ਚੀਨ ’ਚ ਚਾਕੂ ਨਾਲ ਹਮਲੇ ਦੀ ਘਟਨਾ ’ਚ 6 ਲੋਕਾਂ ਦੀ ਮੌਤ
Monday, Jun 07, 2021 - 03:48 PM (IST)
ਬੀਜਿੰਗ (ਭਾਸ਼ਾ) : ਪੂਰਬੀ ਚੀਨ ਵਿਚ ਚਾਕੂ ਨਾਲ ਹਮਲੇ ਦੀ ਘਟਨਾ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਲੋਕ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਬਾਰੇ ਵਿਚ ਦੱਸਿਆ। ਹਾਲ ਦੇ ਹਫ਼ਤੇ ਵਿਚ ਗੁੱਸੇ ਵਿਚ ਆਏ ਲੋਕਾਂ ਵੱਲੋਂ ਆਮ ਨਾਗਰਿਕਾਂ ’ਤੇ ਹਮਲੇ ਦੀ ਇਹ ਤੀਜੀ ਘਟਨਾ ਹੈ। ਅਨਹੁਈ ਸੂਬੇ ਦੇ ਆਨਛਿੰਗ ਸ਼ਹਿਰ ਵਿਚ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਹੁਆਈਨਿੰਗ ਕਾਊਂਟੀ ਤੋਂ ਵੂ ਨਾਮਕ 25 ਸਾਲਾ ਬੇਰੁਜ਼ਗਾਰ ਨੌਜਵਾਨ ਨੇ ਸ਼ਨੀਵਾਰ ਨੂੰ ਗੁੱਸੇ ਵਿਚ ਆ ਕੇ ਲੋਕਾਂ ’ਤੇ ਹਮਲਾ ਕੀਤਾ। ਉਹ ਪਰਿਵਾਰਕ ਸਮੱਸਿਆਵਾਂ ਨਾਲ ਜੂਝ ਰਿਹਾ ਸੀ।
ਨਗਰ ਨਿਗਮ ਪ੍ਰਸ਼ਾਸਨ ਨੇ ਇਕ ਬਿਆਨ ਵਿਚ ਕਿਹਾ, ‘ਉਸ ਨੇ ਪਰਿਵਾਰਕ ਪਰੇਸ਼ਾਨੀਆਂ ਕਾਰਨ ਨਿਰਾਸ਼ਾ ਅਤੇ ਗੁੱਸੇ ਵਿਚ ਆ ਕੇ 6 ਲੋਕਾਂ ਦੀ ਹੱਤਿਆ ਕਰ ਦਿੱਤੀ।’ ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਖ਼ਬਰ ਮੁਤਾਬਕ ਘਟਨਾ ਵਿਚ ਜ਼ਖ਼ਮੀ 6 ਲੋਕਾਂ ਨੇ ਐਤਵਾਰ ਨੂੰ ਦਮ ਤੋੜ ਦਿੱਤਾ ਅਤੇ 14 ਹੋਰ ਦਾ ਇਲਾਜ਼ ਚੱਲ ਰਿਹਾ ਹੈ। ਇਕ ਜ਼ਖ਼ਮੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦੋਂਕਿ 13 ਹੋਰ ਦੀ ਹਾਲਤ ਸਥਿਰ ਹੈ।
ਇੰਟਰਨੈਟ ’ਤੇ ਮੌਜੂਦ ਵੀਡੀਓ ਵਿਚ ਸ਼ਹਿਰ ਦੇ ਮੱਧ ਵਿਚ ਰੇਨਮਿਨ ਰੋਡ ਨੇੜੇ ਇਕ ਸੜਕ ’ਤੇ ਕਈ ਪੈਦਲ ਯਾਤਰੀ ਖ਼ੂਨ ਨਾਲ ਲੱਥਪਥ ਜ਼ਖ਼ਮੀ ਹਾਲਤ ਵਿਚ ਨਜ਼ਰ ਆ ਰਹੇ ਹਨ ਅਤੇ ਜ਼ਮੀਨ ’ਤੇ ਖ਼ੂਨ ਡੁੱਲਿਆ ਹੋਇਆ ਹੈ। ਪੁਲਸ ਸ਼ੱਕੀ ਨੂੰ ਕਾਬੂ ਕਰਕੇ ਘਟਨਾ ਸਥਾਨ ਤੋਂ ਲੈ ਗਈ। ਪਿਛਲੇ 2 ਹਫ਼ਤਿਆਂ ਵਿਚ ਚੀਨ ਵਿਚ ਇਸ ਤਰ੍ਹਾਂ ਦੇ ਹਮਲੇ ਦੀ ਇਹ ਤੀਜੀ ਘਟਨਾ ਹੈ। 22 ਮਈ ਨੂੰ ਉਤਰ-ਪੂਰਬੀ ਸ਼ਹਿਰ ਦਾਲਿਆਨ ਵਿਚ ਭੀੜ ਨੂੰ ਕਾਰ ਨਾਲ ਕੁਚਲਣ ਦੀ ਘਟਨਾ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ। ਪੁਲਸ ਨੇ ਮਾਮਲੇ ਵਿਚ ਲਿਯੂ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਦੱਸਿਆ ਕਿ ਨਿਵੇਸ਼ ਨਾਕਾਮ ਹੋਣ ਕਾਰਨ ਉਹ ਸਮਾਜ ਦੇਲੋਕਾਂ ਤੋਂ ‘ਬਦਲਾ ਲੈਣਾ’ ਚਾਹੁੰਦਾ ਸੀ। ਇਸ ਦੇ ਇਕ ਹਫ਼ਤੇ ਬਾਅਦ ਨਾਨਜਿੰਗ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਾਰ ਕੀਤਾ ਗਿਆ ਸੀ।