ਅਮਰੀਕੀ ਫ਼ੌਜੀ ਅੱਡਿਆਂ ਦੇ ਆਲੇ-ਦੁਆਲੇ ਦੀਆਂ ਜ਼ਮੀਨਾਂ ਖਰੀਦ ਰਿਹਾ ਚੀਨ, ਸੰਸਦ ਮੈਂਬਰਾਂ ਵੱਲੋਂ ਜਾਂਚ ਦੀ ਮੰਗ
Friday, Nov 18, 2022 - 01:29 AM (IST)
ਪੇਈਚਿੰਗ (ਏ. ਐੱਨ. ਆਈ.)–ਅਮਰੀਕਾ ’ਚ ਚੀਨ ਦੀ ਇਕ ਹੋਰ ਵੱਡੀ ਖੇਡ ਸਾਹਮਣੇ ਆਈ ਹੈ। ਚੀਨੀ ਕੰਪਨੀਆਂ ਕਾਫ਼ੀ ਸਮੇਂ ਤੋਂ ਅਮਰੀਕੀ ਫ਼ੌਜੀ ਹਵਾਈ ਅੱਡਿਆਂ ਦੇ ਨੇੜੇ ਜ਼ਮੀਨਾਂ ਖਰੀਦ ਰਹੀਆਂ ਹਨ। ਅਮਰੀਕੀ ਖ਼ੁਫ਼ੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਚੀਨੀ ਫਰਮਾਂ ਦਾ ਇਹ ਕਦਮ ਫ਼ੌਜੀ ਅੱਡਿਆਂ ਦੀ ਨਿਗਰਾਨੀ ਅਤੇ ਜਾਸੂਸੀ ਕਰਨ ਲਈ ਢਾਂਚਾ ਖੜ੍ਹਾ ਕਰਨ ਦੀ ਮੁਹਿੰਮ ਦਾ ਹਿੱਸਾ ਹੋ ਸਕਦਾ ਹੈ। ਕਈ ਚੀਨੀ ਫਰਮਾਂ ਨੇ ਹਾਲੀਆ ਸਾਲਾਂ ’ਚ ਪ੍ਰਮੁੱਖ ਅਮਰੀਕੀ ਫ਼ੌਜੀ ਟਿਕਾਣਿਆਂ ਕੋਲ ਜ਼ਮੀਨ ਦੇ ਵੱਡੇ ਪਲਾਟ ਜਾਂ ਤਾਂ ਖਰੀਦ ਲਏ ਹਨ ਜਾਂ ਖਰੀਦਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹਨ। ਫੁਫੇਂਗ ਗਰੁੱਪ ਚੀਨ ਸਥਿਤ ਉਨ੍ਹਾਂ ਕੰਪਨੀਆਂ ’ਚੋਂ ਇਕ ਹੈ, ਜਿਸ ਨੇ ਗ੍ਰੈਂਡ ਫੋਕਰਸ ਨਾਰਥ ਡਕੋਟਾ ਕੋਲ 300 ਏਕੜ ਵਾਹੀਯੋਗ ਜ਼ਮੀਨ ਖਰੀਦੀ ਹੈ, ਜੋ ਇਕ ਦਿਹਾਤੀ ਖੇਤਰ ਹੈ ਅਤੇ ਕੈਨੇਡਾ ਦੀ ਸਰਹੱਦ ਤੋਂ ਲੱਗਭਗ 90 ਮਿੰਟਾਂ ਦੀ ਦੂਰੀ ’ਤੇ ਸਥਿਤ ਹੈ।
ਇਹ ਖ਼ਬਰ ਵੀ ਪੜ੍ਹੋ : ਅਬੋਹਰ ’ਚ ਵਾਪਰੀ ਵੱਡੀ ਵਾਰਦਾਤ, ਨਕਾਬਪੋਸ਼ ਹਮਲਾਵਰਾਂ ਨੇ ਬੱਸ ਕੰਡਕਟਰ ਨੂੰ ਉਤਾਰਿਆ ਮੌਤ ਦੇ ਘਾਟ
ਗ੍ਰੈਂਡ ਫੋਕਰਸ ਫੌਜੀ ਹਵਾਈ ਅੱਡੇ ਕੋਲ ਜ਼ਮੀਨ ਖਰੀਦਣ ਦੇ ਫੁਫੇਂਗ ਗਰੁੱਪ ਦੀ ਕੋਸ਼ਿਸ਼ ਤੋਂ ਪਹਿਲਾਂ ਇਕ ਹੋਰ ਚੀਨੀ ਫਰਮ ਗੁਆਂਗਹੁਈ ਐਨਰਜੀ ਕੰਪਨੀ ਲਿਮਟਿਡ ਨੇ ਲਾਫਲਿਨ ਏਅਰ ਫੋਰਸ ਬੇਸ ਤੋਂ ਲੱਗਭਗ 70 ਮੀਲ ਦੀ ਦੂਰੀ ’ਤੇ 1,40 000 ਏਕੜ ਜ਼ਮੀਨ ਖਰੀਦਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਇਸ ਚੀਨੀ ਫਰਮ ਦਾ ਕਹਿਣਾ ਹੈ ਕਿ ਉਹ ਇਥੇ ਵਿਸ਼ਾਲ ਵਿੰਡ ਪ੍ਰੋਜੈਕਟ ਲਗਾਉਣਾ ਚਾਹੁੰਦੀ ਸੀ। ਮਈ ’ਚ ਜਾਰੀ ਯੂ. ਐੱਸ.-ਚਾਈਨਾ ਇਕੋਨਾਮਿਕ ਐਂਡ ਸਕਿਓਰਿਟੀ ਰੀਵਿਊ ਕਮਿਸ਼ਨ ਦੀ ਰਿਪੋਰਟ ਅਨੁਸਾਰ ਅਮਰੀਕੀ ਫ਼ੌਜੀ ਅੱਡਿਆਂ ਕੋਲ ਜ਼ਮੀਨ ਖਰੀਦਣ ਨਾਲ ਚੀਨ ਇਨ੍ਹਾਂ ਫ਼ੌਜੀ ਅੱਡਿਆਂ ਦੇ ਅੰਦਰ ਅਤੇ ਬਾਹਰ ਹਵਾਈ ਆਵਾਜਾਈ ਪ੍ਰਵਾਹ ਦੀ ਨਿਗਰਾਨੀ ਆਸਾਨੀ ਨਾਲ ਕਰ ਸਕਦਾ ਹੈ, ਜੋ ਅਮਰੀਕੀ ਲਈ ਖਤਰੇ ਦੀ ਘੰਟੀ ਹੈ। ਫੁਫੇਂਗ ਗਰੁੱਪ ਵੱਲੋਂ ਜ਼ਮੀਨ ਖਰੀਦੇ ਜਾਣ ਤੋਂ ਪ੍ਰੇਸ਼ਾਨ 30 ਅਮਰੀਕੀ ਸੰਸਦ ਮੈਂਬਰਾਂ ਨੇ ਸਰਕਾਰੀ ਜਵਾਬਦੇਹੀ ਦਫਤਰ (ਜੀ. ਏ. ਓ.) ਨੂੰ ਪੱਤਰ ਲਿਖ ਕੇ ਜਾਂਚ ਏਜੰਸੀ ਨੂੰ ਖੇਤੀ ਜ਼ਮੀਨ ’ਚ ਚੀਨੀ ਨਿਵੇਸ਼ ਦੀਆਂ ਹੱਦਾਂ ਅਤੇ ਕਾਰਨਾਂ ਦਾ ਪਤਾ ਲਗਾਉਣ ਦੀ ਅਪੀਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਅਜਬ ਗਜ਼ਬ : ਇਥੇ ਲਾੜੇ ਨੂੰ ਪੁੱਠਾ ਟੰਗ ਕੇ ਡੰਡਿਆਂ ਤੇ ਜੁੱਤੀਆਂ ਨਾਲ ਕੁੱਟ ਕੇ ਪਰਖੀ ਜਾਂਦੀ ਹੈ ਮਰਦਾਨਗੀ