ਨੇਪਾਲ ਦੇ ਵਿਰੋਧੀ ਨੇਤਾ ਨੇ ਚੀਨ ਖ਼ਿਲਾਫ਼ ਪੇਸ਼ ਕੀਤੇ ਸਬੂਤ, ਇੰਝ ਕਰ ਰਿਹੈ ਉਸ ਦੀ ਜ਼ਮੀਨ ''ਤੇ ਕਬਜ਼ਾ

Monday, Oct 19, 2020 - 08:33 AM (IST)

ਕਾਠਮੰਡੂ- ਵਿਰੋਧੀ ਨੇਪਾਲੀ ਕਾਂਗਰਸ ਦੇ ਤਾਕਤਵਰ ਨੇਤਾ ਜੀਵਨ ਬਹਾਦਰ ਸ਼ਾਹੀ ਨੇ ਨੇਪਾਲ ਦੀ ਜ਼ਮੀਨ ’ਤੇ ਵਧਦੇ ਚੀਨੀ ਕਬਜ਼ੇ ਦੇ ਖ਼ਿਲਾਫ਼ ਹੱਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕਮਿਊਨਿਸਟ ਸਰਕਾਰ ਨੇ ਚੀਨ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਚੀਨ ਨੇਪਾਲ ਦੀ ਜ਼ਮੀਨ ਆਪਣੇ ਕਬਜ਼ੇ ਹੇਠ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਨੇਪਾਲ ਦੇ 7 ਜ਼ਿਲ੍ਹਿਆਂ ’ਚ ਜ਼ਮੀਨ ’ਤੇ ਕਬਜ਼ਾ ਕੀਤਾ ਹੈ।

ਸ਼ਾਹੀ ਨੇ ਨੇਪਾਲ ਦੀ ਜ਼ਮੀਨ ਹੁਮਲਾ ’ਚ ਚੀਨੀ ਕਬਜ਼ੇ ਦਾ ਸਬੂਤ ਮੀਡੀਆ ’ਚ ਵੀ ਜਾਰੀ ਕੀਤਾ। ਉਨ੍ਹਾਂ ਨੇ ਕਿ ਚੀਨ ਨੇ ਨੇਪਾਲ ਨੂੰ ਕਬਜ਼ਾ ਕਰ ਕੇ ਹੁਮਲਾ ’ਚ ਕਈ ਇਮਾਰਤਾਂ ਖੜ੍ਹੀਆਂ ਕਰ ਲਈਆਂ ਹਨ ਅਤੇ ਉਹ ਸਥਾਨਕ ਆਬਾਦੀ ਨੂੰ ਵੀ ਚੀਨ ’ਚ ਸ਼ਾਮਲ ਹੋਣ ਲਈ ਲਾਲਚ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਹੁਮਲਾ ਇਲਾਕੇ ’ਚ ਤੇਜ਼ੀ ਨਾਲ ਉਸਾਰੀ ਦੇ ਕੰਮ ਕਰ ਰਿਹਾ ਹੈ।

ਕੌਮਾਂਤਰੀ ਸਰਹੱਦ ਦਾ ਪਿੱਲਰ ਨੰਬਰ 12 ਗਾਇਬ-

ਨੇਪਾਲ ਅਤੇ ਚੀਨੀ ਸਰਹੱਦ ’ਤੇ ਪਹਿਲਾਂ ਤੋਂ ਤੈਅ ਕੌਮਾਂਤਰੀ ਸਰਹੱਦ ਦੇ ਪਿੱਲਰ ਨੰਬਰ 12 ਨੂੰ ਚੀਨੀਆਂ ਨੇ ਗਾਇਬ ਕਰ ਦਿੱਤਾ ਹੈ ਅਤੇ ਉਹ ਲਗਾਤਾਰ ਨੇਪਾਲੀ ਇਲਾਕੇ ’ਚ ਉਸਾਰੀ ਦਾ ਕੰਮ ਕਰਦੇ ਹੋਏ ਜ਼ਮੀਨ ਨੂੰ ਆਪਣਾ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਇਕ ਅਧਿਕਾਰੀ ਨੂੰ ਨੇਪਾਲ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ। ਇਹੋ ਨਹੀਂ, ਚੀਨੀ ਅਧਿਕਾਰੀ ਅਤੇ ਸੁਰੱਖਿਆ ਕਰਮੀ ਹੁਣ ਨੇਪਾਲ ਦੇ ਲੋਕਾਂ ਨੂੰ ਵੀ ਉਨ੍ਹਾਂ ਦੀ ਜ਼ਮੀਨ ’ਤੇ ਨਹੀਂ ਜਾਣ ਦੇ ਰਹੇ ਹਨ। ਪਹਿਲਾਂ ਇਸ ਜ਼ਮੀਨ ਨੂੰ ਚਾਰਾਗਾਹ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਂਦਾ ਸੀ ਪਰ ਹੁਣ ਪੂਰੇ ਇਲਾਕੇ ’ਚ ਚੀਨ ਦਾ ਕਬਜ਼ਾ ਹੈ।

ਮਾਨਸਰੋਵਰ ਤਕ ਨਜ਼ਰ ਰੱਖੀ ਜਾ ਸਕਣ ਵਾਲੀ ਜ਼ਮੀਨ ’ਤੇ ਵੀ ਚੀਨ ਦਾ ਕਬਜ਼ਾ-

ਸ਼ਾਹੀ ਨੇ ਕਿਹਾ ਕਿ ਚੀਨ ਨੇ ਹੁਮਲਾ ਤੋਂ ਇਲਾਵਾ ਲਾਪਚਾ ਜ਼ਿਲ੍ਹੇ ’ਚ ਹੀ ਹੋਰ ਥਾਵਾਂ ’ਤੇ ਕਬਜ਼ਾ ਕੀਤਾ ਹੈ। ਖਾਸ ਕਰ ਕੇ ਉਹ ਥਾਂ, ਜਿਥੋਂ ਮਾਨਸਰੋਵਰ ’ਤੇ ਨਜ਼ਰ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨੇਪਾਲ ਦੀ ਸੱਤਾਧਾਰੀ ਪਾਰਟੀ ਨੇਪਾਲੀ ਕਮਿਊਨਿਸਟ ਪਾਰਟੀ (ਐੱਨ. ਸੀ. ਪੀ.) ਦੇਸ਼ ਦੀ ਪ੍ਰਭੂਸੱਤਾ ਲਈ ਵੱਡਾ ਖਤਰਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਦਾ ਸਖ਼ਤ ਵਿਰੋਧ ਕਰਦੀ ਰਹੇਗੀ।
 


Lalita Mam

Content Editor

Related News