ਚੀਨ ਨੇ ਆਜ਼ਾਦੀ ਦੇ ''ਕੱਟੜ ਹਮਾਇਤੀ'' ਸੱਤ ਤਾਈਵਾਨੀ ਅਧਿਕਾਰੀਆਂ ''ਤੇ ਲਗਾਈਆਂ ਪਾਬੰਦੀਆਂ

Tuesday, Aug 16, 2022 - 02:50 PM (IST)

ਚੀਨ ਨੇ ਆਜ਼ਾਦੀ ਦੇ ''ਕੱਟੜ ਹਮਾਇਤੀ'' ਸੱਤ ਤਾਈਵਾਨੀ ਅਧਿਕਾਰੀਆਂ ''ਤੇ ਲਗਾਈਆਂ ਪਾਬੰਦੀਆਂ

ਬੀਜਿੰਗ (ਭਾਸ਼ਾ)- ਕਈ ਦੇਸ਼ਾਂ ਦੇ ਡਿਪਲੋਮੈਟਾਂ ਦੇ ਤਾਈਵਾਨ ਦੌਰੇ ਦੇ ਮੱਦੇਨਜ਼ਰ ਚੀਨ ਨੇ ਮੰਗਲਵਾਰ ਨੂੰ ਆਜ਼ਾਦੀ ਸਮਰਥਕ ਤਾਈਵਾਨ ਦੇ ਸੱਤ ਨੇਤਾਵਾਂ ਅਤੇ ਅਧਿਕਾਰੀਆਂ 'ਤੇ ਪਾਬੰਦੀਆਂ ਲਗਾ ਦਿੱਤੀਆਂ। ਇਨ੍ਹਾਂ ਆਗੂਆਂ ਵਿੱਚ ਵਾਸ਼ਿੰਗਟਨ ਵਿੱਚ ਤਾਈਪੇ ਦੇ ਨੁਮਾਇੰਦੇ ਵੀ ਸ਼ਾਮਲ ਹਨ। ਅਗਸਤ ਦੇ ਸ਼ੁਰੂ ਵਿੱਚ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਤਾਈਵਾਨ ਦਾ ਦੌਰਾ ਕੀਤਾ। ਇਸ ਤੋਂ ਬਾਅਦ ਸੋਮਵਾਰ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਐਡ ਮਾਰਕੀ ਦੀ ਅਗਵਾਈ 'ਚ ਅਮਰੀਕੀ ਸੰਸਦ ਦੇ ਇਕ ਵਫਦ ਨੇ ਤਾਈਵਾਨ ਦਾ ਦੌਰਾ ਕੀਤਾ। ਤਾਈਵਾਨ ਇੱਕ ਸਵੈ-ਸ਼ਾਸਤ ਟਾਪੂ ਸਮੂਹ ਹੈ ਅਤੇ ਚੀਨ ਇਸਨੂੰ ਆਪਣਾ ਹਿੱਸਾ ਮੰਨਦਾ ਹੈ। 

ਪਿਛਲੇ ਹਫ਼ਤੇ, ਯੂਰਪੀਅਨ ਯੂਨੀਅਨ ਦੇ ਮੈਂਬਰ ਲਿਥੁਆਨੀਆ ਦੇ ਡਿਪਟੀ ਟਰਾਂਸਪੋਰਟ ਮੰਤਰੀ ਐਗਨੇ ਵਿਯੂਕਵਿਸੀਏਟ ਨੇ ਵੀ ਤਾਈਵਾਨ ਦਾ ਦੌਰਾ ਕੀਤਾ। ਚੀਨ ਪਹਿਲਾਂ ਹੀ ਪੇਲੋਸੀ ਅਤੇ ਐਗਨੇ 'ਤੇ ਪਾਬੰਦੀਆਂ ਲਗਾ ਚੁੱਕਾ ਹੈ। ਚੀਨ ਨੂੰ ਡਰ ਹੈ ਕਿ ਪੇਲੋਸੀ ਦੇ ਦੌਰੇ ਤੋਂ ਬਾਅਦ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਸਵੈ-ਸ਼ਾਸਨ ਵਾਲੇ ਟਾਪੂਆਂ ਦਾ ਦੌਰਾ ਕਰਨਗੇ। ਚੀਨ ਨੇ ਤਾਈਵਾਨ ਦੇ ਸੱਤ ਸਰਕਾਰੀ ਅਧਿਕਾਰੀਆਂ ਅਤੇ ਨੇਤਾਵਾਂ 'ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾ ਦਿੱਤੀ ਹੈ ਕਿ ਉਨ੍ਹਾਂ ਨੇ ਤਾਈਵਾਨ ਦੇ ਸੁਤੰਤਰਤਾ ਪੱਖੀ ਏਜੰਡੇ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਭਾਈਚਾਰੇ ਨੇ ਖ਼ਾਸ ਅੰਦਾਜ਼ 'ਚ ਮਨਾਇਆ ਸੁਤੰਤਰਤਾ ਦਿਵਸ ਦਾ ਜਸ਼ਨ

ਚੀਨ ਦੀ ਕਮਿਊਨਿਸਟ ਪਾਰਟੀ ਦੇ ਤਾਈਵਾਨ ਮਾਮਲਿਆਂ ਦੇ ਦਫਤਰ ਨੇ ਮੰਗਲਵਾਰ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ 'ਤੇ ਪਾਬੰਦੀ ਲਗਾਈ ਗਈ ਹੈ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੀਨ ਦੀ ਮੁੱਖ ਭੂਮੀ, ਹਾਂਗਕਾਂਗ ਅਤੇ ਮਕਾਊ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਾਬੰਦੀ ਦੇ ਤਹਿਤ, ਉਨ੍ਹਾਂ ਨੂੰ ਚੀਨ ਦੀ ਮੁੱਖ ਭੂਮੀ 'ਤੇ ਕਾਰੋਬਾਰ ਕਰਨ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਚੀਨੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ ਦਫਤਰ ਦੇ ਬੁਲਾਰੇ ਨੇ ਕਿਹਾ ਕਿਇਨ੍ਹਾਂ ਲੋਕਾਂ ਨਾਲ ਜੁੜੀਆਂ ਕੰਪਨੀਆਂ ਅਤੇ ਵਿੱਤੀ ਸਪਾਂਸਰਾਂ ਨੂੰ ਮੁੱਖ ਭੂਮੀ ਤੋਂ ਲਾਭ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਤਾਈਵਾਨ ਦਫਤਰ ਹੋਰ ਜ਼ਰੂਰੀ ਕਦਮ ਵੀ ਚੁੱਕੇਗਾ ਅਤੇ ਜਿਨ੍ਹਾਂ 'ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਨੂੰ "ਉਮਰ ਭਰ ਲਈ ਦੋਸ਼ੀ" ਠਹਿਰਾਇਆ ਜਾਵੇਗਾ। 

ਚੀਨ ਦੇ ਤਾਈਵਾਨ ਮਾਮਲਿਆਂ ਦੇ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਕੁਝ ਸਮੇਂ ਤੋਂ ਤਾਈਵਾਨ ਦੀ ਆਜ਼ਾਦੀ ਦੇ ਕੱਟੜ ਸਮਰਥਕਾਂ ਨੇ ਬਾਹਰੀ ਤਾਕਤਾਂ ਨਾਲ ਮਿਲੀਭੁਗਤ ਕਰਕੇ 'ਆਜ਼ਾਦੀ' ਦੀ ਭਾਵਨਾ ਨੂੰ ਭੜਕਾਉਣ ਦਾ ਕੰਮ ਕੀਤਾ। ਜਾਣਬੁੱਝ ਕੇ ਟਕਰਾਅ ਦੀ ਸਥਿਤੀ ਪੈਦਾ ਕਰਨ ਅਤੇ ਤਾਈਵਾਨ ਸਟ੍ਰੇਟ ਦੀ ਸਥਿਰਤਾ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਨੇ ਪੇਲੋਸੀ ਦੀ ਤਾਈਵਾਨ ਫੇਰੀ ਦੌਰਾਨ ਨਿਰਾਸ਼ਾਜਨਕ ਕੰਮ ਕੀਤਾ। ਬੁਲਾਰੇ ਨੇ ਕਿਹਾ ਕਿ ਮੰਗਲਵਾਰ ਨੂੰ ਐਲਾਨੇ ਗਏ ਕੱਟੜਪੰਥੀ ਵੱਖਵਾਦੀਆਂ ਦੇ ਨਾਂ ਸੂਚੀ ਦਾ ਸਿਰਫ ਇਕ ਹਿੱਸਾ ਹਨ। ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਸੱਤ ਲੋਕਾਂ ਵਿੱਚੋਂ, ਛੇ ਤਾਈਵਾਨ ਦੀ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ (ਡੀਪੀਪੀ) ਦੇ ਮੈਂਬਰ ਹਨ, ਜੋ ਆਜ਼ਾਦੀ ਦੀ ਪੈਰੋਕਾਰ ਹਨ।


author

Vandana

Content Editor

Related News