ਈਰਾਨ-ਪਾਕਿਸਤਾਨ ਤਣਾਅ ਦਰਮਿਆਨ ਚੀਨ ਨੇ ਰਚਨਾਤਮਕ ਭੂਮਿਕਾ ਨਿਭਾਉਣ ਦੀ ਕੀਤੀ ਪੇਸ਼ਕਸ਼

Thursday, Jan 18, 2024 - 05:19 PM (IST)

ਬੀਜਿੰਗ (ਭਾਸ਼ਾ): ਪਾਕਿਸਤਾਨ ਅਤੇ ਈਰਾਨ ਵਲੋਂ ਪਿਛਲੇ ਦੋ ਦਿਨਾਂ ਵਿਚ ਇਕ-ਦੂਜੇ ਖ਼ਿਲਾਫ਼ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਬਾਅਦ ਚੀਨ ਨੇ ਵੀਰਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘੱਟ ਕਰਨ ਵਿਚ ਉਸਾਰੂ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਹੈ। ਚੀਨ ਨੇ ਦੋਵਾਂ ਦੇਸ਼ਾਂ ਨੂੰ "ਸੰਜਮ ਵਰਤਣ ਅਤੇ ਸੰਘਰਸ਼ ਤੋਂ ਬਚਣ" ਲਈ ਕਿਹਾ ਹੈ। ਪਾਕਿਸਤਾਨ ਨੇ ਈਰਾਨ ਦੇ ਸਿਸਤਾਨ-ਬਲੂਚਿਸਤਾਨ ਸੂਬੇ ਵਿਚ ਕਥਿਤ ਅੱਤਵਾਦੀ ਟਿਕਾਣਿਆਂ 'ਤੇ ਵੀਰਵਾਰ ਤੜਕੇ ਹਮਲੇ ਕੀਤੇ, ਜਿਸ ਵਿਚ ਨੌਂ ਲੋਕ ਮਾਰੇ ਗਏ। 

ਇਹ ਹਮਲੇ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਸੁੰਨੀ ਬਲੋਚ ਕੱਟੜਪੰਥੀ ਸਮੂਹ ਜੈਸ਼-ਅਲ-ਅਦਲ ਦੇ ਦੋ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮੰਗਲਵਾਰ ਨੂੰ ਈਰਾਨ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਬਾਅਦ ਹੋਏ। ਇਸ ਘਟਨਾਕ੍ਰਮ ਨੇ ਚੀਨ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ ਕਿਉਂਕਿ ਪਾਕਿਸਤਾਨ ਉਸਦਾ ਨਜ਼ਦੀਕੀ ਸਹਿਯੋਗੀ ਹੈ ਜਦੋਂ ਕਿ ਈਰਾਨ ਨੇ ਹਾਲ ਹੀ ਦੇ ਸਾਲਾਂ ਵਿੱਚ ਪੱਛਮੀ ਏਸ਼ੀਆ ਖੇਤਰ ਵਿੱਚ ਚੀਨ ਨੂੰ ਆਪਣਾ ਪ੍ਰਭਾਵ ਵਧਾਉਣ ਵਿੱਚ ਮਦਦ ਕੀਤੀ ਹੈ। ਚੀਨ ਈਰਾਨ ਤੋਂ ਵੱਡੀ ਮਾਤਰਾ ਵਿੱਚ ਤੇਲ ਵੀ ਦਰਾਮਦ ਕਰਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਈਰਾਨ 'ਚ ਪਾਕਿਸਤਾਨ ਨੇ ਕੀਤਾ ਹਵਾਈ ਹਮਲਾ, ਚਾਰ ਬੱਚਿਆਂ ਸਮੇਤ 7 ਲੋਕਾਂ ਦੀ ਮੌਤ 

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਕੀ ਤੁਸੀਂ ਕਹਿ ਰਹੇ ਹੋ ਕਿ ਪਾਕਿਸਤਾਨ ਨੇ ਈਰਾਨ 'ਤੇ ਹਮਲਾ ਕੀਤਾ ਹੈ? ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ।'' ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਚੀਨ ਨੂੰ ਈਰਾਨ ਦੇ ਅੰਦਰ ਪਾਕਿਸਤਾਨ ਦੇ ਹਵਾਈ ਹਮਲਿਆਂ ਬਾਰੇ ਪਤਾ ਸੀ। ਮਾਓ ਨੇ ਕਿਹਾ, ''ਪਰ ਅਸੀਂ ਇਸ 'ਤੇ ਧਿਆਨ ਦੇ ਰਹੇ ਹਾਂ ਅਤੇ ਚੀਨ ਹਮੇਸ਼ਾ ਇਹ ਮੰਨਦਾ ਰਿਹਾ ਹੈ ਕਿ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੇ ਆਧਾਰ 'ਤੇ ਸੰਭਾਲਿਆ ਜਾਣਾ ਚਾਹੀਦਾ ਹੈ।'' ਉਨ੍ਹਾਂ ਨੇ ਕਿਹਾ ਕਿ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ, ਸੁਤੰਤਰਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਅਤੇ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਦੇ PM ਵਜੋਂ ਕ੍ਰਿਸਟੋਫਰ ਨੇ 100 ਦਿਨੀਂ ਯੋਜਨਾਵਾਂ ਦਾ ਕੀਤਾ ਐਲਾਨ

ਉਨ੍ਹਾਂ ਕਿਹਾ, ''ਈਰਾਨ ਅਤੇ ਪਾਕਿਸਤਾਨ ਨੇੜਲੇ ਗੁਆਂਢੀ ਅਤੇ ਪ੍ਰਭਾਵ ਵਾਲੇ ਦੇਸ਼ ਹਨ। ਅਸੀਂ ਉਮੀਦ ਕਰਦੇ ਹਾਂ ਕਿ ਦੋਵੇਂ ਧਿਰਾਂ ਸੰਜਮ ਅਤੇ ਸ਼ਾਂਤੀ ਵਰਤਣਗੀਆਂ ਅਤੇ ਤਣਾਅ ਵਧਾਉਣ ਤੋਂ ਗੁਰੇਜ਼ ਕਰਨਗੀਆਂ। ਜੇਕਰ ਲੋੜ ਪਈ ਤਾਂ ਅਸੀਂ ਸਥਿਤੀ ਨੂੰ ਆਮ ਬਣਾਉਣ ਲਈ ਉਸਾਰੂ ਭੂਮਿਕਾ ਨਿਭਾਉਣ ਲਈ ਤਿਆਰ ਹਾਂ।'' ਪਾਕਿਸਤਾਨੀ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਕੀ ਚੀਨ ਸੁੰਨੀ ਕੱਟੜਪੰਥੀ ਸਮੂਹ ਜੈਸ਼-ਅਲ-ਅਦਲ ਦੇ ਕੈਂਪ 'ਤੇ ਈਰਾਨ ਦੇ ਹਵਾਈ ਹਮਲੇ ਦਾ ਸਮਰਥਨ ਕਰੇਗਾ ਤਾਂ ਮਾਓ ਨੇ ਕਿਹਾ,''ਮੈਂ ਹੁਣੇ ਹੀ ਚੀਨ ਦੀ ਸਥਿਤੀ ਜ਼ਾਹਰ ਕੀਤੀ ਹੈ।'' ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੋਵੇਂ ਧਿਰਾਂ ਸਲਾਹ-ਮਸ਼ਵਰੇ ਅਤੇ ਗੱਲਬਾਤ ਰਾਹੀਂ ਆਪਣੇ ਵਿਵਾਦਾਂ ਨੂੰ ਸੁਲਝਾਉਣਗੀਆਂ। ਚੀਨ ਦੀ ਵਿਚੋਲਗੀ ਦੀ ਪੇਸ਼ਕਸ਼ ਇਕ ਮੁਸ਼ਕਲ ਰਸਤਾ ਹੋ ਸਕਦੀ ਹੈ ਕਿਉਂਕਿ ਸੁੰਨੀ ਬਹੁਲ ਪਾਕਿਸਤਾਨ ਅਤੇ ਮੁੱਖ ਤੌਰ 'ਤੇ ਸ਼ੀਆ-ਪ੍ਰਭਾਵੀ ਈਰਾਨ ਦੇ ਚੰਗੇ ਸਬੰਧ ਨਹੀਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

 


Vandana

Content Editor

Related News