ਚੀਨ ''ਚ ਮੁੜ ਕੋਰੋਨਾ ਦੀ ਸ਼ੁਰੂਆਤ, 24 ਘੰਟਿਆਂ ''ਚ 78 ਨਵੇਂ ਮਾਮਲੇ ਆਏ ਸਾਹਮਣੇ
Tuesday, Mar 24, 2020 - 12:17 PM (IST)
ਬੀਜਿੰਗ- ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 78 ਨਵੇਂ ਮਾਮਲੇ ਸਾਹਣੇ ਆਏ ਹਨ, ਜਿਹਨਾਂ ਵਿਚੋਂ 74 ਅਜਿਹੇ ਹਨ ਜੋ ਵਿਦੇਸ਼ਾਂ ਵਿਚ ਇਨਫੈਕਸ਼ਨ ਲੈ ਕੇ ਆਏ ਹਨ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਵਿਡ-19 ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 3,277 ਹੋ ਗਈ ਹੈ।
ਰਾਸ਼ਟਰੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਦੱਸਿਆ ਕਿ ਚੀਨ ਵਿਚ ਸੋਮਵਾਰ ਤੱਕ 81,171 ਲੋਕ ਇਨਫੈਕਟਡ ਸਨ। ਇਹਨਾਂ ਵਿਚ ਬੀਮਾਰੀ ਕਾਰਨ ਮਰਨ ਵਾਲੇ 3,277 ਲੋਕ, ਅਜੇ ਵੀ ਇਲਾਜ ਕਰਵਾ ਰਹੇ 4,735 ਮਰੀਜ਼ ਤੇ ਸਿਹਤ ਵਿਚ ਸੁਧਾਰ ਤੋਂ ਬਾਅਦ ਹਸਪਤਾਲ ਤੋਂ ਘਰ ਪਰਤਣ ਵਾਲੇ 73,159 ਮਰੀਜ਼ ਸ਼ਾਮਲ ਹਨ। ਕਮਿਸ਼ਨ ਨੇ ਦੱਸਿਆ ਕਿ ਸੋਮਵਾਰ ਨੂੰ ਚੀਨ ਵਿਚ 78 ਨਵੇਂ ਮਾਮਲੇ ਸਾਹਮਣੇ ਆਏ, ਜਿਹਨਾਂ ਵਿਚੋਂ 74 ਵਿਦੇਸ਼ਾਂ ਤੋਂ ਇਨਫੈਕਸ਼ਨ ਲੈ ਕੇ ਆਏ ਸਨ। ਅਜਿਹੇ ਮਾਮਲਿਆਂ ਦੀ ਗਿਣਤੀ ਹੁਣ 427 ਹੋ ਗਈ ਹੈ। ਇਸ ਤੋਂ ਇਲਾਵਾ ਸੋਮਵਾਰ ਨੂੰ 7 ਲੋਕਾਂ ਦੀ ਮੌਤ ਤੇ 35 ਨਵੇਂ ਮਾਮਲੇ ਸਾਹਮਣੇ ਆਏ। ਇਹ 7 ਮੌਤਾਂ ਹੁਬੇਈ ਵਿਚ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਬੀਜਿੰਗ ਨੇ ਪਹਿਲਾਂ ਹੀ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਬਦਲ ਕੇ ਵੱਖ-ਵੱਖ ਸ਼ਹਿਰਾਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਹੈ, ਜਿਥੇ ਸ਼ਹਿਰ ਵਿਚ ਆਉਣ ਤੋਂ ਪਹਿਲਾਂ ਯਾਤਰੀਆਂ ਨੂੰ 14 ਦਿਨਾਂ ਤੱਕ ਵੱਖਰਾ ਰੱਖਿਆ ਜਾਵੇਗਾ। ਕਮਿਸ਼ਨ ਨੇ ਕਿਹਾ ਕਿ 132 ਲੋਕਾਂ ਵਿਚ ਅਜੇ ਵੀ ਇਨਫੈਕਸ਼ਨ ਦਾ ਸ਼ੱਕ ਹੈ। ਇਸ ਤੋਂ ਇਲਾਵਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ 'ਤੇ ਨਜ਼ਰ ਰੱਖਣ ਵਾਲੀ ਪ੍ਰਧਾਨ ਮੰਤਰੀ ਲੀ ਕਵਿੰਗ ਦੀ ਪ੍ਰਧਾਨਗੀ ਵਾਲੇ ਸੈਂਟਰਲ ਲੀਡਿੰਗ ਗਰੁੱਪ ਨੇ ਕਿਹਾ ਕਿ ਵੁਹਾਨ ਸਣੇ ਪੂਰੇ ਦੇਸ਼ ਵਿਚ ਵਾਇਰਸ ਦੇ ਪ੍ਰਸਾਰ 'ਤੇ ਕੰਟਰੋਲ ਕਰ ਲਿਆ ਗਿਆ ਹੈ।
ਇਕ ਅਧਿਕਾਰਿਤ ਬਿਆਨ ਵਿਚ ਸੋਮਵਾਰ ਨੂੰ ਦੱਸਿਆ ਗਿਆ ਕਿ ਬੈਠਕ ਵਿਚ ਦੇਸ਼ ਭਰ ਵਿਚ ਵਾਇਰਸ ਦੇ ਪ੍ਰਸਾਰ ਨੂੰ ਰੋਕ ਲਿਆ ਗਿਆ ਹੈ। ਹਾਲਾਂਕਿ ਬੈਠਕ ਵਿਚ ਸਾਵਧਾਨ ਕੀਤਾ ਗਿਆ ਹੈ ਕਿ ਇਨਫੈਕਸ਼ਨ ਦੇ ਕੁਝ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਹਨ ਤੇ ਇਸ ਵਾਇਰਸ ਦਾ ਖਤਰਾ ਅਜੇ ਘੱਟ ਨਹੀਂ ਹੋਇਆ ਹੈ। ਦੁਨੀਆ ਭਰ ਵਿਚ ਗਲੋਬਲ ਮਹਾਮਾਰੀ ਦਾ ਕਹਿਰ ਜਾਰੀ ਰਹਿਣ ਦੇ ਵਿਚਾਲੇ ਹਾਲਾਤ ਅਜੇ ਵੀ ਜਟਿਲ ਤੇ ਚੁਣੌਤੀਪੂਰਨ ਬਣੇ ਹੋਏ ਹਨ।