ਚੀਨ ’ਚ ਭਿਆਨਕ ਹੜ੍ਹ ਨਾਲ 25.7 ਅਰਬ ਡਾਲਰ ਦਾ ਨੁਕਸਾਨ, ਭੁੱਖਮਰੀ ਦਾ ਖਦਸ਼ਾ

Monday, Sep 07, 2020 - 08:31 AM (IST)

ਚੀਨ ’ਚ ਭਿਆਨਕ ਹੜ੍ਹ ਨਾਲ 25.7 ਅਰਬ ਡਾਲਰ ਦਾ ਨੁਕਸਾਨ, ਭੁੱਖਮਰੀ ਦਾ ਖਦਸ਼ਾ

ਪੇਈਚਿੰਗ, (ਵਿਸ਼ੇਸ਼)- ਚੀਨ ’ਚ ਭਿਆਨਕ ਹੜ੍ਹ ਨਾਲ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਾਂ ਲਾਪਤਾ ਹਨ । ਇੰਨਾ ਹੀ ਨਹੀਂ, ਇਸ ਕੁਦਰਤੀ ਆਫਤ ਨਾਲ ਚੀਨ ਨੂੰ ਸਿੱਧੇ ਤੌਰ ’ਤੇ 25.7 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਪਹੁੰਚਿਆਂ ਹੈ ਜੋ ਕਿ ਪਿਛਲੇ 5 ਸਾਲਾਂ ’ਚ ਹੋਏ ਔਸਤ ਨੁਕਸਾਨ ਨਾਲੋਂ 15.9 ਫੀਸਦੀ ਜ਼ਿਆਦਾ ਹੈ। ਭਾਵੇਂ ਹੜ੍ਹ ਦੇ ਪ੍ਰਭਾਵ ਤੋਂ ਵੱਡੇ ਸ਼ਹਿਰ ਜਿਆਦਾਤਰ ਸੁਰੱਖਿਅਤ ਹੀ ਰਹੇ, ਪਰ ਵੁਹਾਨ ’ਚ ਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਦੇਸ਼ ’ਚ ਪਹਿਲਾਂ ਤੋਂ ਹੀ ਹੋਏ ਆਰਥਿਕ ਨੁਕਸਾਨ ਨੂੰ ਹੜ੍ਹ ਨੇ ਹੋਰ ਵਧਾ ਦਿੱਤਾ ਹੈ।

 

ਹੜ੍ਹ ਕਾਰਣ 54,000 ਘਰ ਤਬਾਹ ਹੋ ਗਏ ਹਨ । ਚੀਨ ਦੁਨੀਆ ਦੀ ਦੂਜੀ ਵੱਡੀ ਅਰਥਵਿਵਸਥਾ ਹੈ, ਪਰ ਦੇਸ਼ ਦੇ ਬਾਜ਼ਾਰ ’ਚ ਮੰਗ ਘੱਟ ਅਤੇ ਵੱਧਦੀਆਂ ਕੀਮਤਾਂ ਵਿਚਾਲੇ ਵਾਧਾ ਦਰ ਮੱਠੀ ਹੋਈ ਹੈ। 1950 ਤੋਂ ਚੀਨ ਨੇ ਦੁਨੀਆ ਦੇ 10 ਸਭ ਤੋਂ ਵਿਨਾਸ਼ਕਾਰੀ ਹੜ੍ਹਾਂ ’ਚੋਂ 3 ਨੂੰ ਵੇਖਿਆ ਹੈ।

ਬਲੂਮਬਰਗ ਦੀ ਰਿਪੋਰਟ ਅਨੁਸਾਰ , ਸ਼ਹਿਰਾਂ ’ਚ ਹੜ੍ਹ ਨਾਲ ਸਥਿਤੀ ਹੋਰ ਬਦਤਰ ਹੁੰਦੀ ਜਾ ਰਹੀ ਹੈ ਜੋ ਵੱਧਦੀ ਆਬਾਦੀ ਅਤੇ ਸ਼ਹਿਰੀਕਰਣ ਦੀਆਂ ਨੀਤੀਆਂ ਨੂੰ ਪੂਰਾ ਕਰਨ ’ਚ ਅਸਫਲਤਾ ਦਾ ਸੰਕੇਤ ਹੈ। ਪਿਛਲੇ ਮਹੀਨੇ ਯਾਂਗਤਸੀਕਿਆਂਗ ਨਦੀ ’ਤੇ ਦੁਨੀਆ ਦੇ ਸਭ ਤੋਂ ਵੱਡੇ ਪਣਬਿਜਲੀ ਬੰਨ੍ਹ, ਥ੍ਰੀ ਗੋਰਜੇਸ ਡੈਮ ’ਚ ਹੜ੍ਹ ਦਾ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਇੱਥੇ ਹੜ੍ਹ ਦਾ ਪਾਣੀ ਓਵਰਫਲੋਅ ਹੋ ਸਕਦਾ ਸੀ ਜਿਸ ਨਾਲ ਚੀਨ ’ਚ ਇੱਕ ਵੱਡੀ ਬਰਬਾਦੀ ਹੋ ਸਕਦੀ ਸੀ। ਉਥੇ ਹੀ ਹੜ੍ਹ ਕਾਰਨ ਚੀਨ ’ਚ ਭਾਰੀ ਮਾਤਰਾ ’ਚ ਫਸਲ ਵੀ ਬਰਬਾਦ ਹੋਈ ਹੈ ਜਿਸ ਨਾਲ ਚੀਨ ਨੂੰ ਆਉਣ ਵਾਲੇ ਦਿਨਾਂ ’ਚ ਆਪਣੇ ਲੋਕਾਂ ਦਾ ਢਿੱਡ ਭਰਨਾ ਮੁਸ਼ਕਲ ਹੋ ਸਕਦਾ ਹੈ ਅਤੇ ਇੱਥੇ ਭੁੱਖਮਰੀ ਦਾ ਪੂਰਾ ਖਦਸ਼ਾ ਹੈ। ਦੁਨੀਆ ਦੀ 22 ਫੀਸਦੀ ਆਬਾਦੀ ਚੀਨ ’ਚ ਰਹਿੰਦੀ ਹੈ ਅਤੇ ਉਸ ਕੋਲ ਵਿਸ਼ਵ ਦੀ ਸਿਰਫ 7 ਫੀਸਦੀ ਵਾਹੀਯੋਗ ਜ਼ਮੀਨ ਹੈ ਜਿਸ ਦਾ ਰਕਬਾ 33.4 ਕਰੋਡ਼ ਏਕੜ ਹੈ।


author

Lalita Mam

Content Editor

Related News