ਮਨੁੱਖੀ ਤਸਕਰੀ ’ਤੇ ਅਮਰੀਕਾ ਦੀ ਆਲੋਚਨਾ ਨੂੰ ਚੀਨ ਨੇ ਕੀਤਾ ਖ਼ਾਰਜ
Monday, Jul 05, 2021 - 01:08 PM (IST)
ਬੀਜਿੰਗ (ਏਜੰਸੀ) : ਚੀਨ ਨੇ ਮਨੁੱਖੀ ਤਸਕਰੀ ਰੋਕਣ ਵਿਚ ਕਥਿਤ ਤੌਰ ’ਤੇ ਅਸਫ਼ਲ ਰਹਿਣ ਦੇ ਸਬੰਧ ਵਿਚ ਅਮਰੀਕਾ ਦੀ ਆਲੋਚਨਾ ਨੂੰ ਸ਼ੁੱਕਰਵਾਰ ਨੂੰ ਖ਼ਾਰਜ ਕਰ ਦਿੱਤਾ। ਉਸ ਨੇ ਕਿਹਾ ਕਿ ਨਸਲੀ ਭੇਦਭਾਵ ਦਾ ਇਤਿਹਾਸ ਰੱਖਣ ਵਾਲੇ ਅਮਰੀਕਾ ਨੂੰ ਆਲੋਚਨਾ ਕਰਨ ਦਾ ਕੋਈ ਅਧਿਕਾਰੀ ਨਹੀਂ ਹੈ। ਅਮਰੀਕਾ ਨੇ ਮਨੁੱਖੀ ਤਸਕਰੀ ਨੂੰ ਲੈ ਕੇ ਚੀਨ ਸਮੇਤ 17 ਸਰਕਾਰਾਂ ’ਤੇ ਪਾਬੰਦੀ ਲਗਾਉਣ ਦੀ ਵੀਰਵਾਰ ਨੂੰ ਚਿਤਾਵਨੀ ਦਿੱਤੀ ਸੀ। ਇਨ੍ਹਾਂ ਦੇਸ਼ਾਂ ਵਿਚ ਮੇਲਸ਼ੀਆ, ਰੂਸ ਅਤੇ ਨਿਕਾਰਾਗੁਆ ਵੀ ਸ਼ਾਮਲ ਹਨ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ, ‘ਝੂਠ ਅਤੇ ਅਫ਼ਵਾਹਾਂ ਦੇ ਆਧਾਰ ’ਤੇ ਚੀਨ ਖ਼ਿਲਾਫ਼ ਅਮਰੀਕਾ ਦੇ ਬੇਬੁਨਿਆਦ ਦੋਸ਼ਾਂ ਦਾ ਅਸੀਂ ਵਿਰੋਧ ਕਰਦੇ ਹਾਂ।’ ਉਨ੍ਹਾਂ ਨੇ ਅਮਰੀਕਾ ’ਤੇ ਚੀਨ ਨੂੰ ਬਦਨਾਮ ਕਰਨ ਅਤੇ ਉਸ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਦਾ ਦੋਸ਼ ਲਗਾਇਆ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਚੀਨ ਨੂੰ ‘ਸ਼੍ਰੇਣੀ-3’ ਦੀਆਂ ਸਰਕਾਰਾਂ ਦੀ ਸੂਚੀ ਵਿਚ ਰੱਖਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਚੀਨ ਦੀ ਸਰਕਾਰ ਤਸਕਰੀ ਰੋਕਣ ਦੇ ਮਾਪਦੰਡਾਂ ਨੂੰ ਵੀ ਪੂਰਾ ਕਰਨ ਵਿਚ ਨਾਕਾਮ ਰਹੀ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਦਾ ਦੋਸ਼: ਹਾਫਿਜ਼ ਸਈਦ ਦੇ ਘਰ ਦੇ ਬਾਹਰ ਹੋਏ ਧਮਾਕੇ ਪਿੱਛੇ ਭਾਰਤ ਦੇ ਰਾਅ ਏਜੰਟ ਦਾ ਹੱਥ
ਵਿਭਾਗ ਦਾ ਕਹਿਣਾ ਹੈ ਕਿ ਦੁਨੀਆ ਭਰ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਕਰੀਬ 2.5 ਕਰੋੜ ਲੋਕ ਤਸਕਰੀ ਦੇੇ ਸ਼ਿਕਾਰ ਹੁੰਦੇ ਹਨ। ਵਾਂਗ ਨੇ ਕਿਹਾ ਕਿ ਅਮਰੀਕਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਦੀ ਸਥਿਤੀ ਵਿਚ ਨਹੀਂ ਹੈ। ਉਨ੍ਹਾਂ ਨੇ ਉਦਾਹਰਣ ਦਿੱਤੀ ਕਿ ਅਮਰੀਕਾ ਨੇ ਕਿਵੇਂ ਗੈਰ ਗੌਰਿਆਂ ਅਤੇ ਅਮਰੀਕੀ ਭਾਰਤੀਆਂ ਨਾਲ ਦੁਰਵਿਵਹਾਰ ਕੀਤਾ। ਵਾਂਗ ਨੇ ਕਿਹਾ, ‘ਅਮਰੀਕਾ ਨੂੰ ਨਸਲਕੁਸ਼ੀ, ਨਸਲੀ ਵਿਤਕਰੇ ਅਤੇ ਜ਼ਬਰੀ ਕਿਰਤ ਵਰਗੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ।’
ਇਹ ਵੀ ਪੜ੍ਹੋ: ਅਮਰੀਕਾ-ਕੈਨੇਡਾ ਝੱਲ ਰਹੇ ਹਨ ਗਰਮੀ ਦੀ ਮਾਰ, ਓਰੇਗਨ ’ਚ ਲੂ ਨਾਲ 95 ਲੋਕਾਂ ਦੀ ਮੌਤ
ਰਿਪੋਰਟ ਮੁਤਾਬਕ ਸ਼੍ਰੇਣੀ-3 ਦੀਆਂ ਸਰਕਾਰਾਂ ਦੀ ਸੂਚੀ ਵਿਚ ਅਫਗਾਨਿਸਤਾਨ, ਅਲਜੀਰੀਆ, ਚੀਨ, ਕੋਮੋਰੋਸ, ਕਿਊਬਾ, ਈਰੀਟ੍ਰਿਆ, ਗਿਨੀ-ਬਿਸਾਊ, ਈਰਾਨ, ਮਲੇਸ਼ੀਆ, ਮਿਆਂਮਾ, ਨਿਕਾਰਾਗੁਆ, ਉਤਰੀ ਕੋਰੀਆ, ਰੂਸ, ਦੱਖਣੀ ਸੂਡਾਨ, ਸੀਰੀਆ, ਤੁਰਕਮੇਨੀਸਤਾਨ ਅਤੇ ਵੈਨਜ਼ੁਏਲਾ ਸ਼ਾਮਲ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।