ਚੀਨ ਦੀ ਵਿਸਥਾਰਵਾਦੀ ਨੀਤੀ ਨੇ ਦੋਸਤਾਂ ਨੂੰ ਵੀ ਬਣਾਇਆ ਦੁਸ਼ਮਣ, ਮਾਸਕੋ ਨੇ ਦਿੱਤਾ ਠੋਕਵਾਂ ਜਵਾਬ
Monday, Aug 10, 2020 - 04:17 PM (IST)

ਬੀਜਿੰਗ- ਵਿਸਥਾਰਵਾਦੀ ਚੀਨ ਆਪਣੇ ਸਾਰੇ ਗੁਆਂਢੀਆਂ ਨਾਲ ਪੰਗੇ ਲੈ ਰਿਹਾ ਹੈ ਅਤੇ ਰੂਸ ਨਾਲ ਇਸ ਦਾ ਟਕਰਾਅ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਮਾਸਕੋ ਨੇ ਕਿਹਾ ਹੈ ਕਿ ਉਹ ਆਪਣੀ ਧਰਤੀ ‘ਤੇ ਕਿਸੇ ਵੀ ਮਿਜ਼ਾਈਲ ਹਮਲੇ ਨੂੰ ਪ੍ਰਮਾਣੂ ਹਮਲੇ ਵਾਂਗ ਲਵੇਗਾ ਅਤੇ ਉਹ ਇਸ ਦਾ ਜਵਾਬ ਪ੍ਰਮਾਣੂ ਹਥਿਆਰਾਂ ਨਾਲ ਦੇਵੇਗਾ। ਕੁਝ ਲੋਕਾਂ ਦਾ ਮੰਨਣਾ ਹੈ ਕਿ ਮਾਸਕੋ ਨੇ ਇਹ ਚੇਤਾਵਨੀ ਅਮਰੀਕਾ ਨੂੰ ਦਿੱਤੀ ਹੈ, ਪਰ ਦੂਸਰੇ ਮਾਹਰ ਤਾਜ਼ਾ ਹਾਲਤਾਂ ਦੇ ਮੱਦੇਨਜ਼ਰ ਇਸ ਨੂੰ ਚੀਨ ਵਿਰੁੱਧ ਨਿਸ਼ਾਨਾ ਦੱਸ ਰਹੇ ਹਨ।
ਮਾਹਰ ਮੰਨਦੇ ਹਨ ਕਿ ਇਹ ਕਦਮ ਚੀਨ ਵਲੋਂ ਰੂਸ ਦੇ ਪ੍ਰਭਾਵ ਨੂੰ ਘਟਾਉਣ ਦਾ ਨਤੀਜਾ ਹੈ। ਬੀਜਿੰਗ ਦੀ ਰਾਜਨੀਤਿਕ ਅਤੇ ਆਰਥਿਕ ਪ੍ਰਗਤੀ ਨੇ ਰੂਸ ਨੂੰ ਕਈ ਪੱਧਰਾਂ 'ਤੇ ਖਿਝਾਇਆ ਹੋਇਆ ਹੈ। ਹਾਲੀਆ ਭੂ-ਰਾਜਨੀਤਿਕ ਵਿਕਾਸ ਨੇ ਇਸ ਵੱਲ ਇਸ਼ਾਰਾ ਕੀਤਾ ਹੈ। ਇਸ ਤੋਂ ਇਲਾਵਾ ਚੀਨ ਨੇ ਆਰਕਟਿਕ ਅਤੇ ਮੱਧ ਏਸ਼ੀਆ ਵਿਚ ਰੂਸ ਦੇ ਪ੍ਰਭਾਵ ਨੂੰ ਨਜ਼ਰ ਅੰਦਾਜ਼ ਕੀਤਾ ਹੈ ਅਤੇ ਰੂਸ ਦੇ ਫਾਰ ਈਸਟ ਖੇਤਰ ਵਿਚ ਮਜ਼ਬੂਤੀ ਦਾ ਦਾਅਵਾ ਕੀਤਾ ਹੈ। ਰੂਸ ਨੇ ਚੀਨ ‘ਤੇ ਆਪਣੇ ਰੱਖਿਆ ਡਿਜ਼ਾਇਨ ਦੀ ਨਕਲ ਕਰਨ ਦਾ ਦੋਸ਼ ਵੀ ਲਾਇਆ ਹੈ।
ਰੂਸ ਤੇ ਚੀਨ ਕਿਸੇ ਗਠਜੋੜ ਤੋਂ ਬੇਹੱਦ ਦੂਰ ਹਨ। ਦੋਵੇਂ ਦੇਸ਼ ਅਮਰੀਕਾ ਖਿਲਾਫ ਕਦੇ-ਕਦੇ ਇਕੱਠੇ ਆ ਜਾਂਦੇ ਹਨ। ਮਾਸਕੋ ਨੇ ਹਾਲ ਹੀ ਵਿਚ ਬੀਜਿੰਗ ਨੂੰ ਐੱਸ-400 ਸਰਫੇਸ ਟੂ ਏਅਰ ਮਿਜ਼ਾਇਲ ਸਿਸਟਮ ਦੀ ਡਿਲਵਰੀ ਮੁਲਤਵੀ ਕਰ ਦਿੱਤੀ ਸੀ। ਇਹ ਕਦਮ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਉਸ ਸਮੇਂ ਚੁੱਕਿਆ ਗਿਆ ਜਦੋਂ ਚੀਨ ਦੱਖਣੀ ਚੀਨ ਸਾਗਰ ਸਣੇ ਕਈ ਮੁੱਦਿਆਂ 'ਤੇ ਘਿਰਿਆ ਹੋਇਆ ਹੈ।
ਸਾਲ 2014 ਤੋਂ ਰੂਸ ਅਤੇ ਚੀਨ ਦੇ ਸਬੰਧਾਂ ਵਿੱਚ ਸੁਧਾਰ ਹੋਇਆ ਸੀ, ਜਦੋਂ ਪੱਛਮੀ ਦੇਸ਼ਾਂ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਰੂਸ ਨਵੇਂ ਵਪਾਰ ਅਤੇ ਨਿਵੇਸ਼ ਭਾਈਵਾਲਾਂ ਦੀ ਭਾਲ ਵਿਚ ਪੂਰਬ ਵੱਲ ਵੇਖਣ ਲਈ ਮਜ਼ਬੂਰ ਹੋਇਆ। ਪਰ ਇਕ ਵਾਰ ਫਿਰ, ਬੀਜਿੰਗ ਅਤੇ ਮਾਸਕੋ ਵਿਚਾਲੇ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਹਾਲ ਹੀ ਵਿੱਚ, ਰੂਸ ਨੇ ਆਪਣੀ ਇੱਕ ਆਰਕਟਿਕ ਰਿਸਰਚ ਉੱਤੇ ਵਿਸ਼ਵਾਸਘਾਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਸੰਵੇਦਨਸ਼ੀਲ ਜਾਣਕਾਰੀ ਚੀਨ ਨੂੰ ਦੇ ਦਿੱਤੀ।ਚੀਨ ਨੇ ਇਹ ਕਹਿ ਕੇ ਘਟਨਾਕ੍ਰਮ ਨੂੰ ਮੱਧਮ ਕਰਨ ਦੀ ਕੋਸ਼ਿਸ਼ ਕੀਤੀ ਕਿ ਮਾਸਕੋ ਉੱਤੇ ਇਹ ਕਦਮ ਚੁੱਕਣ ਲਈ ਦਬਾਅ ਪਾਇਆ ਗਿਆ ਹੈ। ਰੂਸ-ਚੀਨ ਸੰਬੰਧਾਂ ਦੇ ਮਾਹਰ ਮੰਨਦੇ ਹਨ ਕਿ ਆਰਕਟਿਕ ਖੋਜਕਰਤਾ 'ਤੇ ਜਾਸੂਸੀ ਦਾ ਦੋਸ਼ ਖੇਤਰ ਦੇ ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਅਵਿਸ਼ਵਾਸ ਨੂੰ ਦਰਸਾਉਂਦਾ ਹੈ।
ਰੂਸ ਨੇ ਕੀ ਕਿਹਾ?
ਰੂਸ ਦੀ ਫੌਜ ਨੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇਕ ਲੇਖ ਵਿਚ ਚਿਤਾਵਨੀ ਦਿੱਤੀ ਸੀ ਕਿ ਉਸ ਦਾ ਦੇਸ਼ ਆਪਣੇ ਖੇਤਰ ਵਿਚ ਆਉਣ ਵਾਲੀ ਕਿਸੇ ਵੀ ਬੈਲਿਸਟਿਕ ਮਿਜ਼ਾਈਲ ਨੂੰ ਪ੍ਰਮਾਣੂ ਹਮਲੇ ਵਜੋਂ ਦੇਖੇਗਾ ਜਿਸਦਾ ਪ੍ਰਮਾਣੂ ਹਥਿਆਰਾਂ ਨਾਲ ਜਵਾਬ ਦੇਣ ਦੀ ਜ਼ਰੂਰਤ ਹੈ। ਇਹ ਲੇਖ ਜੂਨ ਵਿਚ ਰੂਸ ਦੀ ਪ੍ਰਮਾਣੂ ਰੋਕੂ ਨੀਤੀ ਦੇ ਪ੍ਰਕਾਸ਼ਤ ਹੋਣ ਤੋਂ ਬਾਅਦ ਆਇਆ ਹੈ।ਕ੍ਰੈਸਨਿਆ ਜ਼ਵੇਜ਼ਦਾ ਵਿਚ ਪ੍ਰਕਾਸ਼ਤ ਇਕ ਲੇਖ ਵਿਚ, ਰੂਸੀ ਫੌਜ ਦੇ ਜਨਰਲ ਸਟਾਫਦੇ ਉੱਚ ਅਧਿਕਾਰੀ, ਮੇਜਰ ਜਨਰਲ ਐਂਡਰੇ ਸਟਰਲਿਨ ਅਤੇ ਕਰਨਲ ਅਲੈਗਜ਼ੈਂਡਰ ਕ੍ਰਿਪਿਨ ਨੇ ਇਸ ਸਬੰਧੀ ਆਪਣੀ ਨੀਤੀ ਨੂੰ ਸਪੱਸ਼ਟ ਕੀਤਾ ਸੀ।