ਚੀਨ : ਤੇਲ ਟੈਂਕਰ ਧਮਾਕੇ ਨੇ ਪਲਾਂ 'ਚ ਢੇਰ ਕੀਤੇ ਕਈ ਘਰ ਤੇ ਕਾਰਖਾਨੇ, ਤਸਵੀਰਾਂ ਬਿਆਨ ਕਰਦੀਆਂ ਨੇ ਦਰਦ
Sunday, Jun 14, 2020 - 08:47 AM (IST)
ਬੀਜਿੰਗ- ਸ਼ਨੀਵਾਰ ਨੂੰ ਚੀਨ ਦੇ ਝੇਜਿਆਂਗ ਸੂਬੇ ਵਿਚ ਇਕ ਹਾਈਵੇਅ 'ਤੇ ਤੇਲ ਟੈਂਕਰ ਵਿਚ ਹੋਏ ਧਮਾਕੇ ਵਿਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਾਦਸੇ ਵਿਚ ਜ਼ਖਮੀਆਂ ਦੀ ਗਿਣਤੀ ਵੱਧ ਕੇ 168 ਹੋ ਗਈ ਹੈ।
ਸਥਾਨਕ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਇੱਥੇ ਪਲਾਂ ਵਿਚ ਹੀ ਕਈ ਘਰ ਤੇ ਕਾਰਖਾਨੇ ਢੇਰ ਹੋ ਗਏ ਤੇ ਮਲਬਾ ਉੱਪਰ ਤੱਕ ਉੱਡਦਾ ਦਿਖਾਈ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ 4.46 ਵਜੇ ਉਸ ਸਮੇਂ ਵਾਪਰਿਆ ਜਦੋਂ ਝੇਜਿਆਂਗ ਸੂਬੇ ਦੇ ਸ਼ੈਨਯਾਂਗ-ਹਾਇਕੂ ਐਕਸਪ੍ਰੈਸਵੇਅ ਨੇੜੇ ਤੇਲ ਦਾ ਟੈਂਕਰ ਫਟ ਗਿਆ। ਧਮਾਕੇ ਕਾਰਨ ਨੇੜਲੀਆਂ ਰਿਹਾਇਸ਼ੀ ਇਮਾਰਤਾਂ ਅਤੇ ਫੈਕਟਰੀਆਂ ਨੂੰ ਭਾਰੀ ਨੁਕਸਾਨ ਪੁੱਜਾ ।
ਜਨਤਕ ਸੁਰੱਖਿਆ ਅਤੇ ਐਮਰਜੈਂਸੀ ਪ੍ਰਬੰਧਨ ਦੇ ਮੰਤਰਾਲਿਆਂ ਨੇ ਆਪਣੀਆਂ ਟੀਮਾਂ ਨੂੰ ਬਚਾਅ ਅਤੇ ਰਾਹਤ ਕਾਰਜਾਂ ਲਈ ਭੇਜਿਆ ਹੈ।
ਧਮਾਕੇ ਵਾਲੀ ਥਾਂ ਦੇ ਨੇੜਲੇ ਘਰ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਖਿੜਕੀ ਦੇ ਦਰਵਾਜ਼ੇ ਦੇ ਕੱਚ ਆਲੇ-ਦੁਆਲੇ ਡਿਗੇ ਹੋਏ ਸਨ। ਉਸ ਨੇ ਰੱਬ ਦਾ ਸ਼ੁਕਰ ਕੀਤਾ ਕਿ ਉਸ ਦਾ ਪਰਿਵਾਰ ਸੁਰੱਖਿਅਤ ਬਚ ਗਿਆ। ਟੈਂਕਰ ਦਾ ਮਲਬਾ ਉੱਡ ਕੇ ਸਾਰੇ ਪਾਸੇ ਫੈਲ ਗਿਆ। ਇਸ ਕਾਰਨ ਕਈ ਰਾਹ ਵੀ ਬੰਦ ਹੋ ਗਏ।