ਚੀਨ ''ਚ ਮੀਂਹ ਨੇ ਤੋੜਿਆ 140 ਸਾਲਾਂ ਦਾ ਰਿਕਾਰਡ, ਭਿਆਨਕ ਹੜ੍ਹ ''ਚ 21 ਲੋਕਾਂ ਦੀ ਮੌਤ (ਤਸਵੀਰਾਂ)

Thursday, Aug 03, 2023 - 10:17 AM (IST)

ਚੀਨ ''ਚ ਮੀਂਹ ਨੇ ਤੋੜਿਆ 140 ਸਾਲਾਂ ਦਾ ਰਿਕਾਰਡ, ਭਿਆਨਕ ਹੜ੍ਹ ''ਚ 21 ਲੋਕਾਂ ਦੀ ਮੌਤ (ਤਸਵੀਰਾਂ)

ਝੂਝੋਊ (ਏਜੰਸੀ): ਚੀਨ ਦੀ ਰਾਜਧਾਨੀ ਵਿੱਚ ਤੂਫਾਨ ‘ਡੌਕਸਰੀ’ ਕਾਰਨ ਮੀਂਹ ਨੇ ਘੱਟੋ-ਘੱਟ 140 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਤੇਜ਼ ਮੀਂਹ ਨੇ ਸੜਕਾਂ ਨੂੰ ਨਹਿਰਾਂ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਮੀਂਹ ਨਾਲ ਸਬੰਧਤ ਹਾਦਸਿਆਂ ਵਿੱਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਥਾਨਕ ਸਰਕਾਰਾਂ ਨੂੰ ਲੋਕਾਂ ਨੂੰ ਬਚਾਉਣ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਹੁਕਮ ਦਿੱਤਾ ਹੈ।ਬੀਜਿੰਗ ਮੌਸਮ ਵਿਗਿਆਨ ਬਿਊਰੋ ਨੇ ਬੁੱਧਵਾਰ ਨੂੰ ਕਿਹਾ ਕਿ ਸ਼ਹਿਰ ਵਿੱਚ ਸ਼ਨੀਵਾਰ ਤੋਂ ਬੁੱਧਵਾਰ ਸਵੇਰ ਤੱਕ 744.8 ਮਿਲੀਮੀਟਰ (29.3 ਇੰਚ) ਮੀਂਹ ਦਰਜ ਕੀਤਾ ਗਿਆ। ਬੀਜਿੰਗ ਅਤੇ ਇਸ ਦੇ ਗੁਆਂਢੀ ਹੇਬੇਈ ਸੂਬੇ ਵਿਚ ਰਿਕਾਰਡ ਮੀਂਹ ਕਾਰਨ ਹੜ੍ਹ ਆ ਗਿਆ, ਜਿਸ ਨਾਲ ਪਾਣੀ ਖਤਰਨਾਕ ਪੱਧਰ ਤੱਕ ਵਧ ਗਿਆ ਹੈ। 

PunjabKesari

ਮੀਂਹ ਨੇ ਸੜਕਾਂ ਨੂੰ ਤਬਾਹ ਕਰ ਦਿੱਤਾ ਹੈ, ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਅਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। ਰਾਜਧਾਨੀ ਦੇ ਆਲੇ-ਦੁਆਲੇ ਨਦੀਆਂ ਦੇ ਹੜ੍ਹ ਕਾਰਨ ਕਾਰਾਂ ਦੇ ਅੰਦਰ ਪਾਣੀ ਦਾਖਲ ਹੋ ਗਿਆ ਹੈ। ਬੁੱਧਵਾਰ ਨੂੰ ਇੱਕ ਬਚਾਅ ਕਰਮਚਾਰੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਬੀਜਿੰਗ ਦੇ ਆਸ-ਪਾਸ ਭਾਰੀ ਮੀਂਹ ਵਿੱਚ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ। ਇਸ ਤੋਂ ਇਲਾਵਾ ਘੱਟੋ-ਘੱਟ 26 ਲੋਕ ਲਾਪਤਾ ਹਨ। ਬੀਜਿੰਗ ਦੇ ਦੱਖਣ-ਪੱਛਮ ਦੀ ਸਰਹੱਦ ਨਾਲ ਲੱਗਦੇ ਹੇਬੇਈ ਪ੍ਰਾਂਤ ਦੇ ਛੋਟੇ ਜਿਹੇ ਸ਼ਹਿਰ ਝੂਝੂ ਵਿੱਚ ਮੀਂਹ ਨੇ ਸਭ ਤੋਂ ਵੱਧ ਤਬਾਹੀ ਮਚਾਈ। ਵੈਂਗ ਹੁਇੰਗ (54) ਨਾਂ ਦੇ ਸਥਾਨਕ ਨਿਵਾਸੀ ਨੇ ਕਿਹਾ ਕਿ ''ਮੈਂ ਨਹੀਂ ਸੋਚਿਆ ਸੀ ਕਿ ਸਥਿਤੀ ਇੰਨੀ ਗੰਭੀਰ ਹੋ ਜਾਵੇਗੀ।” ਪਹਿਲੀ ਮੰਜ਼ਿਲ ਵਿਚ ਪਾਣੀ ਦਾਖਲ ਹੋਣ ਕਾਰਨ ਵੈਂਗ ਨੂੰ ਆਪਣੇ ਘਰ ਦੀ ਤੀਜੀ ਮੰਜ਼ਿਲ 'ਤੇ ਰਾਤ ਕੱਟਣੀ ਪਈ। 

1998 ’ਚ ਮਚੀ ਸੀ ਚੀਨ ’ਚ ਤਬਾਹੀ

PunjabKesari

ਚੀਨ ਨੂੰ ਅਾਧੁਨਿਕ ਸਮੇਂ ਦਾ ਸਭ ਤੋਂ ਘਾਤਕ ਹੜ੍ਹ ਦਾ ਸਾਹਮਣਾ 1998 ਦੀਅਾਂ ਗਰਮੀਅਾਂ ਵਿਚ ਕਰਨਾ ਪਿਅਾ ਸੀ, ਜਦੋਂ ਯਾਂਗਤਜੀ ਨਦੀ ਅਤੇ ਉੱਤਰ-ਪੂਰਬ ਵਿਚ ਹੋਰ ਜਲ ਮਾਰਗਾਂ ਦੇ ਕੰਢੇ ਹੜ੍ਹ ਨਾਲ 4,000 ਤੋਂ ਵੱਧ ਲੋਕ ਮਾਰੇ ਗਏ ਅਤੇ ਅੰਦਾਜ਼ਨ ਡੇਢ ਕਰੋੜ ਲੋਕ ਬੇਘਰ ਹੋ ਗਏ ਸਨ। 2021 ਵਿਚ ਝੇਂਗਝੌ ਸ਼ਹਿਰ ਅਤੇ ਨੇੜੇ-ਤੇੜੇ ਦੇ ਸੂਬੇ ਹੇਨਾਨ ਵਿਚ ਹੜ੍ਹ ਅਾਉਣ ਨਾਲ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

ਬਚਾਅ ਕੰਮਾਂ ’ਚ ਲੱਗੇ 563 ਰਾਹਤ ਕਰਮਚਾਰੀ

ਗਲੋਬਲ ਟਾਈਮਜ਼ ਨੇ ਚੀਨੀ ਨਾਗਰਿਕ ਬਚਾਅ ਟੀਮ, ਪੇਈਚਿੰਗ ਬਲਿਊ ਸਕਾਈ ਰੈਸਕਿਊ ਟੀਮ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਪੇਈਚਿੰਗ ਵਿਚ ਬਚਾਅ ਯਤਨਾਂ ਲਈ 563 ਬਚਾਅ ਟੀਮਾਂ ਅਤੇ 263 ਵਾਹਨ ਭੇਜੇ ਗਏ ਹਨ। ਟੀਮ ਨੇ 1,680 ਤੋਂ ਵੱਧ ਫਸੇ ਹੋਏ ਲੋਕਾਂ ਅਤੇ 22 ਫਸੇ ਹੋਏ ਵਾਹਨਾਂ ਨੂੰ ਬਾਹਰ ਕੱਢਿਅਾ ਹੈ ਅਤੇ ਫਾਂਗਸ਼ਾਨ ਤੇ ਮੇਂਟੌਗੌ ਜ਼ਿਲਿਆਂ ਵਿਚ 210 ਤੋਂ ਵੱਧ ਲੋਕਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾਇਅਾ ਹੈ।

ਕਮਿਊਨਿਸਟ ਪਾਰਟੀ ਦੀ ਫੌਜ ਉਤਰੀ

ਪੇਈਚਿੰਗ ਵਿਚ ਜ਼ਰੂਰੀ ਸਪਲਾਈ ਪਹੁੰਚਾਉਣ ਅਤੇ ਫਸੇ ਹੋਏ ਨਿਵਾਸੀਅਾਂ ਨੂੰ ਸੁਰੱਖਿਅਤ ਜਗ੍ਹਾ ’ਤੇ ਪਹੁੰਚਾਉਣ ਲਈ ਪੀਪਲਜ਼ ਲਿਬਰੇਸ਼ਨ ਅਾਰਮੀ ਦੇ ਹੈਲੀਕਾਪਟਰਾਂ ਨੂੰ ਨਿਯੋਜਿਤ ਕਰ ਕੇ ਅਾਫਤ ਰਾਹਤ ਯਤਨਾਂ ਨੂੰ ਤੇਜ਼ ਕਰ ਰਿਹਾ ਹੈ। ਨਾਲ ਹੀ ਪੇਈਚਿੰਗ, ਤਿਅਾਨਜਿਨ ਅਤੇ ਹੇਬੇਈ ਵਿਚ ਜਲ ਸੋਮਿਅਾਂ ਦੇ ਵਿਭਾਗਾਂ ਨੇ ਹੜ੍ਹ ਕੰਟਰੋਲ ਨੂੰ ਲਾਗੂ ਕਰਨ, ਹੜ੍ਹ ਦੇ ਪਾਣੀ ਦੇ ਡਿਸਚਾਰਜ ਵਰਗੇ ਉਪਾਵਾਂ ਨੂੰ ਅਪਣਾਉਣ ਅਤੇ ਪੂਰੇ ਖੇਤਰ ਵਿਚ ਹੜ੍ਹ ਦੇ ਸਮੁੱਚੇ ਪ੍ਰਭਾਵ ਨੂੰ ਘੱਟ ਕਰਨ ਲਈ ਅਪਸਟ੍ਰੀਮ ਅਤੇ ਡਾਊਨਸਟ੍ਰੀਮ ਦੇ ਤਾਲਮੇਲ ਵਿਚ ਸਹਿਯੋਗ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਹਵਾ 'ਚ ਝੂਲਦੇ ਹੋਏ ਸ਼ਖ਼ਸ ਨੇ 492 ਫੁੱਟ ਲੰਬੀ ਰੱਸੀ 'ਤੇ ਤੁਰ ਕੇ ਬਣਾਇਆ ਵਿਸ਼ਵ ਰਿਕਾਰਡ (ਵੀਡੀਓ)

ਬਲਿਊ ਅਲਰਟ ਜਾਰੀ 

ਤੂਫਾਨ ਪੱਛਮ-ਉੱਤਰ ਪੂਰਬੀ ਸਾਗਰ ਵੱਲ ਵੱਧ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਚੀਨ ਦੀ ਰਾਸ਼ਟਰੀ ਅਾਬਜ਼ਰਵੇਟਰੀ ਨੇ ਬੁੱਧਵਾਰ ਨੂੰ ਬਲਿਊ ਅਲਰਟ ਜਾਰੀ ਕੀਤਾ। ਚੀਨ ਦੇ ਤਾਈਵਾਨ ਦੀਪ ਦੇ ਪੂਰਬੀ ਖੇਤਰਾਂ, ਪੂਰਬੀ ਸਾਗਰ ਦੇ ਵਧੇਰੇ ਹਿੱਸਿਅਾਂ ਵਿਚ ਬੁੱਧਵਾਰ ਸਵੇਰੇ 8 ਵਜੇ ਤੋਂ ਵੀਰਵਾਰ ਸਵੇਰੇ 8 ਵਜੇ ਤੱਕ ਡਿਅਾਓਯੂ ਦੀਪ ਨੇੜੇ 39 ਤੋਂ 74 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ।ਰਾਸ਼ਟਰੀ ਮੌਸਮ ਵਿਗਿਅਾਨ ਕੇਂਦਰ ਮੁਤਾਬਕ ਤਾਈਵਾਨ ਦੀਪ ਦੇ ਉੱਤਰੀ ਹਿੱਸੇ ਅਤੇ ਦੱਖਣ ਦੇ ਤੱਟੀ ਖੇਤਰਾਂ ਵਿਚ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਅਾਂ ਹਨ। ਕੇਂਦਰ ਨੇ ਉਕਤ ਖੇਤਰਾਂ ਨੂੰ ਤੂਫਾਨ ਲਈ ਐਮਰਜੈਂਸੀ ਤਿਅਾਰੀ ਕਰਨ ਦੀ ਸਲਾਹ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News