ਕਰਜ਼ ਚੁਕਾਉਣ ਲਈ ਮਾਂ-ਪਿਓ ਨੇ ਵੇਚੇ 2 ਮਹੀਨੇ ਦੇ ਜੁੜਵਾਂ ਬੱਚੇ

Saturday, Mar 30, 2019 - 01:27 PM (IST)

ਕਰਜ਼ ਚੁਕਾਉਣ ਲਈ ਮਾਂ-ਪਿਓ ਨੇ ਵੇਚੇ 2 ਮਹੀਨੇ ਦੇ ਜੁੜਵਾਂ ਬੱਚੇ

ਬੀਜਿੰਗ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਇਨਸਾਨ ਨੂੰ ਆਪਣੀ ਚਾਦਰ ਮੁਤਾਬਕ ਹੀ ਪੈਰ ਪਸਾਰਨੇ ਚਾਹੀਦੇ ਹਨ। ਅਜਿਹਾ ਨਾ ਕਰਨ ਵਾਲਿਆਂ ਨੂੰ ਗੰਭੀਰ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚੀਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜੋੜੇ ਨੇ ਆਪਣੇ ਦੋ ਮਹੀਨੇ ਦੇ ਜੁੜਵਾਂ ਬੱਚਿਆਂ ਨੂੰ ਕਰਜ਼ ਚੁਕਾਉਣ ਲਈ ਲੱਖਾਂ ਰੁਪਏ ਵਿਚ ਵੇਚ ਦਿੱਤਾ। ਜੋੜੇ ਨੇ ਆਪਣੇ ਬੱਚਿਆਂ ਦਾ ਸੌਦਾ ਵੱਖ-ਵੱਖ ਪਰਿਵਾਰਾਂ ਨਾਲ ਕੀਤਾ। ਆਨਲਾਈਨ ਵੈਬਸਾਈਟ ਜ਼ਰੀਏ ਉਨ੍ਹਾਂ ਨੇ ਬੱਚਾ ਖਰੀਦਣ ਵਾਲੇ ਪਰਿਵਾਰਾਂ ਨਾਲ ਸੰਪਰਕ ਕੀਤਾ ਸੀ।

PunjabKesari

ਪੁਲਸ ਨੇ ਜੁੜਵਾਂ ਬੱਚਿਆਂ ਨੂੰ ਬਰਾਮਦ ਕਰ ਲਿਆ ਹੈ। ਜਿਹੜੇ ਜੋੜੇ ਨੇ ਆਪਣੇ ਬੱਚਿਆਂ ਨੂੰ ਵੇਚਿਆ ਉਹ ਬੋਰਜ਼ਗਾਰ ਸਨ ਅਤੇ ਵੱਡੇ ਕਰਜ਼ ਹੇਠ ਦੱਬੇ ਹੋਏ ਸਨ। ਜੋੜੇ ਨੇ ਆਨਲਾਈਨ ਵੈਬਸਾਈਟ ਤੋਂ ਹੀ ਕਰਜ਼ ਲਿਆ ਹੋਇਆ ਸੀ। ਪੁਲਸ ਨੇ ਦੱਸਿਆ ਕਿ ਬੱਚਾ ਵੇਚਣ ਵਾਲਾ ਜੋੜਾ ਸ਼ਿਫੇਂਗ ਦਾ ਰਹਿਣ ਵਾਲਾ ਹੈ। ਜੁੜਵਾਂ ਬੱਚਿਆਂ ਵਿਚ ਇਕ ਬੇਟਾ ਅਤੇ ਇਕ ਬੇਟੀ ਹਨ। ਜੋੜੇ ਨੇ ਦੋਹਾਂ ਨੂੰ ਕਰੀਬ 6-6 ਲੱਖ ਰੁਪਏ ਵਿਚ ਹੇਬੇਈ ਸੂਬੇ ਵਿਚ ਰਹਿਣ ਵਾਲੇ ਦੋ ਪਰਿਵਾਰਾਂ ਨੂੰ ਵੇਚ ਦਿੱਤਾ। ਇਹ ਪਰਿਵਾਰ ਉਨ੍ਹਾਂ ਦੇ ਘਰ ਤੋਂ 800 ਕਿਲੋਮੀਟਰ ਦੂਰ ਰਹਿੰਦਾ ਸਨ। 

PunjabKesari

28 ਫਰਵਰੀ ਨੂੰ ਸ਼ਿਫੇਂਗ ਪੁਲਸ ਨੇ ਸ਼ਿੰਗਤਾਈ ਸ਼ਹਿਰ ਵਿਚ ਬੇਟੀ ਨੂੰ ਬਰਾਮਦ ਕੀਤਾ ਜਦਕਿ ਉਸ ਦੇ ਭਰਾ ਨੂੰ 2 ਮਾਰਚ ਨੂੰ ਲਾਂਗਫਾਂਗ ਸ਼ਹਿਰ ਤੋਂ ਬਰਾਮਦ ਕੀਤਾ ਗਿਆ। ਬੀਤੇ ਸਾਲ ਦਸੰਬਰ ਵਿਚ ਸੁਰੱਖਿਆ ਬਿਊਰੋ ਨੂੰ ਬੱਚਿਆਂ ਦੀ ਤਸਕਰੀ ਦੇ ਸ਼ੱਕ ਦੇ ਮਾਮਲੇ ਬਾਰੇ ਪਤਾ ਚੱਲਿਆ ਸੀ। ਜਾਂਚ ਦੇ ਬਾਅਦ 22 ਜਨਵਰੀ 2019 ਨੂੰ ਪਿਤਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਅਗਲੇ ਦਿਨ ਉਸ ਦੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।

PunjabKesari

ਜੋੜੇ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਜੁੜਵਾਂ ਬੱਚਿਆਂ ਦੇ ਜਨਮ ਦੇ 2 ਮਹੀਨੇ ਬਾਅਦ ਹੀ ਸਤੰਬਰ 2017 ਵਿਚ ਉਨ੍ਹਾਂ ਨੂੰ ਵੇਚ ਦਿੱਤਾ ਸੀ। ਜੋੜੇ ਨੇ ਦੱਸਿਆ ਕਿ ਕਰਜ਼ ਦੀ ਰਾਸ਼ੀ ਬਹੁਤ ਜ਼ਿਆਦਾ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਨੂੰ ਕਿਸੇ ਹੋਰ ਤੋਂ ਉਧਾਰ ਨਹੀਂ ਸੀ ਮਿਲ ਰਿਹਾ। ਉਹ ਬੱਚਿਆਂ ਦੇ ਪਾਲਣ-ਪੋਸ਼ਣ ਦਾ ਖਰਚ ਨਹੀਂ ਉਠਾ ਪਾ ਰਹੇ ਸਨ।


author

Vandana

Content Editor

Related News