ਚੀਨ ਕੈਮੀਕਲ ਪਲਾਂਟ ''ਚ ਧਮਾਕੇ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 64
Saturday, Mar 23, 2019 - 03:51 PM (IST)

ਬੀਜਿੰਗ(ਵਾਰਤਾ) : ਚੀਨ ਦੇ ਜਿਆਂਗਸੁ ਸੂਬੇ ਦੇ ਯਾਨਚੇਂਗ ਸ਼ਹਿਰ 'ਚ ਇਕ ਕੈਮੀਕਲ ਪਲਾਂਟ 'ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 64 ਹੋ ਗਈ ਹੈ, ਜਦੋਂਕਿ 28 ਲੋਕ ਅਜੇ ਵੀ ਲਾਪਤਾ ਹਨ। ਸ਼ਹਿਰ ਦੇ ਮੇਅਰ ਕਾਓ ਲੁਬਾਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ 'ਚੋਂ 26 ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਤੋਂ ਬਾਅਦ 617 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿਨ੍ਹਾਂ 'ਚੋਂ 143 ਲੋਕਾਂ ਦਾ ਇਲਾਜ ਅਜੇ ਵੀ ਜਾਰੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਦੀ ਦੁਪਹਿਰ ਨੂੰ 2.48 'ਤੇ ਕੈਮੀਕਲ ਪਲਾਂਟ 'ਚ ਹੋਇਆ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੀਆਂ ਇਮਾਰਤਾਂ ਤੱਕ ਹਿੱਲ ਗਈਆਂ ਅਤੇ ਮਕਾਨਾਂ ਦੀਆਂ ਖਿੜਕੀਆਂ ਦੇ ਕੱਚ ਤੱਕ ਟੁੱਟ ਗਏ। ਧਮਾਕੇ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਇਲਾਕੇ 'ਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।