ਚੀਨ ਦਾ ਲਾਲਚ : ਖ਼ਤਮ ਹੁੰਦੇ ਅਫਰੀਕਾ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ''ਚ ਲਾਲ ਸ਼ੀਸ਼ਮ ਦੇ ਜੰਗਲ
Sunday, Feb 06, 2022 - 01:55 PM (IST)
ਚੀਨ ’ਚ ਲਾਲ ਸ਼ੀਸ਼ਮ (ਰੋਜ਼ਵੁੱਡ) ਦੀ ਬਹੁਤ ਵੱਧ ਮੰਗ ਹੈ। ਚੀਨ ’ਚ ਹੋਂਗ ਮੂ ਦੇ ਨਾਂ ਨਾਲ ਜਾਣੀ ਜਾਣ ਵਾਲੀ ਇਹ ਲੱਕੜੀ ਪੁਰਾਣੇ ਸਮੇਂ ’ਚ ਰਾਜ ਘਰਾਣੇ ’ਚ ਆਪਣੀਆਂ ਨੱਕਾਸ਼ੀਦਾਰ ਐਂਟੀਕ ਮੂਰਤੀਆਂ ਅਤੇ ਸਜਾਵਟ ਦੀਆਂ ਦੂਜੀਆਂ ਵਸਤੂਆਂ ਦੇ ਨਾਲ-ਨਾਲ ਫਰਨੀਚਰਾਂ ਦੀ ਵਰਤੋਂ ਨਾਲ ਆਪਣੀ ਸ਼ਾਨ ਵਧਾਉਂਦੀ ਸੀ, ਲਾਲ ਸ਼ੀਸ਼ਮ ਪ੍ਰਤੀ ਅਮੀਰ ਚੀਨੀਆਂ ਦਾ ਸ਼ੌਕ ਬੜਾ ਮਹਿੰਗਾ ਸੀ ਕਿਉਂਕਿ ਇਹ ਲੱਕੜੀ ਅਫਰੀਕਾ ਦੇ ਜੰਗਲਾਂ ਤੋਂ ਬਰਾਮਦ ਹੋ ਕੇ ਆਉਂਦੀ ਸੀ।
ਪਿਛਲੇ ਤਿੰਨ ਦਹਾਕੇ ’ਚ ਜਦੋਂ ਤੋਂ ਚੀਨ ’ਚ ਦਰਮਿਆਨੇ ਵਰਗ ਕੋਲ ਦੇਸ਼ ਦੇ ਉਦਯੋਗੀਕਰਨ ਤੋਂ ਪੈਸਾ ਆਇਆ ਹੈ, ਲਾਲ ਸ਼ੀਸ਼ਮ ਦੀ ਮੰਗ ’ਚ ਵੀ ਵਾਧਾ ਹੋਇਆ ਹੈ। ਅੱਜ ਵੀ ਜੇਕਰ ਕਿਸੇ ਚੀਨੀ ਦੇ ਘਰ ’ਚ ਲਾਲ ਸ਼ੀਸ਼ਮ ਦੀ ਕੋਈ ਨੱਕਾਸ਼ੀਦਾਰ ਮੂਰਤੀ ਦੇਖੀ ਜਾਂਦੀ ਹੈ ਜਾਂ ਉਸ ਦੇ ਘਰ ’ਚ ਲਾਲ ਸ਼ੀਸ਼ਮ ਦਾ ਫਰਨੀਚਰ ਰੱਖਿਆ ਹੈ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਅਮੀਰ ਹੈ। ਗੂੜ੍ਹੇ ਲਾਲ ਰੰਗ ਦੀ ਚਮਕਦੀ ਹੋਈ ਤੈਲੀ ਬਨਾਵਟ ਵਾਲੀ ਲੱਕੜੀ ਦੇ ਚੀਨ ’ਚ ਬੜੇ ਦੀਵਾਨੇ ਹਨ। ਅਮੀਰ ਚੀਨੀ ਅੱਜ ਵੀ ਉੱਚ ਗੁਣਵੱਤਾ ਵਾਲੇ ਲਾਲ ਸ਼ੀਸ਼ਮ ਲਈ ਲੱਖਾਂ ਰੁਪਏ ਆਸਾਨੀ ਨਾਲ ਖਰਚ ਕਰ ਦਿੰਦੇ ਹਨ। ਸਾਲ 2014 ’ਚ ਚੀਨ ’ਚ 2 ਅਰਬ 60 ਕਰੋੜ ਡਾਲਰ ਦੇ ਲਾਲ ਸ਼ੀਸ਼ਮ ਦੀ ਦਰਾਮਦ ਕੀਤੀ ਗਈ ਜੋ ਹਰ ਸਾਲ ਵਧਦੀ ਗਈ। ਸਾਲ 2021 ’ਚ ਇਹ ਵਧ ਕੇ 5 ਅਰਬ ਡਾਲਰ ਦੀ ਹੋ ਗਈ ਸੀ।
ਚੀਨ ’ਚ ਆਉਣ ਵਾਲੇ ਲਾਲ ਸ਼ੀਸ਼ਮ ਸਿਰਫ ਅਫਰੀਕਾ ਤੋਂ ਨਹੀਂ ਆਉਂਦੇ ਸਗੋਂ ਇਹ ਮੱਧ ਅਮਰੀਕੀ ਦੇਸ਼ਾਂ ਜਿਵੇਂ ਗੁਆਟੇਮਾਲਾ, ਪਨਾਮਾ, ਕੋਸਟਾਰਿਕਾ ਅਤੇ ਦੋ ਪ੍ਰਮੁੱਖ ਦੇਸ਼ਾਂ ਜਿਨ੍ਹਾਂ ਦੇ ਜੰਗਲ ਲਗਭਗ ਸਾਫ ਹੋ ਗਏ, ਉਨ੍ਹਾਂ ਦੇ ਨਾਂ ਹਨ ਹੋਂਡੂਰਾਸ ਅਤੇ ਨਿਕਾਰਾਗੁਆ ਤੋਂ ਆਉਂਦਾ ਹੈ, ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਤੋਂ ਵੀ ਲਾਲ ਸ਼ੀਸ਼ਮ ਚੀਨ ਨੂੰ ਸਪਲਾਈ ਕੀਤਾ ਜਾਂਦਾ ਹੈ। ਇਹ ਦੇਸ਼ ਹਨ ਥਾਈਲੈਂਡ, ਮਿਆਂਮਾਰ, ਵੀਅਤਨਾਮ, ਲਾਓਸ ਅਤੇ ਕੰਬੋਡੀਆ ਜਿੱਥੋਂ ਲਾਲ ਸ਼ੀਸ਼ਮ ਦੀ ਸਮੱਗਲਿੰਗ ਚੀਨ ਲਈ ਹੁੰਦੀ ਹੈ। ਚੀਨ ’ਚ ਵਧਦੀ ਲਾਲ ਸ਼ੀਸ਼ਮ ਦੀ ਮੰਗ ਦੇ ਕਾਰਨ ਕਈ ਦੇਸ਼ਾਂ ਦੇ ਭੂਗੋਲਿਕ ਚੱਕਰ ਨੂੰ ਭਿਆਨਕ ਨੁਕਸਾਨ ਪੁੱਜਾ ਹੈ, ਉੱਥੋਂ ਦੇ ਜੰਗਲ ਹੁਣ ਸਪਾਟ ਮੈਦਾਨ ਬਣ ਗਏ, ਓਧਰ ਇਨ੍ਹਾਂ ਦੇਸ਼ਾਂ ’ਚ ਸਮੱਗਲਿੰਗ, ਸਮੱਗਲਿੰਗ ਨਾਲ ਜੁੜੇ ਅਪਰਾਧ, ਸੰਗਠਿਤ ਅਪਰਾਧਿਕ ਧੜੇ ਬਣਨ ਲੱਗੇ, ਧੋਖਾਦੇਹੀ, ਭ੍ਰਿਸ਼ਟਾਚਾਰ ਅਤੇ ਜਾਤੀ ਹਿੰਸਾ ’ਚ ਵੀ ਕਾਫੀ ਵਾਧਾ ਦੇਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਮਹਾਰਾਣੀ ਐਲਿਜ਼ਾਬੇਥ ਦੀ ਤਾਜਪੋਸ਼ੀ ਦੀ 70ਵੀਂ ਵਰ੍ਹੇਗੰਢ, ਕਿਹਾ- 'ਕੈਮਿਲਾ ਹੋਵੇਗੀ ਅਗਲੀ ਮਹਾਰਾਣੀ'
ਵਧਦੇ ਅਪਰਾਧ ਦੇ ਨਾਲ ਹੀ ਇਸ ਲੱਕੜੀ ’ਤੇ ਨਿਰਭਰ ਰਹਿਣ ਵਾਲੀਆਂ ਆਦਿਵਾਸੀ ਜਾਤੀਆਂ ਲਈ ਇਕ ਨਵੀਂ ਕਿਸਮ ਦਾ ਸੰਕਟ ਪੈਦਾ ਹੋ ਗਿਆ। ਜੋ ਸਥਾਨਕ ਜਾਤੀਆਂ ਲਾਲ ਸ਼ੀਸ਼ਮ ਤੋਂ ਆਪਣੀ ਰੋਜ਼ੀ-ਰੋਟੀ ਕਮਾਉਂਦੀਆਂ ਸਨ, ਤੇਲ ਅਤੇ ਰਵਾਇਤੀ ਦਵਾਈਆਂ ’ਚ ਇਸ ਦੀ ਵਰਤੋਂ ਕਰਦੀਆਂ ਸਨ ਉਨ੍ਹਾਂ ਦੀ ਹੋਂਦ ’ਤੇ ਖਤਰਾ ਪੈਦਾ ਹੋ ਗਿਆ ਹੈ। ਲਾਲ ਸ਼ੀਸ਼ਮ ਬੜੀ ਮੱਠੀ ਰਫਤਾਰ ਨਾਲ ਉੱਗਣ ਵਾਲੀ ਲੱਕੜੀ ਹੈ ਜੋ ਦਹਾਕੇ ਬਾਅਦ ਜਾ ਕੇ ਪਰਿਪੱਕ ਹੁੰਦੀ ਹੈ, ਚੀਨ ਦੀ ਧਮਾਕਾਖੇਜ਼ ਮੰਗ ਦੇ ਕਾਰਨ ਅਫਰੀਕਾ ਅਤੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦੇ ਜੰਗਲ ਖਤਮ ਹੋਣ ਲੱਗੇ ਹਨ।
ਅਫਰੀਕਾ ’ਚ 95 ਫੀਸਦੀ ਲਾਲ ਸ਼ੀਸ਼ਮ ਗਾਂਬਿਆ ਅਤੇ ਸੇਨੇਗਲ ਤੋਂ ਆਉਂਦਾ ਹੈ, ਇਨ੍ਹਾਂ ਦੇਸ਼ਾਂ ’ਚ ਜੰਗਲਾਂ ਦੀ ਕਟਾਈ ਨੂੰ ਲੈ ਕੇ ਸਖਤ ਕਾਨੂੰਨ ਬਣਾਏ ਗਏ ਹਨ ਪਰ ਚੀਨੀ ਸਮੱਗਲਰ ਭਾਰੀ ਰਿਸ਼ਵਤ ਦੇ ਕੇ ਇਨ੍ਹਾਂ ਲੱਕੜੀਆਂ ਦੀ ਕਟਾਈ ਕਰਾਉਂਦੇ ਹਨ ਅਤੇ ਉਸ ਨੂੰ ਹਾਂਗਕਾਂਗ ਦੇ ਰਸਤੇ ਮੁੱਖ ਭੂਮੀ ਚੀਨ ’ਚ ਭੇਜ ਦਿੰਦੇ ਹਨ ਜਿੱਥੇ ਅਮੀਰ ਚੀਨੀ ਗਾਹਕ ਬੇਸਬਰੀ ਨਾਲ ਇਸ ਲੱਕੜੀ ਦੀ ਉਡੀਕ ਕਰਦੇ ਹਨ। ਬਾਕੀ ਲੱਕੜੀ ਮਾਲੀ, ਟੋਗੋ, ਨਾਈਜੀਰੀਆ ਅਤੇ ਹੋਰਨਾਂ ਦੇਸ਼ਾਂ ਤੋਂ ਲਿਆਂਦੀ ਜਾਂਦੀ ਹੈ। ਇਸ ਦੇ ਇਲਾਵਾ ਮੇਡਾਗਾਸਕਰ ਦੇ ਮੇਲੇਗੇਸੇ ਤੋਂ ਵੀ ਚੀਨੀ ਸਮੱਗਲਰ ਲਕੜੀਆਂ ਦੀ ਸਮੱਗਲਿੰਗ ਕਰਦੇ ਹਨ। ਇੱਥੇ ਵੀ ਚੀਨੀ ਸਮੱਗਲਰ ਪੈਸੇ ਦੇ ਜ਼ੋਰ ’ਤੇ ਕਾਨੂੰਨ ਵਿਵਸਥਾ ’ਚ ਅੜਿੱਕਾ ਪੈਦਾ ਕਰ ਕੇ ਆਪਣੇ ਮਤਲਬ ਦਾ ਕੰਮ ਕਰਦੇ ਹਨ।ਚੀਨੀਆਂ ਦੀ ਮੰਗ ਦੇ ਕਾਰਨ ਮੇਡਾਗਾਸਕਰ ’ਚ ਜੰਗਲ ਸ਼ੀਸ਼ਮ ਤੋਂ ਖਾਲੀ ਹੁੰਦੇ ਜਾ ਰਹੇ ਹਨ। ਇਕ ਸਮਾਂ ਸੀ ਜਦੋਂ ਮੇਡਾਗਾਸਕਰ ਦੇ ਸੰਘਣੇ ਜੰਗਲਾਂ ’ਚ ਦਿਨ ਵੇਲੇ ਸੂਰਜ ਦੀ ਰੌਸ਼ਨੀ ਧਰਤੀ ਤੱਕ ਨਹੀਂ ਪਹੁੰਚ ਸਕਦੀ ਸੀ। ਅਫਰੀਕਾ ’ਚ ਮੇਡਾਗਾਸਕਰ ਤੋਂ ਸਮੱਗਲ ਹੋਣ ਵਾਲੇ ਲਾਲ ਸ਼ੀਸ਼ਮ ਦਾ ਹਿੱਸਾ ਸਿਰਫ 1 ਫੀਸਦੀ ਹੈ ਅਤੇ ਪੂਰੇ ਅਫਰੀਕੀ ਮਹਾਦੀਪ ਤੋਂ 98 ਫੀਸਦੀ ਰੋਜ਼ਵੁੱਡ ਲੱਕੜੀ ਸਮੱਗਲ ਹੋ ਕੇ ਚੀਨ ’ਚ ਜਾਂਦੀ ਹੈ।
ਦੱਖਣ-ਪੂਰਬੀ ਏਸ਼ੀਆ ਦੀ ਗੱਲ ਕਰੀਏ ਤਾਂ ਚੀਨ ’ਚ ਲਾਲ ਸ਼ੀਸ਼ਮ ਦੀ ਸਮੱਗਲਿੰਗ ਕੰਬੋਡੀਆ, ਮਿਆਂਮਾਰ, ਲਾਓਸ, ਵੀਅਤਨਾਮ ਅਤੇ ਥਾਈਲੈਂਡ ਤੋਂ ਹੁੰਦੀ ਹੈ, ਇੱਥੇ ਵੀ ਚੀਨੀ ਸਮੱਗਲਰਾਂ ਨੇ ਆਪਣਾ ਮੱਕੜਜਾਲ ਫੈਲਾਇਆ ਹੋਇਆ ਹੈ। ਇਸ ਪੂਰੇ ਖੇਤਰ ’ਚ ਪਿਛਲੇ ਕੁਝ ਸਾਲਾਂ ’ਚ 150 ਤੋਂ ਵੱਧ ਸੁਰੱਖਿਆ ਮੁਲਾਜ਼ਮ ਲਾਲ ਸ਼ੀਸ਼ਮ ਸਮੱਗਲਰਾਂ ਦੇ ਹੱਥੋਂ ਮਾਰੇ ਜਾ ਚੁੱਕੇ ਹਨ ਹਾਲਾਂਕਿ ਲਾਲ ਸ਼ੀਸ਼ਮ ਦੇ ਜੰਗਲ ਦੱਖਣੀ ਚੀਨ ’ਚ ਵੀ ਮੌਜੂਦ ਸਨ, ਉੱਥੋਂ ਵੀ ਸਮੱਗਲਰਾਂ ਨੇ ਇਨ੍ਹਾਂ ਨੂੰ ਵੱਢਣਾ ਸ਼ੁਰੂ ਕੀਤਾ। ਜਦੋਂ ਇਸ ਇਲਾਕੇ ’ਚ ਲਾਲ ਸ਼ੀਸ਼ਮ ਖਤਮ ਹੋ ਗਿਆ ਤਾਂ ਇਸ ਦੇ ਬਾਅਦ ਚੀਨ ਦੀ ਮੰਗ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਤੋਂ ਪੂਰੀ ਹੋਣ ਲੱਗੀ ਜਿੱਥੇ ਲਾਲ ਸ਼ੀਸ਼ਮ ਦੀ ਸਮੱਗਲਿੰਗ ਦੇ ਕਾਰਨ ਸਿੰਡੀਕੇਟ ਅਪਰਾਧ ਵੀ ਪੈਰ ਪਸਾਰਨ ਲੱਗੇ। ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ’ਚ ਇਕ ਕੇਂਦਰੀ ਸੁਰੱਖਿਆ ਸੰਗਠਨ ਦੀ ਘਾਟ ’ਚ ਇਕ ਦੇਸ਼ ਦੀ ਸਰਹੱਦ ਤੋਂ ਦੂਸਰੇ ਦੇਸ਼ ਦੀ ਸਰਹੱਦ ਤੱਕ ਲੱਕੜੀਆਂ ਦੀ ਸਮੱਗਲਿੰਗ ਚੀਨੀ ਸਮੱਗਲਰਾਂ ਲਈ ਬੜੀ ਸੌਖੀ ਹੋ ਗਈ ਜਿਸ ਦੇ ਕਾਰਨ ਇੱਥੇ ਅਪਰਾਧ ਪੈਦਾ ਹੋਣ ਲੱਗਾ ਅਤੇ ਤੇਜ਼ੀ ਨਾਲ ਇੱਥੋਂ ਦੇ ਜੰਗਲ ਖਤਮ ਹੋਣ ਲੱਗੇ। ਇਹ ਸਾਰੀਆਂ ਲੱਕੜੀਆਂ ਹਾਂਗਕਾਂਗ ਦੇ ਸਮੁੰਦਰੀ ਕੰਢਿਆਂ ’ਤੇ ਲਿਜਾਈਆਂ ਜਾਂਦੀਆਂ ਹਨ ਜਿੱਥੇ ਸੁਰੱਖਿਆ ’ਚ ਢਿੱਲ ਦੇ ਕਾਰਨ ਇਹ ਉੱਥੋਂ ਚੀਨ ਦੀ ਮੁੱਖ ਭੂਮੀ ’ਤੇ ਪਹੁੰਚਾਈਆਂ ਜਾਂਦੀਆਂ ਹਨ।
ਓਧਰ ਚੀਨ ਇਸ ਮੁੱਦੇ ’ਤੇ ਮੱਕਾਰੀ ਭਰਿਆ ਰਟਿਆ-ਰਟਾਇਆ ਜਵਾਬ ਦਿੰਦਾ ਹੈ ਕਿ ਚੀਨ ’ਚ ਉਹੀ ਲਾਲ ਸ਼ੀਸ਼ਮ ਦੀਆਂ ਲੱਕੜੀਆਂ ਲਿਆਂਦੀਆਂ ਜਾਂਦੀਆਂ ਹਨ ਜੋ ਕਾਨੂੰਨੀ ਢੰਗ ਨਾਲ ਦੇਸ਼ ’ਚ ਆਉਂਦੀਆਂ ਹਨ। ਦੁਨੀਆ ਨੂੰ ਦਿਖਾਉਣ ਲਈ ਚੀਨ ਨੇ ਲਾਲ ਸ਼ੀਸ਼ਮ ਦੀ ਸਮੱਗਲਿੰਗ ਨੂੰ ਲੈ ਕੇ ਜੰਗਲੀ ਜੀਵਾਂ ਅਤੇ ਵਨਸਪਤੀਆਂ (ਸੀ. ਆਈ. ਟੀ. ਈ. ਐੱਸ.) ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ’ਚ ਕੌਮਾਂਤਰੀ ਵਪਾਰ ਅਤੇ ਕਨਵੈਂਸ਼ਨ ਦੇ ਤਹਿਤ, ਦੇਸ਼ ਦੀ ਸਰਕਾਰ ਨੇ ਸੂਚੀਬੱਧ ਸ਼ੀਸ਼ਮ ਦੀਆਂ ਕਿਸਮਾਂ ’ਤੇ ਵਾਧੂ ਕੰਟਰੋਲ ਉਪਾਵਾਂ ਨੂੰ ਜੋੜਿਆ ਹੈ। ਓਧਰ ਦੂਜੇ ਪਾਸੇ ਇਨ੍ਹਾਂ ਹੀ ਕਾਨੂੰਨਾਂ ਦੀ ਵਰਤੋਂ ਕਰ ਕੇ ਚੀਨੀ ਸਮੱਗਲਰ ਲਾਲ ਸ਼ੀਸ਼ਮ ਲੱਕੜੀ ਦੀ ਸਮੱਗਲਿੰਗ ਕਰਦੇ ਹਨ।
ਊਸ਼ਨ ਕਟੀਬੰਧੀ ਸੂਬਿਆਂ ’ਚ ਵੱਡੀ ਮਾਤਰਾ ’ਚ ਪਾਇਆ ਜਾਣ ਵਾਲਾ ਲਾਲ ਸ਼ੀਸ਼ਮ ਚੀਨੀਆਂ ਦੇ ਲਾਲਚ ਦੇ ਸਾਹਮਣੇ ਜਲਦੀ ਹੀ ਧਰਤੀ ਤੋਂ ਖਤਮ ਹੋਣ ਦੇ ਕੰਢੇ ’ਤੇ ਹੈ ਕਿਉਂਕਿ ਇਸ ਦੀ ਪੈਦਾਵਾਰ ਬੜੀ ਮੱਠੀ ਹੈ ਪਰ ਇਸ ਦੀ ਮੰਗ ’ਚ ਧਮਾਕਾਖੇਜ਼ ਤੌਰ ’ਤੇ ਉਛਾਲ ਆਇਆ ਹੈ ਜੋ ਇਸ ਦੀ ਅੰਨ੍ਹੇਵਾਹ ਕਟਾਈ ਲਈ ਜ਼ਿੰਮੇਵਾਰ ਹੈ। ਜੇਕਰ ਇਸ ਦੀ ਕਟਾਈ ’ਤੇ ਅਜੇ ਵੀ ਲਗਾਮ ਨਾ ਲਗਾਈ ਗਈ ਤਾਂ ਲਾਲ ਸ਼ੀਸ਼ਮ ਦੀ ਲੱਕੜੀ ਦੁਨੀਆ ਲਈ ਅਤੀਤ ਦੀ ਗੱਲ ਬਣ ਜਾਵੇਗੀ।