ਚੀਨ 'ਚ 'ਬੇਬੀ ਮਿਲਕ' ਫਾਰਮੂਲਾ ਘਪਲੇ ਦਾ ਖੁਲਾਸਾ, ਜਾਂਚ ਜਾਰੀ

Thursday, May 14, 2020 - 04:55 PM (IST)

ਬੀਜਿੰਗ (ਬਿਊਰੋ): ਚੀਨ ਵਿਚ ਛੋਟੇ ਬੱਚਿਆਂ ਦੇ ਦੁੱਧ ਨਾਲ ਸਬੰਧਤ ਇਕ ਹੋਰ ਘਪਲੇ ਸੰਬੰਧੀ ਖਬਰਾਂ ਸਾਹਮਣੇ ਆਈਆਂ ਹਨ। ਦੱਖਣੀ ਹੁਨਾਨ ਸੂਬੇ ਵਿਚ ਅਧਿਕਾਰੀ ਨਕਲੀ ਦੁੱਧ ਦੇ ਫਾਰਮੂਲੇ ਦੀ ਜਾਂਚ ਕਰ ਰਹੇ ਹਨ ਜਿਸ ਦੇ ਪੀਣ ਨਾਲ ਬੱਚਿਆਂ ਵਿਚ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸਾਊਥ ਚਾਈਨਾ ਮੌਰਨਿੰਗ ਪੋਸਟ ਅਖਬਾਰ ਨੇ ਵੀਰਵਾਰ ਨੂੰ ਸਥਾਨਕ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਕਿ ਚੇਨਝੇਊ ਦੇ ਯੋਂਗਕਸਿੰਗ ਕਾਊਂਟੀ ਦੇ ਅਧਿਕਾਰੀ ਬੇਈ ਇਨ ਮਿਨ ਨਾਮ ਦੇ ਇਕ ਪ੍ਰੋਟੀਨ ਡਰਿੰਕ ਦੀ ਵਿਕਰੀ ਦੀ ਜਾਂਚ ਕਰ ਰਹੇ ਹਨ। ਜਿਸ ਨੂੰ 'ਲਵ ਬੇਬੀਜ਼ ਵਰਕਸ਼ਾਪ' ਸਟੋਰ ਵਿਚ ਕਥਿਤ ਤੌਰ 'ਤੇ ਫਾਰਮੂਲਾ ਦੁੱਧ ਦੱਸ ਕੇ ਵੇਚਿਆ ਗਿਆ। 

5 ਬੱਚਿਆਂ ਦੇ ਮਾਤਾ-ਪਿਤਾ ਨੇ ਕਾਊਂਟੀ ਦੀ ਮਾਰਕੀਟ ਨਿਗਰਾਨੀ ਅਥਾਰਿਟੀ ਨੂੰ ਸਾਵਧਾਨ ਕੀਤਾ ਕਿ ਉਹਨਾਂ ਦੇ ਬੱਚਿਆਂ ਵਿਚ ਐਕਜ਼ਿਮਾ (Eczema) ਹੋ ਗਿਆ ਹੈ। ਇਹ ਇਕ ਅਜਿਹੀ ਸਥਿਤੀ ਹੁੰਦੀ ਹੈ ਜਿਸ ਨਾਲ ਸਕਿਨ ਲਾਲ ਹੋ ਜਾਂਦੀ ਹੈ ਅਤੇ ਉਸ ਜਗ੍ਹਾ ਖਾਰਿਸ਼ ਹੋਣ ਲੱਗਦੀ ਹੈ। ਉਹਨਾਂ ਨੇ ਦੱਸਿਆ ਕਿ ਦੁੱਧ ਪੀਣ ਦੇ ਬਾਅਦ ਅਚਾਨਕ ਬਚਿਆਂ ਦਾ ਵਜ਼ਨ ਘੱਟ ਗਿਆ ਅਤੇ ਸਿਰ ਸੁੱਜ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੱਚੇ ਬਾਰ-ਬਾਰ ਖੁਦ ਨੂੰ ਸਿਰ 'ਤੇ ਮਾਰ ਰਹੇ ਸਨ ਅਤੇ ਫਿਰ ਉਹਨਾਂ ਸਾਰਿਆਂ ਦੇ ਰਿਕੇਟਸ (ਕਮਜ਼ੋਰੀ ਨਾਲ ਸਬੰਧਤ ਇਕ ਤਰ੍ਹਾਂ ਦੀ ਬੀਮਾਰੀ) ਨਾਲ ਪੀੜਤ ਹੋਣ ਬਾਰੇ ਪਤਾ ਚੱਲਿਆ।

ਪੜ੍ਹੋ ਇਹ ਅਹਿਮ ਖਬਰ- ਸਾਬਕਾ ਕਬੱਡੀ ਖਿਡਾਰੀ ਤੇ ਪੰਜਾਬੀ ਸਭਿਆਚਾਰ ਪ੍ਰਮੋਟਰ ਮੱਖਣ ਸਿੰਘ ਜੌਹਲ ਦਾ ਦਿਹਾਂਤ

ਸੋਮਵਾਰ ਨੂੰ ਨਵੇਂ ਮਾਮਲਿਆਂ ਦੀ ਰਿਪੋਰਟ ਕਰਨ ਵਾਲੇ ਹੁਨਾਨ ਟੀਵੀ ਦੇ ਮੁਤਾਬਕ,''ਮਾਤਾ-ਪਿਤਾ ਆਪਣੇ ਬੱਚਿਆਂ ਦੇ ਲਈ ਇਕ ਐਮੀਨੋ ਐਸਿਡ ਵਾਲਾ ਦੁੱਧ ਪਾਊਡਰ ਖਰੀਦਣ ਲਈ ਸਟੋਰ 'ਤੇ ਗਏ ਜਿਹਨਾਂ ਨੂੰ ਆਮ ਫਾਰਮੂਲਾ ਦੁੱਧ ਤੋਂ ਐਲਰਜੀ ਸੀ। ਦੁਕਾਨ ਦੇ ਕਰਮਚਾਰੀਆਂ ਨੇ ਬੇਈ ਏਨ ਮਿਨ ਦੀ ਸਿਫਾਰਿਸ਼ ਕਰਦਿਆਂ ਕਿਹਾ ਕਿ ਇਹ ਸਟੋਰ ਦਾ ਸਭ ਤੋਂ ਵਧੀਆ ਚੰਗੇ ਫਾਰਮੂਲੇ ਵਾਲਾ ਦੁੱਧ ਹੈ ਅਤੇ ਐਲਰਜ਼ੀ ਨਾਲ ਪੀੜਤ ਕਈ ਬੱਚਿਆਂ ਨੂੰ ਦਿੱਤਾ ਗਿਆ ਹੈ। ਇਕ ਮਾਂ ਨੇ ਸਮਾਚਾਰ ਐਪ ਟੂਟੀਯਾਓ 'ਤੇ ਲਿਖਿਆ,''ਉਸ ਨੇ ਆਪਣੇ ਬੱਚੇ ਨੂੰ 6 ਮਹੀਨੇ ਤੱਕ ਇਹ ਦੁੱਧ ਪਾਊਡਰ ਪਿਲਾਇਆ। 6 ਮਹੀਨੇ ਬੀਤ ਜਾਣ ਮਗਰੋਂ ਵੀ ਉਸ ਦੇ ਬੱਚੇ ਦਾ ਵਿਕਾਸ ਰੁੱਕਿਆ ਰਿਹਾ ਅਤੇ 18 ਮਹੀਨੇ ਦਾ ਹੋਣ 'ਤੇ ਉਹ ਤੁਰ ਵੀ ਨਹੀਂ ਸਕਿਆ।'' ਉਸ ਨੇ ਕਿਹਾ,''ਹੁਣ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਬੱਚੇ ਨੇ ਨਕਲੀ ਬੇਬੀ ਮਿਲਕ ਪੀਤਾ ਹੈ। ਮੈਨੂੰ ਹੁਣ ਭਵਿੱਖ ਵਿਚ ਉਸ ਦੀ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਲੈਕੇ ਚਿੰਤਾ ਹੋ ਰਹੀ ਹੈ।'' ਇਸ ਮਗਰੋਂ ਮਹਿਲਾ ਡਾਕਟਰ ਕੋਲ ਗਈ ਅਤੇ ਫਿਰ ਡਾਕਟਰ ਨੇ ਉਸ ਨੂੰ ਦੂਜੇ ਬ੍ਰਾਂਡ ਦਾ ਦੁੱਧ ਵਰਤਣ ਦੀ ਸਲਾਹ ਦਿੱਤੀ।


ਪੜ੍ਹੋ ਇਹ ਅਹਿਮ ਖਬਰ- ਤੁਰਕੀ 'ਚ ਫਸੇ ਭਾਰਤੀ ਪਰਿਵਾਰ ਨੇ ਮਦਦ ਲਈ ਪੀ.ਐੱਮ. ਮੋਦੀ ਨੂੰ ਕੀਤੀ ਅਪੀਲ


Vandana

Content Editor

Related News