣੀਆਂ ਹਨ। ਕੋਰੋਨਾ ਵਾਇਰਸ ਦੇ 'ਡੈਲਟਾ' ਰੂਪ ਦੇ ਫੈਲਣ ਤੋਂ ਬਾਅਦ 22 ਦਸੰਬਰ ਤੋਂ ਸ਼ਹਿਰ ਵਿਚ ਦਾਖਲਾ ਮੁਅੱਤਲ ਕਰ ਦਿੱਤਾ ਗਿਆ ਸੀ। ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਸੋਮਵਾਰ ਨੂੰ ਚੀਨ ਵਿਚ ਸਥਾਨਕ ਤੌਰ 'ਤੇ ਕੋਵਿਡ -19 ਦੇ ਸਿਰਫ 18 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਛੇ ਮਾਮਲੇ ਬੀਜਿੰਗ ਵਿਚ ਆਏ। ਦੇਸ਼ ਵਿਚ ਇਸ ਸਮੇਂ 2,754 ਲੋਕ ਇਲਾਜ ਅਧੀਨ ਹਨ। ਚੀਨ ਵਿਚ ਕੋਵਿਡ-19 ਦੇ ਹੁਣ ਤੱਕ 1,05,660 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨਫੈਕਸ਼ਨ ਕਾਰਨ 4,636 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਕਰਮਣ ਦੇ ਮਾਮਲਿਆਂ ਵਿਚ ਕਮੀ ਦੇ ਬਾਵਜੂਦ ਵੀ ਓਲੰਪਿਕ ਦੇ ਮੱਦੇਨਜ਼ਰ ਉਪਾਅ ਸਖ਼ਤ ਕੀਤੇ ਗਏ ਹਨ, ਜਿੱਥੇ ਮੁਕਾਬਲੇ ਲਈ ਬੀਜਿੰਗ ਆਉਣ ਵਾਲੇ ਹਰ ਵਿਅਕਤੀ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਬੈਲਜੀਅਮ ’ਚ ਕੋਰੋਨਾ ਪਾਬੰਦੀਆਂ ਖ਼ਿਲਾਫ਼ ਸੜਕਾਂ ’ਤੇ ਉਤਰੇ 50,000 ਪ੍ਰਦਰਸ਼ਨਕਾਰੀ, 70 ਗ੍ਰਿਫ਼ਤਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।