ਚੀਨ ਨੇ ਗਲਵਾਲ ਘਾਟੀ ''ਤੇ ਪ੍ਰਭੂਸੱਤਾ ਦਾ ਕੀਤਾ ਦਾਅਵਾ, ਜਵਾਨਾਂ ਬਾਰੇ ਟਿੱਪਣੀ ਤੋਂ ਇਨਕਾਰ

06/17/2020 6:13:01 PM

ਬੀਜਿੰਗ (ਭਾਸ਼ਾ): ਚੀਨ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਅਤੇ ਭਾਰਤੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਦੇ ਬਾਅਦ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਘਾਟੀ ਦੀ ਪ੍ਰਭੂਸੱਤਾ ਹਮੇਸ਼ਾ ਤੋਂ ਉਸੇ ਦੀ ਹੀ ਹੈ। ਭਾਰਤ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਦੇ ਵਿਚ ਹਿੰਸਕ ਝੜਪ ਖੇਤਰ ਵਿਚ ਸਥਿਤੀ ਨੂੰ ਇਕਪਾਸੜ ਤਰੀਕੇ ਨਾਲ ਬਦਲਣ ਦੀ ਚੀਨੀ ਪੱਖ ਦੀ ਕੋਸ਼ਿਸ਼ ਕਾਰਨ ਹੋਈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਹਿਲਾਂ ਚੋਟੀ ਪੱਧਰ 'ਤੇ ਜਿਹੜੀ ਸਹਿਮਤੀ ਬਣੀ ਸੀ ਜੇਕਰ ਚੀਨੀ ਪੱਖ ਨੇ ਗੰਭੀਰਤਾ ਨਾਲ ਉਸ ਦਾ ਪਾਲਣ ਕੀਤਾ ਹੁੰਦਾ ਤਾਂ ਦੋਹਾਂ ਪੱਖਾਂ ਨੂੰ ਹੋਏ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਪੱਤਰਕਾਰ ਸੰਮੇਲਨ ਵਿਚ ਸੋਮਵਾਰ ਰਾਤ ਨੂੰ ਹੋਈ ਝੜਪ ਵਿਚ ਚੀਨੀ ਪੱਖ ਦੇ 43 ਜਵਾਨਾਂ ਦੇ ਜ਼ਖਮੀ ਹੋਣ ਸੰਬੰਧੀ ਰਿਪੋਰਟਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ,''ਸੀਮਾ 'ਤੇ ਬਲ ਸਬੰਧਤ ਮਾਮਲਿਆਂ ਨਾਲ ਨਜਿੱਠ ਰਹੇ ਹਨ।'' ਬੁਲਾਰੇ ਨੇ ਸਵਾਲ ਕੀਤਾ ਕੀ ਭਾਰਤ ਨੇ ਜ਼ਖਮੀਆਂ ਦੀ ਗਿਣਤੀ ਜਾਰੀ ਕਰ ਦਿੱਤੀ ਹੈ ਪਰ ਚੀਨ ਆਪਣੇ ਜ਼ਖਮੀ ਜਵਾਨਾਂ ਦੀ ਗਿਣਤੀ ਕਿਉਂ ਨਹੀਂ ਦੱਸ ਰਿਹਾ। ਇਸ ਦੇ ਜਵਾਬ ਵਿਚ ਝਾਓ ਨੇ ਕਿਹਾ,''ਮੈਂ ਕਿਹਾ ਹੈ ਕਿ ਚੀਨੀ ਅਤੇ ਭਾਰਤੀ ਸੀਮਾ ਬਲ ਸਬੰਧਤ ਮਾਮਲਿਆਂ 'ਤੇ ਮਿਲ ਕੇ ਜ਼ਮੀਨੀ  ਪੱਧਰ 'ਤੇ ਨਜਿੱਠ ਰਹੇ ਹਨ। ਫਿਲਹਾਲ ਮੈਨੂੰ ਇਸ਼ ਬਾਰੇ ਵਿਚ ਕੁਝ ਹੋਰ ਨਹੀਂ ਕਹਿਣਾ ਹੈ।'' 

ਝਾਓ ਨੇ ਕਿਹਾ ਕਿ ਚੀਨ ਅਤੇ ਭਾਰਤ ਦੀ ਸੀਮਾ 'ਤੇ ਸਥਿਤੀ ਨੂੰ ਲੈਕੇ ਦੋਵੇਂ ਪੱਖ ਗੱਲਬਾਤ ਦੇ ਜ਼ਰੀਏ ਡਿਪਲੋਮੈਟਿਕ ਅਤੇ ਮਿਲਟਰੀ ਮਾਧਿਅਮਾਂ ਜ਼ਰੀਏ ਇਸ ਨੂੰ ਹੱਲ ਕਰ ਰਹੇ ਹਨ। ਉਹਨਾਂ ਨੇ ਪੱਤਰਕਾਰਾਂ ਦੇ ਕਈ ਸਵਾਲਾਂ ਦੇ ਜਵਾਬ ਵਿਚ ਕਿਹਾ,''ਸੀਮਾ ਸੰਬੰਧੀ ਪੂਰੀ ਸਥਿਤੀ ਸਥਿਰ ਅਤੇ ਕੰਟਰੋਲਯੋਗ ਹੈ।'' ਭਾਰਤੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਲੱਦਾਖ ਦੀ ਗਲਵਾਨ ਘਾਟੀ ਵਿਚ ਕੁੱਲ 20 ਭਾਰਤੀ ਫੌਜੀ ਸ਼ਹੀਦ ਹੋਏ ਹਨ। ਇਸ ਝੜਪ ਦੇ ਪਹਿਲਾਂ ਤੋਂ ਹੀ ਦੋਹਾਂ ਪੱਖਾ ਵਿਚਾਲੇ ਸੀਮਾ 'ਤੇ ਗਤੀਰੋਧ ਚੱਲ ਰਿਹਾ ਹੈ। ਇਹ ਪਿਛਲੇ ਕਰੀਬ 5 ਦਹਾਕਿਆਂ ਵਿਚ ਦੋਹਾਂ ਦੇਸ਼ਾਂ ਵਿਚਾਲੇ ਸਭ ਤੋਂ ਵੱਡਾ ਮਿਲਟਰੀ ਟਕਰਾਅ ਹੈ, ਜਿਸ ਦੇ ਕਾਰਨ ਸੀਮਾ 'ਤੇ ਪਹਿਲਾਂ ਤੋਂ ਜਾਰੀ ਗਤੀਰੋਧ ਦੀ ਸਥਿਤੀ ਹੋਰ ਗੰਭੀਰ ਹੋ ਗਈ ਹੈ। ਪੂਰਬੀ ਲੱਦਾਖ ਦੇ ਪੈਂਗੋਂਗ ਸੋ, ਗਲਵਾਨ ਘਾਟੀ, ਡੇਮਚੋਕ ਅਤੇ ਦੌਲਤ ਬੇਗ ਓਲਡੀ ਇਲਾਕੇ ਵਿਚ ਭਾਰਤੀ ਅਤੇ ਚੀਨੀ ਫੌਜ ਦੇ ਵਿਚ ਗਤੀਰੋਧ ਜਾਰੀ ਹੈ। ਪੈਂਗੋਂਗਸੋ ਸਮੇਤ ਕਈ ਇਲਾਕਿਆਂ ਵਿਚ ਚੀਨੀ ਮਿਲਟਰੀ ਕਰਮੀਆ ਨੇ ਸੀਮਾ 'ਤੇ ਹਮਲਾ ਕੀਤਾ ਹੈ। ਭਾਰਤੀ ਫੌਜ ਨੇ ਚੀਨੀ ਫੌਜ ਦੀ ਇਸ ਕਾਰਵਾਈ 'ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ ਅਤੇ ਖੇਤਰ ਵਿਚ ਸ਼ਾਂਤੀ ਲਈ ਤੁਰੰਤ ਉਸ ਨੂੰ ਪਿੱਛੇ ਹਟਣ ਦੀ ਮੰਗ ਕੀਤੀ ਹੈ। ਗਤੀਰੋਧ ਦੂਰ ਕਰਨ ਲਈ ਪਿਛਲੇ ਕੁਝ ਦਿਨਾਂ ਵਿਚ ਦੋਹੀਂ ਪਾਸਿਓਂ ਕਈ ਵਾਰ ਗੱਲਬਾਤ ਵੀ ਹੋਈ ਹੈ।


Vandana

Content Editor

Related News