ਹਮਾਸ ਦੇ ਨੇਤਾ ਇਸਮਾਈਲ ਹਾਨੀਆ ਦੇ ਕਤਲ ਦੀ ਚੀਨ ਨੇ ਕੀਤੀ ਨਿੰਦਾ
Wednesday, Jul 31, 2024 - 09:46 PM (IST)
ਬੀਜਿੰਗ : ਚੀਨ ਨੇ ਬੁੱਧਵਾਰ ਨੂੰ ਈਰਾਨ ਦੇ ਤਹਿਰਾਨ ਵਿਚ ਹਮਾਸ ਨੇਤਾ ਇਸਮਾਈਲ ਹਨੀਆ ਦੀ ਹੱਤਿਆ ਦੀ ਸਖਤ ਨਿੰਦਾ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਇਹ ਘਟਨਾ ਖੇਤਰ ਵਿਚ ਸੰਕਟ ਨੂੰ ਹੋਰ ਵਧਾ ਸਕਦੀ ਹੈ। ਚੀਨ ਨੇ ਪਿਛਲੇ ਹਫਤੇ ਵੱਖ-ਵੱਖ ਫਲਸਤੀਨੀ ਸਮੂਹਾਂ ਵਿਚਕਾਰ ਏਕਤਾ ਸਮਝੌਤਾ ਕਰਵਾਇਆ ਸੀ। ਈਰਾਨ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਨੇ ਬੁੱਧਵਾਰ ਨੂੰ ਕਿਹਾ ਕਿ ਹਮਾਸ ਦੇ ਨੇਤਾ ਇਸਮਾਈਲ ਹਾਨੀਆ ਦੀ ਤਹਿਰਾਨ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਹਾਨੀਆ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸਕੀਅਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਹਿਰਾਨ ਵਿੱਚ ਸਨ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਬੀਜਿੰਗ ਹਾਨੀਆ ਦੀ ਹੱਤਿਆ ਦਾ ਸਖ਼ਤ ਵਿਰੋਧ ਕਰਦਾ ਹੈ। ਲਿਨ ਨੇ ਕਿਹਾ ਕਿ ਚੀਨ ਨੇ ਹਮੇਸ਼ਾ ਖੇਤਰੀ ਵਿਵਾਦਾਂ ਨੂੰ ਹੱਲ ਕਰਨ ਦੀ ਵਕਾਲਤ ਕੀਤੀ ਹੈ। ਉਸਨੇ ਕਿਹਾ ਕਿ ਚੀਨ ਡੂੰਘੀ ਚਿੰਤਾ 'ਚ ਹੈ ਕਿ ਇਸ ਘਟਨਾ ਨਾਲ ਖੇਤਰ ਵਿੱਚ ਹੋਰ ਅਸ਼ਾਂਤੀ ਪੈਦਾ ਹੋ ਸਕਦੀ ਹੈ। ਉਨ੍ਹਾਂ ਨੇ ਸੰਘਰਸ਼ ਨੂੰ ਹੋਰ ਵਧਣ ਤੋਂ ਰੋਕਣ ਲਈ ਗਾਜ਼ਾ ਵਿੱਚ ਵਿਆਪਕ ਅਤੇ ਸਥਾਈ ਜੰਗਬੰਦੀ ਲਈ ਚੀਨ ਦੇ ਸੱਦੇ ਨੂੰ ਵੀ ਦੁਹਰਾਇਆ।