ਕੁਆਰੰਟੀਨ ਦੇ ਨਾਂ ''ਤੇ ਕੀ ਕਰ ਰਿਹੈ ਚੀਨ, ਇਨ੍ਹਾਂ ਫਾਈਟਰਜ਼ ਦਾ ਨਹੀਂ ਲੱਗਾ ਕੋਈ ਪਤਾ

04/19/2020 2:56:47 PM

ਬੀਜਿੰਗ- ਚੀਨ 'ਤੇ ਕੋਰੋਨਾ ਵਾਇਰਸ ਨਾਲ ਜੁੜੀਆਂ ਜਾਣਕਾਰੀਆਂ ਲੁਕਾਉਣ ਨੂੰ ਲੈ ਕੇ ਦੋਸ਼ ਲੱਗ ਰਹੇ ਹਨ ਅਤੇ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਉੱਥੇ ਹੀ, ਅਮਰੀਕਾ ਨੇ ਚੀਨ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ। ਚੀਨ ਖਿਲਾਫ ਆਵਾਜ਼ ਸਿਰਫ ਪੱਛਮੀ ਦੇਸ਼ਾਂ ਨੇ ਹੀ ਨਹੀਂ ਬਲਕਿ ਖੁਦ ਉਸ ਦੇ ਘਰ ਵਿਚੋਂ ਵੀ ਆਵਾਜ਼ ਚੁੱਕੀ ਗਈ ਸੀ। ਜਿਨ੍ਹਾਂ ਲੋਕਾਂ ਨੇ ਇਹ ਆਵਾਜ਼ ਚੁੱਕੀ, ਹੁਣ ਉਹ ਸੋਸ਼ਲ ਮੀਡੀਆ ਜਾਂ ਪਬਲਿਕ ਵਿਚ ਦਿਖਾਈ ਨਹੀਂ ਦਿੰਦੇ। ਉਨ੍ਹਾਂ ਨੂੰ ਜ਼ਬਰਦਸਤੀ ਕੁਆਰੰਟੀਨ ਕਰ ਦਿੱਤਾ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਨ੍ਹਾਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ। ਇਨ੍ਹਾਂ ਵਿਚੋਂ ਇਕ ਵ੍ਹਿਸਲ ਬਲੋਅਰ ਡਾਕਟਰ ਲੀ ਵੇਲਿਆਂਗ ਵੀ ਸਨ। ਉਹ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਆਪਣੇ ਸਾਥੀਆਂ ਨੂੰ ਕੋਰੋਨਾ ਵਾਇਰਸ ਬਾਰੇ ਸੂਚਿਤ ਕੀਤਾ ਸੀ ਤੇ ਫਿਰ ਪਤਾ ਲੱਗਾ ਕਿ ਉਹ ਵੀ ਕੋਰੋਨਾ ਦੀ ਲਪੇਟ ਵਿਚ ਹਨ ਤੇ ਅਖੀਰ ਉਨ੍ਹਾਂ ਦੀ ਮੌਤ ਹੋ ਗਈ। ਖਬਰਾਂ ਹਨ ਕਿ ਉਨ੍ਹਾਂ ਨੂੰ ਪੁਲਸ ਨੇ ਵੀ ਪਰੇਸ਼ਾਨ ਕੀਤਾ ਸੀ ਤੇ ਆਵਾਜ਼ ਬੰਦ ਰੱਖਣ ਲਈ ਵੀ ਕਿਹਾ ਸੀ। 

PunjabKesari

ਡਾਕਟਰ ਲੀ ਦੀ ਮੌਤ ਤੋਂ ਇਕ ਦਿਨ ਪਹਿਲਾਂ ਭਾਵ 6 ਫਰਵਰੀ ਨੂੰ ਵਕੀਲ ਚੇਨ ਕਿਉਸ਼ੀ ਨੇ ਵੀ ਵੁਹਾਨ ਦੇ ਹਸਪਤਾਲ ਦੇ ਬਾਹਰ ਦੀ ਵੀਡੀਓ ਯੂ-ਟਿਊਬ 'ਤੇ ਸਾਂਝੀ ਕੀਤੀ ਸੀ, ਜਿਸ ਨੂੰ 4 ਲੱਖ ਲੋਕਾਂ ਨੇ ਦੇਖਿਆ ਸੀ। ਉਹ ਵੀ ਅਜੇ ਲਾਪਤਾ ਹਨ। ਪਰਿਵਾਰ ਨੇ ਦੱਸਿਆ ਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੈਡੀਕਲ ਕੁਆਰੰਟੀਨ ਕੀਤਾ ਗਿਆ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਕਿੱਥੇ ਰੱਖਿਆ ਗਿਆ ਹੈ। ਲਾਪਤਾ ਹੋਣ ਤੋਂ ਪਹਿਲਾਂ ਚੇਨ ਨੇ ਕਿਹਾ ਸੀ ਕਿ ਜਦ ਤਕ ਉਹ ਜਿਊਂਦਾ ਹੈ, ਉਹ ਬੋਲਦਾ ਰਹੇਗਾ। ਉਹ ਕਮਿਊਨਿਸਟ ਪਾਰਟੀ ਤੋਂ ਨਹੀਂ ਡਰਦਾ।

PunjabKesari

ਬਿਜ਼ਨੈਸ ਮੈਨ ਫੈਂਗ ਬਿਨ ਨੇ ਇਕ ਦਿਨ ਹਸਪਤਾਲ ਦੇ ਬਾਹਰ ਲਾਸ਼ਾਂ ਨਾਲ ਭਰੇ ਬੈਗ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ ਸੀ। ਇਹ ਸਭ ਅਜਿਹੇ ਸਮੇਂ ਵਾਇਰਲ ਹੋਇਆ ਜਦ ਚੀਨ ਇਹ ਦਿਖਾ ਰਿਹਾ ਸੀ ਕਿ ਵਾਇਰਸ ਕੰਟਰੋਲ ਵਿਚ ਹੈ। ਇਕ ਦਿਨ ਉਸ ਦੇ ਘਰ ਕੁਝ ਲੋਕ ਆਏ ਤੇ ਉਸ ਨੂੰ ਚੁੱਕ ਕੇ ਲੈ ਗਏ ਤੇ ਪਰਿਵਾਰ ਨੂੰ ਕਿਹਾ ਗਿਆ ਕਿ ਉਸ ਨੂੰ ਕੁਆਰੰਟੀਨ ਸੈਂਟਰ ਲੈ ਜਾਇਆ ਜਾ ਰਿਹਾ ਹੈ। ਉਹ ਡਾਕਟਰ ਨਹੀਂ, ਪੁਲਸ ਵਾਲੇ ਸਨ ਤੇ ਉਸ ਦਾ ਕੰਪਿਊਟਰ ਵੀ ਜ਼ਬਤ ਕਰ ਲਿਆ ਗਿਆ। ਅਗਲੇ ਦਿਨ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਉਸ ਨੇ ਫਿਰ ਸਰਕਾਰ ਖਿਲਾਫ ਵੀਡੀਓ ਵਿਚ ਆਵਾਜ਼ ਉਠਾਈ। ਅਗਲੇ ਦਿਨ ਫਿਰ ਪੁਲਸ ਆਈ ਅਤੇ ਦੋ ਮਹੀਨਿਆਂ ਤੋਂ ਉਹ ਆਪਣੇ ਘਰ ਵਾਪਸ ਨਹੀਂ ਪਰਤਿਆ।

ਕੁਝ ਅਜਿਹਾ ਹੀ ਟੀ. ਵੀ. ਰਿਪੋਰਟਰ ਲੀ ਜੇਹੁਏ ਨਾਲ ਹੋਇਆ। ਉਸ ਨੇ ਵੀ ਵੁਹਾਨ ਦੇ ਹਾਲਾਤ ਲਾਈਵ ਦਿਖਾ ਦਿੱਤੇ ਸਨ, ਇਸ ਦੇ ਬਾਅਦ ਸਾਦੀ ਵਰਦੀ ਵਿਚ ਪੁਲਸ ਉਸ ਦੇ ਘਰ ਆਈ ਤੇ ਉਸ ਨੂੰ ਲੈ ਗਈ। ਉਹ ਵੀ ਸੱਚ ਦਾ ਪਤਾ ਕਰਕੇ ਲੋਕਾਂ ਅੱਗੇ ਲਿਆਉਣਾ ਚਾਹੁੰਦਾ ਸੀ। 
ਅਰਬਪਤੀ ਵਪਾਰੀ ਰੇਨ ਝਿਕਿਆਂਗ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ 'ਤੇ ਦੋਸ਼ ਲਗਾਏ ਸਨ ਕਿ ਉਹ ਕੋਰੋਨਾ ਵਾਇਰਸ ਰੋਕਣ ਵਿਚ ਅਸਫਲ ਰਹੇ ਹਨ। ਇਸ ਦੇ ਬਾਅਦ ਮਾਰਚ ਮਹੀਨੇ ਤੋਂ ਉਹ ਕਿਤੇ ਨਜ਼ਰ ਨਹੀਂ ਆਏ। ਰੇਨ ਕਮਿਊਨਿਸਟ ਪਾਰਟੀ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੀ ਗ੍ਰਿਫਤਾਰੀ ਦੇ ਤਿੰਨ ਹਫਤੇ ਬਾਅਦ ਸਰਕਾਰ ਨੇ ਦੱਸਿਆ ਕਿ ਉਨ੍ਹਾਂ ਨੇ ਕਾਨੂੰਨ ਅਤੇ ਕਮਿਊਨਿਸਟ ਪਾਰਟੀ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ, ਇਸ ਲਈ ਉਹ ਹਿਰਾਸਤ ਵਿਚ ਹਨ।


Lalita Mam

Content Editor

Related News