ਚੀਨੀ ਜਲ ਸੈਨਾ ਦੀ 70ਵੀਂ ਵਰ੍ਹੇਗੰਢ ਮੌਕੇ 2 ਭਾਰਤੀ ਸਮੁੰਦਰੀ ਜਹਾਜ਼ ਹੋਣਗੇ ਸ਼ਾਮਲ
Sunday, Apr 07, 2019 - 12:14 PM (IST)

ਬੀਜਿੰਗ (ਭਾਸ਼ਾ)— ਭਾਰਤੀ ਜਲ ਸੈਨਾ ਦੇ ਦੋ ਜਹਾਜ਼ ਆਈ.ਐੱਨ.ਐੱਸ. 'ਕੋਲਕਾਤਾ' ਅਤੇ 'ਸ਼ਕਤੀ' ਚੀਨੀ ਜਲ ਸੈਨਾ ਦੀ 70ਵੀਂ ਵਰ੍ਹੇਗੰਢ ਸਮਾਰੋਹ ਵਿਚ ਹਿੱਸਾ ਲੈਣਗੇ। ਭਾਰਤੀ ਦੂਤਘਰ ਨੇ ਇਕ ਪ੍ਰੈੱਸ ਬਿਆਨ ਵਿਚ ਐਤਵਾਰ ਨੂੰ ਕਿਹਾ ਕਿ ਦੋ ਜਹਾਜ਼ ਚੀਨੀ ਬੰਦਰਗਾਹ ਚਿੰਗਦਾਓ 'ਤੇ 21 ਤੋਂ 26 ਅਪ੍ਰੈਲ ਦੇ ਵਿਚ 'ਪੀਪਲਜ਼ ਲਿਬਰੇਸ਼ਨ ਆਰਮੀ' (ਪੀ.ਐੱਲ.ਏ.) ਜਲ ਸੈਨਾ ਦੀ 70ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ 'ਇੰਟਰਨੈਸ਼ਨਲ ਫਲੀਟ ਰੀਵੀਊ' ਵਿਚ ਹਿੱਸਾ ਲੈਣਗੇ।
ਇਸ ਦੌਰਾਨ ਚੀਨ ਵਿਚ ਭਾਰਤੀ ਰਾਜਦੂਤ ਵਿਕਰਮ ਮਿਸਰੀ, ਆਈ.ਐੱਨ.ਐੱਸ. ਕੋਲਕਾਤਾ ਦੇ ਕਮਾਡਿੰਗ ਅਫਸਰ ਕੈਪਟਨ ਆਦਿਤਯ ਹਾਰਾ ਨਾਲ ਲੋਕਾਂ ਲਈ ਇਕ ਪ੍ਰੋਗਰਾਮ ਆਯੋਜਿਤ ਕਰਨਗੇ। ਆਈ.ਐੱਨ.ਐੱਸ. ਕੋਲਕਾਤਾ ਭਾਰਤੀ ਜਲ ਸੈਨਾ ਦੀ ਕੋਲਕਾਤਾ-ਸ਼੍ਰੇਣੀ ਦੇ ਸਟੀਲਥ ਗਾਈਡੇਡ-ਮਿਜ਼ਾਈਲ ਵਿਨਾਸ਼ਕਾਰੀ ਦਾ ਪ੍ਰਮੁੱਖ ਜਹਾਜ਼ ਹੈ। ਉੱਥੇ ਆਈ.ਐੱਨ.ਐੱਸ. ਸ਼ਕਤੀ ਇਕ ਟੈਂਕਰ ਅਤੇ ਕਾਰਗੋ ਜਹਾਜ਼ ਹੈ। ਚੀਨ ਦੇ ਰੱਖਿਆ ਬੁਲਾਰੇ ਕਰਨਲ ਯੂ ਕਿਆਨ ਨੇ 28 ਮਾਰਚ ਨੂੰ ਮੀਡੀਆ ਨੂੰ ਦੱਸਿਆ ਸੀ ਕਿ 23 ਅਪ੍ਰੈਲ ਨੂੰ ਪੀ.ਐੱਲ.ਏ. ਜਲ ਸੈਨਾ ਦੀ 70ਵੀਂ ਵਰ੍ਹੇਗੰਢ 'ਤੇ ਆਯੋਜਿਤ ਕੀਤੇ ਜਾ ਰਹੇ ਸਮਾਰੋਹ ਵਿਚ 60 ਤੋਂ ਵੱਧ ਦੇਸ਼ ਹਿੱਸਾ ਲੈਣਗੇ।