''ਛੋਟੇ ਬੱਚਿਆਂ ਨੂੰ ਸਕ੍ਰੀਨ ''ਤੇ ਰੋਜ਼ਾਨਾ 60 ਮਿੰਟ ਤੋਂ ਜ਼ਿਆਦਾ ਬਿਤਾਉਣਾ ਹਾਨੀਕਾਰਕ''

04/25/2019 4:54:12 PM

ਸੰਯੁਕਤ ਰਾਸ਼ਟਰ (ਭਾਸ਼ਾ)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਲੈਕਟ੍ਰਾਨਿਕ ਸਕ੍ਰੀਨ ਤੋਂ ਬਿਲਕੁਲ ਵੀ ਜਾਣੂੰ ਨਹੀਂ ਹੋਣਾ ਚਾਹੀਦਾ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਕ੍ਰੀਨ ਦੇਖਣ ਦਾ ਸਮਾਂ ਇਕ ਦਿਨ ਵਿਚ ਇਕ ਘੰਟੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਸੰਸਾਰਕ ਮੋਟਾਪੇ ਦੇ ਸੰਕਟ ਨਾਲ ਨਜਿੱਠਣ ਲਈ ਇਕ ਮੁਹਿੰਮ ਤਹਿਤ ਜਾਰੀ ਕੀਤਾ ਗਿਆ ਹੈ, ਜਿਸ ਵਿਚ ਇਹ ਯਕੀਨੀ ਕੀਤਾ ਗਿਆ ਹੈ ਕਿ ਛੋਟੇ ਬੱਚੇ ਫਿੱਟ ਰਹਿਣ ਅਤੇ ਉਨ੍ਹਾਂ ਦਾ ਵਿਕਾਸ ਚੰਗੀ ਤਰ੍ਹਾਂ ਨਾਲ ਹੋਵੇ, ਖਾਸ ਕਰਕੇ ਜੀਵਨ ਦੇ ਪਹਿਲੇ ਪੰਜ ਸਾਲਾਂ ਵਿਚ, ਜਿਸ ਦੌਰਾਨ ਬੱਚਿਆਂ ਦੇ ਵਿਕਾਸ ਦਾ ਉਮਰ ਭਰ ਉਸ ਦੀ ਸਿਹਤ 'ਤੇ ਪ੍ਰਭਾਵ ਰਹਿੰਦਾ ਹੈ।

ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਪਹਿਲੀ ਵਾਰ ਪੰਜ ਸਾਲ ਤੋਂ ਛੋਟੇ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਵਿਚ ਲਗਭਗ 4 ਕਰੋੜ ਬੱਚਿਆਂ ਦਾ ਭਾਰ ਆਮ ਤੋਂ ਜ਼ਿਆਦਾ ਹੈ, ਜੋ ਕੁਲ ਦਾ ਲਗਭਗ 6 ਫੀਸਦੀ ਹੈ। ਉਨ੍ਹਾਂ ਵਿਚੋਂ ਅੱਧੇ ਅਫਰੀਕਾ ਅਤੇ ਏਸ਼ੀਆ ਵਿਚ ਹਨ। ਡਬਲਿਊ.ਐਚ.ਓ. ਨੇ ਕਿਹਾ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕ੍ਰੀਨ ਦੇਖਣ ਵਿਚ ਬਹੁਤ ਘੱਟ ਸਮਾਂ ਬਿਤਾਉਣਾ ਚਾਹੀਦਾ ਹੈ, ਜਾਂ ਪ੍ਰੈਮ ਅਤੇ ਸੀਟ 'ਤੇ ਇਕ ਹੀ ਥਾਂ ਨਹੀਂ ਬੈਠੇ ਰਹਿਣਾ ਚਾਹੀਦਾ।

ਸਿਹਤਮੰਦ ਰਹਿਣ ਲਈ ਪੂਰੀ ਨੀਂਦ ਲੈਣੀ ਚਾਹੀਦੀ ਹੈ ਅਤੇ ਸਰਗਰਮੀ ਨਾਲ ਖੇਡਾਂ ਨੂੰ ਸਮਾਂ ਦੇਣਾ ਚਾਹੀਦਾ ਹੈ। ਡਬਲਿਊ. ਐਚ.ਓ. ਦੇ ਡਾਇਰੈਕਟਰ ਜਨਰਲ ਟੇਡ੍ਰੋਸ ਐਡਨਾਮ ਘੇਬ੍ਰਿਏਸਿਸ ਨੇ ਕਿਹਾ ਕਿ ਸਾਰੇ ਲੋਕਾਂ ਦਾ ਸਿਹਤਮੰਦ ਰਹਿਣ ਦਾ ਮਤਲਬ ਲੋਕਾਂ ਦੇ ਜੀਵਨ ਦੀ ਸ਼ੁਰੂਆਤ ਤੋਂ ਸਿਹਤ ਦਾ ਧਿਆਨ ਰੱਖਣਾ ਹੈ। ਘੇਬ੍ਰਿਏਸਸ ਨੇ ਕਿਹਾ ਕਿ ਬਚਪਨ ਦੇ ਸ਼ੁਰੂਆਤੀ ਦੌਰ ਵਿਚ ਬੱਚਿਆਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ ਅਤੇ ਇਹ ਅਜਿਹਾ ਸਮਾਂ ਹੈ, ਜਦੋਂ ਸਿਹਤਮੰਦ ਰਹਿਣ ਲਈ ਪਰਿਵਾਰ ਦੀ ਜੀਵਨਸ਼ੈਲੀ ਨੂੰ ਉਸ ਮੁਤਾਬਕ ਢਾਲਿਆ ਜਾ ਸਕਦਾ ਹੈ।


Sunny Mehra

Content Editor

Related News