ਚੀਨ ਨੇ ਤਾਲਿਬਾਨ ਨਾਲ ਪਹਿਲਾ ਕੂਟਨੀਤਕ ਸੰਪਰਕ ਕੀਤਾ ਸਥਾਪਤ, ਕਾਬੁਲ ’ਚ ਹੋਈ ਪਹਿਲੀ ਗੱਲਬਾਤ

08/26/2021 1:28:26 PM

ਬੀਜਿੰਗ (ਭਾਸ਼ਾ)- ਚੀਨ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਬੀਜਿੰਗ ਨੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨਾਲ ਪਹਿਲਾ ਕੂਟਨੀਤਕ ਸੰਪਰਕ ਸਥਾਪਤ ਕੀਤਾ ਹੈ ਅਤੇ ਹੁਣ ਦੋਵਾਂ ਧਿਰਾਂ ਵਿਚਾਲੇ 'ਪਹੁੰਚਯੋਗ ਅਤੇ ਪ੍ਰਭਾਵਸ਼ਾਲੀ ਸੰਚਾਰ' ਹੈ। ਅਮਰੀਕਾ ਵੱਲੋਂ ਅਫ਼ਗਾਨਿਸਤਾਨ ਤੋਂ ਆਪਣੀਆਂ ਫੌਜਾਂ ਦੀ ਪੂਰਨ ਵਾਪਸੀ ਲਈ ਨਿਰਧਾਰਤ ਡੈੱਡਲਾਈਨ ਤੋਂ 2 ਹਫ਼ਤੇ ਪਹਿਲਾਂ ਤਾਲਿਬਾਨ ਨੇ 15 ਅਗਸਤ ਨੂੰ ਦੇਸ਼ 'ਤੇ ਕਬਜ਼ਾ ਕਰ ਲਿਆ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਮੀਡੀਆ ਨੂੰ ਕਿਹਾ, 'ਚੀਨ ਅਤੇ ਅਫ਼ਗਾਨ ਤਾਲਿਬਾਨ ਵਿਚਾਲੇ ਸੁਚਾਰੂ ਅਤੇ ਪ੍ਰਭਾਵਸ਼ਾਲੀ ਗੱਲਬਾਤ ਹੋ ਰਹੀ ਹੈ।' ਉਨ੍ਹਾਂ ਨੂੰ ਤਾਲਿਬਾਨ ਦੇ ਰਾਜਨੀਤਕ ਦਫ਼ਤਰ ਦੇ ਉਪ ਪ੍ਰਮੁੱਖ ਅਬਦੁੱਲ ਸਲਾਮ ਹਨਾਫੀ ਅਤੇ ਅਫ਼ਗਾਨਿਸਤਾਨ ਵਿਚ ਚੀਨੀ ਰਾਜਦੂਤ ਵਾਂਗ ਯੂ ਵਿਚਾਲੇ ਕਾਬੁਲ ਵਿਚ ਹੋਈ ਗੱਲਬਾਤ ਬਾਰੇ ਪੁੱਛਿਆ ਗਿਆ ਸੀ।

ਇਹ ਵੀ ਪੜ੍ਹੋ: ਤਾਲਿਬਾਨ ਦੀ ਬੇਰਹਿਮੀ ਦੀ ਦਿਲ ਕੰਬਾਊ ਤਸਵੀਰ, ਮਾਂ-ਪਿਓ ਸਾਹਮਣੇ ਬੱਚਿਆਂ ਦਾ ਕਰ ਰਹੇ ਨੇ ਕਤਲ

ਵਾਂਗ ਨੇ ਗੱਲਬਾਤ ਬਾਰੇ ਵੇਰਵਾ ਦਿੱਤੇ ਬਿਨਾਂ ਕਿਹਾ, 'ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਲਈ ਕਾਬੁਲ ਸੁਭਾਵਿਕ ਰੂਪ ਨਾਲ ਇਕ ਮਹੱਤਵਪੂਰਨ ਮੰਚ ਅਤੇ ਮਾਧਿਅਮ ਹੈ।' ਵਾਂਗ ਨੇ ਕਿਹਾ, 'ਅਸੀਂ ਹਮੇਸ਼ਾ ਅਫ਼ਗਾਨਿਸਤਾਨ ਦੀ ਪ੍ਰਭੂਸੱਤਾ, ਸੁਤੰਤਰਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦੇ ਹਾਂ ਅਤੇ ਅਫ਼ਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਨਾ ਕਰਨ ਦੇ ਸਿਧਾਂਤ ਦੀ ਪਾਲਣਾ ਕਰਦੇ ਹਾਂ ਅਤੇ ਸਾਰੇ ਅਫ਼ਗਾਨ ਲੋਕਾਂ ਪ੍ਰਤੀ ਦੋਸਤਾਨਾ ਨੀਤੀ ਰੱਖਦੇ ਹਾਂ।' ਉਨ੍ਹਾਂ ਕਿਹਾ ਕਿ ਚੀਨ ਅਫ਼ਗਾਨ ਲੋਕਾਂ ਦੇ ਆਪਣੇ ਭਵਿੱਖ ਅਤੇ ਕਿਸਮਤ ਬਾਰੇ ਸੁਤੰਤਰ ਫ਼ੈਸਲਿਆਂ ਦਾ ਸਨਮਾਨ ਕਰਦਾ ਹੈ, ਅਫ਼ਗਾਨ ਲੀਡਰਸ਼ਿਪ ਅਤੇ ਅਫ਼ਗਾਨ ਮਾਲਕੀ ਵਾਲੇ ਸਿਧਾਂਤਾਂ ਨੂੰ ਲਾਗੂ ਕਰਨ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ, 'ਚੀਨ ਅਫ਼ਗਾਨਿਸਤਾਨ ਨਾਲ ਦੋਸਤੀ ਅਤੇ ਸਹਿਯੋਗ ਦੇ ਚੰਗੇ ਗੁਆਂਢੀ ਦੇ ਰਿਸ਼ਤਿਆਂ ਨੂੰ ਵਿਕਸਤ ਕਰਨ ਅਤੇ ਦੇਸ਼ ਵਿਚ ਸ਼ਾਂਤੀ ਅਤੇ ਪੁਨਰ ਨਿਰਮਾਣ ਵਿਚ ਉਸਾਰੂ ਭੂਮਿਕਾ ਨਿਭਾਉਣ ਲਈ ਤਿਆਰ ਹੈ।'

ਇਹ ਵੀ ਪੜ੍ਹੋ: ਕੈਨੇਡਾ 'ਚ ਨਾਬਾਲਗ ਕੁੜੀ ਨੂੰ ਦੇਹ ਵਪਾਰ ਦੇ ਧੰਦੇ 'ਚ ਧੱਕਣ ਦੇ ਦੋਸ਼ 'ਚ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਭਾਰਤ, ਅਮਰੀਕਾ ਅਤੇ ਹੋਰ ਦੇਸ਼ਾਂ ਨੇ 15 ਅਗਸਤ ਨੂੰ ਤਾਲਿਬਾਨ ਦੇ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਆਪਣੇ ਕੂਟਨੀਤਕ ਮਿਸ਼ਨ ਬੰਦ ਕਰ ਦਿੱਤੇ ਸਨ, ਜਦੋਂਕਿ ਪਾਕਿਸਤਾਨ ਅਤੇ ਰੂਸ ਦੇ ਨਾਲ ਚੀਨ ਨੇ ਕਾਬੁਲ ਵਿਚ ਆਪਣੇ ਦੂਤਘਰ ਖੁੱਲ੍ਹੇ ਰੱਖੇ। ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੌਰਾਨ ਚੀਨ ਸ਼ਾਂਤ ਰਿਹਾ ਅਤੇ ਕਾਬੁਲ ਵਿਚ ਇਕ ਸਮਾਵੇਸ਼ੀ ਸਰਕਾਰ ਦੀ ਮੰਗ ਕੀਤੀ। ਚੀਨ ਨੇ ਪਿਛਲੇ ਹਫ਼ਤੇ ਮੁੱਲਾ ਅਬਦੁਲ ਗਨੀ ਬਰਾਦਰ ਦੀ ਅਗਵਾਈ ਵਿਚ ਤਾਲਿਬਾਨ ਦੇ ਇਕ ਵਫ਼ਦ ਦੀ ਮੇਜ਼ਬਾਨੀ ਕੀਤੀ ਸੀ। ਬਰਾਦਰ ਨਾਲ ਆਪਣੀ ਗੱਲਬਾਤ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਉਨ੍ਹਾਂ ਤੋਂ ਅੱਤਵਾਦੀ ਸਮੂਹਾਂ ਖ਼ਾਸ ਕਰਕੇ ਸ਼ਿਨਜਿਆਂਗ ਸੂਬੇ ਵਿਚ ਉਈਗਰ ਮੁਸਲਮਾਨ ਅੱਤਵਾਦੀ ਸਮੂਹ, ਦਿ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ (ਈ.ਟੀ.ਆਈ.ਐੱਮ.) ਨਾਲ ਆਪਣੇ ਸਬੰਧ ਤੋੜਨ ਲਈ ਕਿਹਾ ਸੀ। ਬਰਾਦਰ ਨੇ ਕਥਿਤ ਤੌਰ 'ਤੇ ਵਾਂਗ ਨੂੰ ਭਰੋਸਾ ਦਿਵਾਇਆ ਸੀ ਕਿ ਤਾਲਿਬਾਨ ਅਫ਼ਗਾਨਿਸਤਾਨ ਤੋਂ ਈ.ਟੀ.ਆਈ.ਐੱਮ. ਨੂੰ ਆਪਣੀਆਂ ਗਤੀਵਿਧੀਆਂ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ ਅਤੇ ਯੁੱਧ ਪ੍ਰਭਾਵਿਤ ਦੇਸ਼ ਵਿਚ ਚੀਨੀ ਨਿਵੇਸ਼ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਅਫ਼ਗਾਨੀ ਔਰਤ ਨੇ ਤਾਲਿਬਾਨੀ ਪਤੀ ਨੂੰ ਦਿੱਤਾ ਤਲਾਕ, ਜਾਰੀ ਹੋਇਆ ‘ਡੈਥ ਵਾਰੰਟ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News