ਚੀਨ ਦੀ ਸਰਕਾਰ ਅੰਤਰ ਜਾਤੀ ਵਿਆਹਾਂ ਨੂੰ ਕਰ ਰਹੀ ਉਤਸ਼ਾਹਿਤ

07/17/2019 3:06:02 PM

ਬੀਜਿੰਗ (ਬਿਊਰੋ)— ਚੀਨ ਵਿਚ ਇਕ ਜੋੜੇ ਨੇ ਸੱਚੇ ਪਿਆਰ ਦੀ ਮਿਸਾਲ ਕਾਇਮ ਕੀਤੀ। ਅਸਲ ਵਿਚ ਹਾਨ ਭਾਈਚਾਰੇ ਦੇ ਲੋਂਗ ਸ਼ੀ ਝੋਂਗ ਅਤੇ ਉਨ੍ਹਾਂ ਦੀ ਤਿੱਬਤੀ ਪ੍ਰੇਮਿਕਾ ਬਾ ਸਾਂਗ ਕਵੇ ਬਾ ਦੇ ਸੱਚੇ ਪਿਆਰ ਅੱਗੇ ਸਰਕਾਰ ਨੂੰ ਝੁਕਣਾ ਪਿਆ। ਇਹ ਜੋੜਾ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਆਪਣੇ ਪਿਆਰ ਦੀ ਮੰਜ਼ਿਲ 'ਤੇ ਪਹੁੰਚਿਆ ਅਤੇ ਤਿੱਬਤ ਆਟੋਨੋਮਸ ਖੇਤਰ ਵਿਚ ਨਸਲੀ ਏਕਤਾ ਦਾ ਪ੍ਰਤੀਕ ਬਣਿਆ। ਝੋਂਗ ਅਤੇ ਬਾ ਨੇ ਜਿਸ ਤਰ੍ਹਾਂ ਹਾਨ ਅਤੇ ਤਿੱਬਤੀ ਭਾਈਚਾਰਿਆਂ ਵਿਚ ਕੱਟੜ ਦੁਸ਼ਮਣੀ ਦੇ ਬਾਵਜੂਦ ਆਪਣੇ ਪਿਆਰ ਨੂੰ ਹਾਸਲ ਕੀਤਾ ਅਤੇ ਸਮਾਜ ਦੇ ਨਿਯਮ ਨੂੰ ਮੁੜ ਲਿਖਿਆ ਉਸ ਨੂੰ ਦੇਖ ਕੇ ਉਨ੍ਹਾਂ ਨੂੰ ਅਧਿਕਾਰਕ ਰੂਪ ਨਾਲ ਜੇਤੂ (Achievers) ਦੇ ਰੂਪ ਵਿਚ ਮਾਨਤਾ ਮਿਲੀ।

ਅਧਿਕਾਰੀਆਂ ਨੇ ਦੱਸਿਆ ਕਿ ਝੋਂਗ ਅਤੇ ਬਾ ਨੂੰ ਵਿਆਹ ਕਰਨ ਲਈ ਕਈ ਸਾਲਾਂ ਤੱਕ ਇੰਤਜ਼ਾਰ ਕਰਨਾ ਪਿਆ। ਅਖੀਰ 2015 ਵਿਚ ਉਨ੍ਹਾਂ ਨੂੰ ਸਬਰ ਦਾ ਫਲ ਮਿਲਿਆ ਅਤੇ ਦੋਵੇਂ ਵਿਆਹ ਦੇ ਬੰਧਨ ਵਿਚ ਬੱਝੇ। ਇਸ ਸਮੇਂ ਝੋਂਗ ਅਤੇ ਬਾ ਦੋਹਾਂ ਦੀ ਉਮਰ 50 ਸਾਲ ਹੈ ਅਤੇ ਉਹ ਚੀਨ ਦੇ ਤਿੱਬਤ ਆਟੋਨੋਮਸ ਖੇਤਰ ਵਿਚ ਪਿਆਰ ਅਤੇ ਨਸਲੀ ਏਕਤਾ ਦੇ ਪ੍ਰਤੀਕ ਹਨ। ਉਨ੍ਹਾਂ ਦੇ ਵਿਆਹ ਨੇ ਸੈਂਕੜੇ ਨੌਜਵਾਨਾਂ ਨੂੰ ਅੰਤਰ ਜਾਤੀ ਵਿਆਹ ਕਰਨ ਲਈ ਉਤਸ਼ਾਹਿਤ ਕੀਤਾ ਹੈ। ਜਿਸ ਨੂੰ ਦੇਖਦਿਆਂ ਸਥਾਨਕ ਸਰਕਾਰ ਨੇ ਜੋੜੇ ਨੂੰ ਨਸਲੀ ਏਕਤਾ ਲਈ 'ਰਾਸ਼ਟਰੀ ਆਦਰਸ਼ ਪੁਰਸਕਾਰ' ਨਾਲ ਸਨਮਾਨਿਤ ਕੀਤਾ।

ਸਥਾਨਕ ਸਰਕਾਰ ਦੇ ਇਕ ਅਧਿਕਾਰੀ ਸੀ ਡਾਨ ਯਾਂਗਜੀ ਨੇ ਚੀਨ ਦੇ ਸੱਦੇ 'ਤੇ ਤਿੱਬਤ ਆਏ ਭਾਰਤੀ ਪੱਤਰਕਾਰਾਂ ਦੇ ਸਮੂਹ ਨੂੰ ਕਿਹਾ,''ਸਾਡੀ ਸਰਕਾਰ ਤਿੱਬਤ ਅਤੇ ਹੋਰ ਥਾਵਾਂ 'ਤੇ ਵਿਭਿੰਨ ਨਸਲੀ ਭਾਈਚਾਰਿਆਂ ਵਿਚ ਏਕਤਾ ਨੂੰ ਵਧਾਵਾ ਦੇਣ ਲਈ ਅੰਤਰ ਜਾਤੀ ਵਿਆਹਾਂ ਦੀ ਨੀਤੀ ਅਪਨਾ ਰਹੀ ਹੈ।'' ਡਾਨ ਨੇ ਦੱਸਿਆ ਕਿ ਸ਼ਿਗਾਤਸੇ ਦੇ ਭਾਈਚਾਰਕ ਕੇਂਦਰ ਵਿਚ 500 ਪਰਿਵਾਰ ਰਜਿਸਟਰਡ ਹਨ, ਜਿਨ੍ਹਾਂ ਵਿਚੋਂ 40 ਜੋੜੇ ਅਜਿਹੇ ਹਨ ਜਿਨ੍ਹਾਂ ਨੇ ਅੰਤਰ ਜਾਤੀ ਵਿਆਹ ਕੀਤਾ ਹੈ। 

ਜ਼ਿਕਰਯੋਗ ਹੈ ਕਿ ਤਿੱਬਤੀ ਲੋਕਾਂ ਅਤੇ ਚੀਨੀ ਅਧਿਕਾਰੀਆਂ ਦੇ ਸਬੰਧ ਉਸ ਸਮੇਂ ਬਹੁਤ ਤਣਾਅਪੂਰਣ ਹੋ ਗਏ ਸਨ ਜਦੋਂ ਚੀਨ ਦੀ ਫੌਜ 1950 ਵਿਚ ਤਿੱਬਤ ਵਿਚ ਦਾਖਲ ਹੋ ਗਈ ਸੀ। ਬਗਾਵਤ ਵਿਰੁੱਧ ਚੀਨੀ ਸਰਕਾਰ ਦੀ ਕਾਰਵਾਈ ਦੇ ਬਾਅਦ ਤਿੱਬਤੀਆਂ ਦੇ ਰੂਹਾਨੀ ਨੇਤਾ ਦਲਾਈ ਲਾਮਾ ਤਿੱਬਤ ਤੋਂ ਭੱਜ ਗਏ ਅਤੇ ਭਾਰਤ ਨੇ ਉਨ੍ਹਾਂ ਨੂੰ ਸਿਆਸੀ ਸ਼ਰਨ ਦਿੱਤੀ।


Vandana

Content Editor

Related News