ਅਮਰੀਕਾ ਦੇ ਸੌਰ ਪੈਨਲ ਸਮੱਗਰੀ ’ਤੇ ਬੈਨ ’ਤੇ ਭੜਕਿਆ ਚੀਨ, ਕਿਹਾ-‘ US ਸ਼ਿਨਜਿਆਂਗ ਦਾ ਵਿਕਾਸ ਦਬਾਉਣਾ ਚਾਹੁੰਦਾ ਹੈ'
Saturday, Jun 26, 2021 - 12:23 PM (IST)

ਬੀਜ਼ਿੰਗ: ਅਮਰੀਕਾ ਦੇ ਸੌਰ ਪੈਨਲ ਸਮੱਗਰੀ ’ਤੇ ਬੈਨ ’ਤੇ ਭੜਕੇ ਚੀਨ ਨੇ ਇਸ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਚੀਨ ਸਰਕਾਰ ਨੇ ਸ਼ੁੱਕਰਵਾਰ ਨੂੰ ਸੌਰ ਪੈਨਲ ਸਮੱਗਰੀ ਦੇ ਆਯਾਤ ’ਤੇ ਅਮਰੀਕੀ ਪਾਬੰਦੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਬੀਜ਼ਿੰਗ ਚੀਨੀ ਕੰਪਨੀਆਂ ਦੀ ਰੱਖਿਆ ਕਰੇਗਾ ਪਰ ਉਸ ਨੇ ਸੰਭਾਵਿਤ ਜਵਾਬੀ ਕਾਰਵਾਈ ਕਰਨ ਦਾ ਕੋਈ ਵੇਰਵਾ ਨਹੀਂ ਦਿੱਤਾ। ਅਮਰੀਕੀ ਕਸਟਮ ਡਿਊਟੀ ਏਜੰਸੀ ਨੇ ਕਿਹਾ ਸੀ ਕਿ ਉਹ ਹੋਸ਼ਾਇਨ ਸਿਲੀਕਾਨ ਇੰਡਸਟਰੀ ਕੰਪਨੀ ਤੋਂ ਪਾਲੀਸਿਲੀਕਾਨ ਦੇ ਆਯਾਤ ਨੂੰ ਰੋਕ ਦੇਵੇਗੀ। ਸੌਰ ਪੈਨਲਾਂ ਦੇ ਕੱਚੇ ਮਾਲ ਅਤੇ ਘਟਕਾਂ ਦੇ ਛੇ ਹੋਰ ਚੀਨੀ ਸਪਲਾਈਕਰਤਾਵਾਂ ਤੋਂ ਆਯਾਤ ਨੂੰ ਵੀ ਪ੍ਰਤੀਬੰਧਿਤ ਕੀਤਾ ਜਾਣਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਕਿਹਾ ਕਿ ਸ਼ਿਨਜਿਆਂਗ ਦੇ ਉਦਯੋਗਿਤ ਵਿਕਾਸ ਨੂੰ ਦਬਾਉਣ ਦੇ ਲਈ ਅਮਰੀਕਾ ‘ਮਨੁੱਖੀ ਅਧਿਕਾਰਾਂ ਨੂੰ ਇਕ ਬਹਾਨੇ’ ਦੇ ਰੂਪ ’ਚ ਵਰਤੋਂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਸ਼ਿਨਜਿਆਂਗ ਦੇ ਲੋਕਾਂ ਦੇ ਬਾਰੇ ’ਚ ਬਿਲਕੁੱਲ ਵੀ ਪਰਵਾਹ ਨਹੀਂ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਅਸਲੀ ਸਾਜ਼ਿਸ਼ ਅਤੇ ਨਾਪਾਕ ਇਰਾਦੇ ਚੀਨ ਨੂੰ ਕੰਟਰੋਲ ਕਰਨ ਲਈ ਸ਼ਿਨਜਿਆਂਗ ’ਚ ਗੜਬੜੀ ਪੈਦਾ ਕਰਨਾ ਹੈ। ਚੀਨੀ ਅਧਿਕਾਰੀਆਂ ਨੇ ਸ਼ਿਨਜਿਆਂਗ ’ਚ ਮੁੱਖ ਰੂਪ ਨਾਲ ਮੁਸਲਿਮ ਗਰੁੱਪਾਂ ਦੇ ਖ਼ਿਲਾਫ਼ ਜਬਰਨ ਮਜ਼ਦੂਰੀ ਅਤੇ ਹੋਰ ਮਾੜੇ ਵਿਵਹਾਰਾਂ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਝਾਓ ਨੇ ਕਿਹਾ ਕਿ ਬੀਜ਼ਿੰਗ ਆਪਣੀਆਂ ਕੰਪਨੀਆਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕਰੇਗਾ ਪਰ ਉਨ੍ਹਾਂ ਨੇ ਕੋਈ ਵੇਰਵਾ ਨਹੀਂ ਦਿੱਤਾ।