ਪੂਰੀ ਦੁਨੀਆ ਲਈ ਖਤਰਾ ਬਣ ਗਿਆ ਹੈ ਚੀਨ : ਚੀਨੀ ਲੇਖਕ

Friday, Apr 05, 2019 - 06:45 PM (IST)

ਪੂਰੀ ਦੁਨੀਆ ਲਈ ਖਤਰਾ ਬਣ ਗਿਆ ਹੈ ਚੀਨ : ਚੀਨੀ ਲੇਖਕ

ਪੈਰਿਸ— ਚੀਨ ਨੂੰ ਪੂਰੀ ਦੁਨੀਆ ਲਈ ਖਤਰਾ ਕਰਾਰ ਦਿੰਦੇ ਹੋਏ ਇਕ ਚੀਨੀ ਲੇਖਕ ਨੇ ਕਿਹਾ ਕਿ ਜੇਕਰ ਇਹ ਆਰਥਿਕ ਮਹਾਸ਼ਕਤੀ 10 ਟੁਕੜਿਆਂ 'ਚ ਟੁੱਟਦੀ ਹੈ ਤਾਂ ਇਹ ਮਨੁੱਖਤਾ ਲਈ ਬਿਹਤਰ ਹੋਵੇਗਾ। ਥਿਆਨਮੈਨ ਚੌਕ 'ਤੇ ਹੋਏ ਪ੍ਰਦਰਸ਼ਨ ਨੂੰ ਲੈ ਕੇ 'ਮੈਸਕਰ' ਕਵਿਤਾ ਲਿਖਣ ਦੇ ਲਈ ਜੇਲ ਜਾ ਚੁੱਕੇ ਚੀਨੀ ਲੇਖਕ ਲਿਆਓ ਯਿਵੂ ਨੇ ਕਿਹਾ ਕਿ ਜੇਕਰ ਆਰਥਿਕ ਮਹਾਸ਼ਕਤੀ ਟੁੱਟਦੀ ਹੈ ਤਾਂ ਮਨੁੱਖਤਾ ਲਈ ਬਿਹਤਰ ਹੋਵੇਗਾ ਕਿਉਂਕਿ ਚੀਨ ਪੂਰੀ ਦੁਨੀਆ ਲਈ ਖਤਰਾ ਬਣ ਚੁੱਕਿਆ ਹੈ।

'ਬਾਲਸ ਆਫ ਓਪੀਅਸ' ਨਾਂ ਦੀ ਕਿਤਾਬ ਲਿਖਣ ਵਾਲੇ ਯਿਵੂ ਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਚੀਨ 10 ਹਿੱਸਿਆਂ ਜਾਂ ਦੇਸ਼ਾਂ 'ਚ ਵੰਡਿਆ ਜਾਵੇ ਕਿਉਂਕਿ ਚੀਨ, ਜਿਸ ਤਰ੍ਹਾਂ ਦਾ ਅੱਜ ਹੈ, ਉਹ ਪੂਰੀ ਦੁਨੀਆ ਲਈ ਖਤਰਾ ਬਣ ਚੁੱਕਿਆ ਹੈ। ਉਨ੍ਹਾਂ ਦੀ ਕਿਤਾਬ ਦਾ ਪ੍ਰਕਾਸ਼ਨ ਫਰਾਂਸ 'ਚ ਹੋਇਆ ਹੈ ਤੇ ਚੀਨ 'ਚ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਿਤਾਬ 'ਚ ਥਿਆਨਮੈਨ ਕਤਲਕਾਂਡ ਦੇ ਪੀੜਤਾਂ ਦੀ ਕਹਾਣੀ ਬਿਆਨ ਕੀਤੀ ਗਈ ਹੈ। ਬੀਜਿੰਗ ਦੇ ਥਿਆਨਮੈਨ ਚੌਕ 'ਤੇ 1989 'ਚ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਲੋਕਤੰਤਰੀ ਸਮਰਥਕਾਂ ਦੀ ਫੌਜ ਨੇ ਹੱਤਿਆ ਕਰ ਦਿੱਤੀ ਸੀ। ਇਸ ਕਤਲਕਾਂਡ ਨੂੰ ਚਾਰ ਜੂਨ ਦੀ ਘਟਨਾ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ ਜੋ ਚੀਨ ਦੇ ਇਤਿਹਾਸ 'ਚ ਇਕ ਵੱਡਾ ਦਾਗ ਹੈ।

ਬਰਲਿਨ 'ਚ 2011 ਤੋਂ ਦੇਸ਼ ਨਿਕਾਲੇ ਵਾਲਾ ਜੀਵਨ ਬਤੀਤ ਕਰ ਰਹੇ ਲਿਆਓ ਨੇ ਕਿਹਾ ਕਿ ਚੀਨ ਪਰਤਣਾ ਮੇਰੇ ਲਈ ਵੱਡੀ ਚਿੰਤਾ ਨਹੀਂ ਹੈ। ਮੈਂ ਆਪਣੇ ਗ੍ਰਹਿ ਪ੍ਰਦੇਸ਼ ਸਿਚੁਆਨਾ ਜਾਣਾ ਚਾਹਾਂਗਾ ਜਦੋਂ ਉਹ ਆਜ਼ਾਦ ਹੋ ਜਾਵੇ। ਉਦੋਂ ਪਰਤ ਕੇ ਮੈਨੂੰ ਖੁਸ਼ੀ ਹੋਵੇਗੀ। ਕਵੀ ਤੇ ਸੰਗੀਤਕਾਰ ਲਿਆਓ ਚੀਨ ਦੇ ਗਰੀਬਾਂ ਦੀ ਜ਼ਿੰਦਗੀ 'ਤੇ ਰਿਪੋਰਟਿੰਗ ਕਰ ਚੁੱਕੇ ਹਨ ਤੇ ਕੈਦ 'ਚ ਉਨ੍ਹਾਂ 'ਤੇ ਅਤਿਆਚਾਰ ਕੀਤਾ ਗਿਆ ਸੀ। ਮਨੁੱਖੀ ਅਧਿਕਾਰ ਸਮੂਹਾਂ ਮੁਤਾਬਕ ਪੁਲਸ ਨੇ ਰਿਹਾਅ ਕੀਤੇ ਜਾਣ 'ਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਅਗਵਾਈ 'ਚ ਦੇਸ਼ 'ਚ ਵਧਦੇ ਤਾਨਾਸ਼ਾਹੀ ਸ਼ਾਸਨ ਨੂੰ ਲੈ ਕੇ ਬਹੁਤ ਨਿਰਾਸ਼ ਹੈ। ਉਨ੍ਹਾਂ ਨੇ ਕਿਹਾ ਕਿ 30 ਸਾਲ ਪਹਿਲਾਂ ਅਸੀਂ ਸੋਚਿਆ ਕਿ ਅਸੀਂ ਲੋਕਤੰਤਰ ਵੱਲ ਵਧ ਸਕਦੇ ਹਾਂ। ਅੱਜ ਸਭ ਕੁਝ ਧਨ ਇਕੱਠਾ ਕਰਨ ਲਈ ਹੈ। ਲਿਆਓ ਨੇ ਕਿਹਾ ਕਿ ਪੱਛਮੀ ਦੇਸ਼ਾਂ 'ਚ ਹਰ ਇਕ ਨੇ ਕਤਲਕਾਂਡ ਤੋਂ ਬਾਅਦ ਚੀਨ ਦੀ ਨਿੰਦਾ ਕੀਤੀ ਸੀ। ਹੁਣ ਸਾਰੇ ਉਸ ਦੇ ਨਾਲ ਵਪਾਰ ਕਰਨ ਲਈ ਲੜਦੇ ਹਨ ਜਦਕਿ ਲੋਕਾਂ ਨੂੰ ਗ੍ਰਿਫਤਾਰ ਕਰਨਾ ਤੇ ਮਾਰਨਾ ਜਾਰੀ ਹੈ।


author

Baljit Singh

Content Editor

Related News