ਚੀਨ ਪ੍ਰਤੀ ਅਮਰੀਕਾ ਦੀ ਟੈਰਿਫ ਯੋਜਨਾ ਅਸਫਲ, ਬਰਾਮਦ ''ਚ ਵਾਧਾ
Monday, Jun 10, 2019 - 03:13 PM (IST)

ਬੀਜਿੰਗ (ਬਿਊਰੋ)— ਚੀਨ ਅਤੇ ਅਮਰੀਕਾ ਵਿਚਾਲੇ ਜਾਰੀ ਵਪਾਰ ਯੁੱਧ ਵਿਚ ਇਕ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਹੈ ਕਿ ਅਮਰੀਕਾ ਦੇ ਸਖਤ ਟੈਰਿਫ ਲਗਾਉਣ ਦੇ ਬਾਵਜੂਦ ਚੀਨ ਦੀ ਬਰਾਮਦ ਵਿਚ ਵਾਧਾ ਹੋਇਆ ਹੈ। ਮਈ ਮਹੀਨੇ ਵਿਚ ਚੀਨ ਦੀ ਬਰਾਮਦ 1.1 ਫੀਸਦੀ ਵਧੀ ਜਦਕਿ ਇਸ ਵਿਚ ਗਿਰਾਵਟ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਸੀ।
ਅਮਰੀਕਾ ਹੀ ਚੀਨ ਦੀ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ। ਭਾਵੇਂਕਿ ਇਸ ਦੌਰਾਨ ਚੀਨ ਦੀ ਦਰਾਮਦ ਘਟੀ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਘਰੇਲੂ ਮੰਗ ਵਿਚ ਕਮੀ ਆ ਰਹੀ ਹੈ। ਬਰਾਮਦ ਵਿਚ ਤੇਜ਼ ਵਾਧੇ ਦੇ ਬਾਰੇ ਵਿਚ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਟੈਰਿਫ ਲਗਾਏ ਜਾਣ ਦੀ ਸਮੇਂ ਸੀਮਾ ਤੋਂ ਪਹਿਲਾਂ ਬਹੁਤ ਸਾਰੇ ਬਰਾਮਦਕਾਰਾਂ ਨੇ ਤੇਜ਼ੀ ਨਾਲ ਆਪਣਾ ਮਾਲ ਬਰਾਮਦ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਇਹ ਵਾਧਾ ਨਜ਼ਰ ਆ ਰਿਹਾ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਚੀਨ ਦੀ ਬਰਾਮਦ ਵਧਣ ਦੇ ਬਾਵਜੂਦ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਅਮਰੀਕਾ-ਚੀਨ ਵਪਾਰ ਯੁੱਧ ਲੰਬਾ ਚੱਲਿਆ ਤਾਂ ਗਲੋਬਲ ਅਰਥ ਵਿਵਸਥਾ ਮੰਦੀ ਵੱਲ ਚਲੀ ਜਾਵੇਗੀ।
ਮਾਹਰਾਂ ਦਾ ਕਹਿਣਾ ਹੈ ਕਿ ਚੀਨ ਦੀ ਦਰਾਮਦ ਵਿਚ ਕਮੀ ਨੂੰ ਦੇਖਦਿਆਂ ਲੱਗਦਾ ਹੈ ਕਿ ਉਸ ਨੂੰ ਆਪਣੇ ਬਜ਼ਾਰਾਂ ਨੂੰ ਸਹਾਰਾ ਦੇਣ ਲਈ ਰਾਹਤ ਪੈਕੇਜ ਦੇਣਾ ਪਵੇਗਾ। ਚੀਨ ਦੇ ਕੁੱਲ ਘਰੇਲੂ ਉਤਪਾਦ ਵਿਚ ਕਰੀਬ 20 ਫੀਸਦੀ ਹਿੱਸਾ ਬਰਾਮਦ ਹੁੰਦਾ ਹੈ। ਚੀਨ ਦੀ ਦਰਾਮਦ ਵਿਚ 8.5 ਫੀਸਦੀ ਗਿਰਾਵਟ ਆਈ ਹੈ ਜੋ ਪਿਛਲੇ 3 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬੀਤੀ 10 ਮਈ ਨੂੰ 200 ਅਰਬ ਡਾਲਰ ਦੀਆਂ ਚੀਨੀ ਵਸਤਾਂ 'ਤੇ ਟੈਰਿਫ ਵਧਾ ਕੇ 25 ਫੀਸਦੀ ਕਰ ਦਿੱਤਾ ਸੀ ਅਤੇ ਬਾਕੀ ਬਚੀਆਂ 300 ਅਰਬ ਡਾਲਰ ਦੀਆਂ ਵਸਤਾਂ 'ਤੇ ਵੀ ਟੈਰਿਫ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਇਸ ਦੇ ਜਵਾਬ ਵਿਚ ਚੀਨ ਨੇ ਵੀ ਅਮਰੀਕਾ ਵਸਤਾਂ 'ਤੇ ਟੈਰਿਫ ਵਧਾ ਦਿੱਤਾ ਸੀ।