ਚੀਨ ਨੇ ਰੂਸ ਦੇ ਸੁਰ ਨਾਲ ਮਿਲਾਏ ਆਪਣੇ ਸੁਰ, ਨਾਟੋ ਦੇ ਵਿਸਥਾਰ ਦਾ ਕੀਤਾ ਵਿਰੋਧ
Saturday, Feb 05, 2022 - 12:49 PM (IST)
ਬੀਜਿੰਗ: ਯੂਕਰੇਨ ਨਾਲ ਵਧਦੇ ਤਣਾਅ ਵਿਚਕਾਰ ਚੀਨ ਨੇ ਸ਼ੁੱਕਰਵਾਰ ਨੂੰ ਰੂਸ ਦੇ ਨਾਲ ਸੁਰ ਨਾਲ ਸੁਰ ਮਿਲਾਉਂਦੇ ਹੋਏ ਨਾਟੋ ਦੇ ਵਿਸਤਾਰ ਦਾ ਵਿਰੋਧ ਕੀਤਾ। ਉਥੇ ਹੀ ਮਾਸਕੋ ਨੇ ਅਸਿੱਧੇ ਤੌਰ 'ਤੇ ਕਵਾਡ 'ਤੇ ਇਤਰਾਜ਼ ਜਤਾਉਂਦੇ ਹੋਏ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਆਪਣੇ (ਕਵਾਡਜ਼) ਸੰਗਠਨ ਬਣਾਉਣ ਦੇ ਬੀਜਿੰਗ ਦੇ ਵਿਰੋਧ ਦਾ ਸਮਰਥਨ ਕੀਤਾ। ਬੀਜਿੰਗ ਵਿੰਟਰ ਓਲੰਪਿਕ ਦੇ ਉਦਘਾਟਨ ਸਮਾਗਮ ਤੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਸਿਖਰ ਬੈਠਕ ਦੌਰਾਨ ਗੱਲਬਾਤ ਕੀਤੀ ਅਤੇ ਸਾਂਝਾ ਬਿਆਨ ਜਾਰੀ ਕੀਤਾ। ਦੋਵਾਂ ਦੇਸ਼ਾਂ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵਿਰੁੱਧ ਗਠਜੋੜ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਅਮਰੀਕਾ ਅਤੇ ਰੂਸ ਦੇ ਵਿਚਕਾਰ ਉਕਰੇਨ ਦੇ ਮਾਮਲੇ ਵਿੱਚ ਤਨਾਤਨੀ ਦੇ ਵਿਚਕਾਰ ਚੀਨ ਦਾ ਰੂਸ ਦੇ ਪੱਖ ਵਿੱਚ ਬਿਆਨ ਦੇਣਾ ਕਈ ਨਵੇਂ ਸਮੀਕਰਨਾਂ ਨੂੰ ਦੱਸਦਾ ਹੈ। ਅਮਰੀਕਾ ਵੱਲੋਂ ਚੀਨ ਨੂੰ ਘੇਰਨ ਲਈ ਬਣਾਏ ਜਾ ਰਹੇ ਕਾਰਡ ਦੇ ਵਿਰੋਧ ’ਚ ਰੂਸ ਨੇ ਚੀਨ ਦਾ ਸਮਰਥਨ ਕੀਤਾ ਹੈ। ਉਥੇ ਨਾਟੋ ਦੇ ਵਿਸਥਾਰ ਤੋਂ ਚਿੰਤਿਤ ਰੂਸ ਦੇ ਪੱਖ ਵਿੱਚ ਚੀਨ ਦਾ ਸਮਰਥਨ ਕਰ ਰਿਹਾ ਹੈ। ਇਸ ਨਾਲ ਦੋ ਵੱਖ-ਵੱਖ ਧੂਰੀਆਂ ਬਣਦੀਆਂ ਵਿਖਾਈ ਦੇ ਰਹੀਆਂ ਹਨ। ਦੱਸ ਦੇਈਏ ਕਿ ਮੋਟੇ ਤੌਰ 'ਤੇ ਕਵਾਡ ਚਾਰ ਦੇਸ਼ਾਂ ਦਾ ਸੰਗਠਨ ਹੈ। ਇਸ ਵਿੱਚ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ। ਇਹ ਚਾਰ ਦੇਸ਼ ਦੁਨੀਆ ਦੀਆਂ ਸਭ ਤੋਂ ਵੱਡੀਆਂ ਆਰਥਿਕ ਸ਼ਕਤੀਆਂ ਹਨ। 2007 ਵਿੱਚ ਜਾਪਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਸ ਨੂੰ ਕੁਆਡਰੀਲੈਟਰਲ ਸਿਕਯੋਰਿਟੀ ਡਾਇਲੌਗ ਜਾਂ ਕਵਾਡ ਨੂੰ ਰਸਮੀ ਰੂਪ ਦਿੱਤਾ ਸੀ। ਹੁਣ ਅਮਰੀਕਾ ਇਸ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ।
ਗੌਰਤਲਬ ਹੈ ਕਿ ਰੂਸ ਦੀ ਯੂਕਰੇਨ ਸਰਹੱਦ ਕੋਲ ਖੜ੍ਹੇ 1 ਲੱਖ ਰੂਸੀ ਸੈਨਿਕਾਂ ਦੇ ਜਵਾਬ ਵਿੱਚ ਅਮਰੀਕਾ ਤੋਂ ਯੂਰਪ ਵਿੱਚ ਹੋਰ ਸੈਨਿਕ ਭੇਜੇ ਜਾ ਰਹੇ ਹਨ। ਯੂਕਰੇਨ 'ਤੇ ਰੂਸ ਦੇ ਫੌਜੀ ਹਮਲੇ ਦੇ ਸ਼ੱਕ ’ਚ ਨਾਟੋ ਦੇ ਪੂਰਬੀ ਹਿੱਸੇ ’ਤੇ ਆਪਣੇ ਸਹਿਯੋਗੀਆਂ ਪ੍ਰਤੀ ਅਮਰੀਕੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਯੂ.ਐੱਸ. ਰਾਸ਼ਟਰਪਤੀ ਜੋ ਬਾਇਡੇਨ ਇਸ ਹਫ਼ਤੇ ਕਰੀਬ 2 ਹਜ਼ਾਰ ਸੈਨਿਕ ਪੋਲੈਂਡ ਅਤੇ ਜਰਮਨੀ ਭੇਜ ਰਹੇ ਹਨ। ਇਸ ਤੋਂ ਇਲਾਵਾ ਜਰਮਨੀ ਤੋਂ 1000 ਸੈਨਿਕ ਰੋਮਾਨੀਆ ਪਹੁੰਚ ਰਹੇ ਹਨ। ਇਹ ਗੱਲ ਪੈਂਟਾਗਨ (ਅਮਰੀਕੀ ਰੱਖਿਆ ਵਿਭਾਗ) ਸਪੱਸ਼ਟ ਕਰ ਚੁੱਕਾ ਹੈ।