ਚੀਨ ''ਚ ਕੋਰੋਨਾ ਵਾਇਰਸ ਦੇ 15 ਨਵੇਂ ਮਾਮਲੇ ਆਏ ਸਾਹਮਣੇ
Thursday, Jun 11, 2020 - 03:41 PM (IST)

ਬੀਜਿੰਗ (ਭਾਸ਼ਾ) : ਚੀਨ ਵਿਚ ਕੋਰੋਨਾ ਵਾਇਰਸ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 11 ਅਜਿਹੇ ਲੋਕ ਹਨ ਜੋ ਬਾਹਰੋਂ ਪਰਤੇ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ.ਸੀ.) ਅਨੁਸਾਰ ਚੀਨ ਵਿਚ ਬਾਹਰੋਂ ਪਰਤਣ ਵਾਲੇ 11 ਲੋਕ ਬੁੱਧਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਹਨ। ਇਨ੍ਹਾਂ ਵਿਚੋਂ 6 ਸ਼ੰਘਾਈ, 3 ਗਵਾਂਗਦੋਂਗ ਅਤੇ 1-1 ਤਿਯਾਨਜੀਨ ਅਤੇ ਫੁਜਿਆਨ ਤੋਂ ਹਨ। ਐਨ.ਐਚ.ਸੀ. ਵੱਲੋਂ ਜਾਰੀ ਜਾਣਕਾਰੀ ਮੁਤਾਬਕ ਚੀਨ ਦੇ ਮੁੱਖ ਭੂ-ਭਾਗ ਵਿਚ ਸਥਾਨਕ ਸੰਪਰਕ ਦੇ ਪ੍ਰਸਾਰ ਨਾਲ ਇਨਫੈਕਸ਼ਨ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਐਨ.ਐਚ.ਸੀ. ਨੇ ਦੱਸਿਆ ਕਿ ਬੁੱਧਵਾਰ ਨੂੰ ਬਿਨਾਂ ਲੱਛਣ ਵਾਲੇ ਵੀ 4 ਨਵੇਂ ਮਾਮਲੇ ਸਾਹਮਣੇ ਆਏ। ਬਿਨਾਂ ਲੱਛਣ ਵਾਲੇ ਸਾਰੇ ਲੋਕਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ 42 ਲੋਕ ਵਾਇਰਸ ਦਾ ਕੇਂਦਰ ਮੰਨੇ ਜਾਣ ਵਾਲੇ ਵੁਹਾਨ ਤੋਂ ਹਨ। ਬਿਨਾਂ ਲੱਛਣ ਵਾਲੇ ਮਾਮਲੇ ਅਜਿਹੇ ਹੁੰਦੇ ਹਨ, ਜਿਸ ਵਿਚ ਵਿਅਕਤੀ ਵਿਚ ਬੁਖਾਰ, ਗਲੇ ਵਿਚ ਪਰੇਸ਼ਾਨੀ, ਖੰਘ ਵਰਗੇ ਲੱਛਣ ਨਹੀ ਦਿਸਦੇ ਹਨ ਪਰ ਉਨ੍ਹਾਂ ਤੋਂ ਦੂਜੇ ਵਿਅਕਤੀ ਨੂੰ ਇਨਫੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ। ਬੁੱਧਵਾਰ ਤੱਕ ਚੀਨ ਦੇ ਮੁੱਖ ਭੂ-ਭਾਗ ਵਿਚ ਇਨਫੈਕਸ਼ਨ ਦੇ 83,057 ਮਾਮਲੇ ਹਨ ਅਤੇ ਇਨ੍ਹਾਂ ਵਿਚੋਂ ਸਿਰਫ 62 ਦਾ ਇਲਾਜ ਚੱਲ ਰਿਹਾ ਹੈ ਅਤੇ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। ਉਥੇ ਹੀ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ।