ਅਮਰੀਕਾ ''ਚ 8 ਨਵੰਬਰ ਤੋਂ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਲੱਗੇਗੀ ਵੈਕਸੀਨ, ਫਾਈਜ਼ਰ ਨੂੰ ਮਨਜ਼ੂਰੀ
Wednesday, Nov 03, 2021 - 10:51 AM (IST)
ਵਾਸ਼ਿੰਗਟਨ (ਵਾਰਤਾ): ਅਮਰੀਕਾ ਵਿਚ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਰੋਨਾ ਖ਼ਿਲਾਫ਼ ਫਾਈਜਰ ਵੈਕਸੀਨ ਲਗਾਉਣ ਦੀ ਮਨਜ਼ੂਰੀ ਮਿਲ ਗਈ ਹੈ। ਅਮਰੀਕੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਬੱਚਿਆਂ ਨੂੰ ਫਾਈਜ਼ਰ ਵੈਕਸੀਨ ਦੀ ਖੁਰਾਕ ਦੇਣ ਸੰਬੰਧੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਅਮਰੀਕਾ ਦੀ ਟੀਕਾਕਰਨ ਮੁਹਿੰਮ ਵਿਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ 8 ਨਵੰਬਰ ਤੋਂ ਬੱਚਿਆਂ ਨੂੰ ਕੋਰੋਨਾ ਦੀ ਵੈਕਸੀਨ ਲੱਗਣੀ ਸ਼ੁਰੂ ਹੋ ਜਾਵੇਗੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਨੂੰ ਟਰਨਿੰਗ ਪੁਆਇੰਟ ਕਰਾਰ ਦਿੱਤਾ ਹੈ।
ਅਮਰੀਕੀ ਖਾਧ ਅਤੇ ਡਰਗੱਜ਼ ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਸੈਂਟਰ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਨਸ਼ਨ ਨੇ ਵੀ ਮਨਜ਼ੂਰੀ ਦਿੱਤੀ ਸੀ। ਅਜਿਹੇ ਵਿਚ ਹੁਣ ਸਰਕਾਰ ਤੋਂ ਇਜਾਜ਼ਤ ਮਿਲਣ ਦੇ ਬਾਅਦ ਅਮਰੀਕਾ ਵਿਚ 2.8 ਕਰੋੜ ਬੱਚਿਆਂ ਨੂੰ ਵੈਕਸੀਨ ਲੱਗਣ ਦਾ ਰਸਤਾ ਸਾਫ ਹੋ ਗਿਆ ਹੈ। ਭਾਵੇਂਕਿ ਸਰਕਾਰ ਨੇ ਇਸ ਫ਼ੈਸਲੇ ਤੋਂ ਪਹਿਲਾਂ ਹੀ 5-11 ਸਾਲ ਦੇ ਬੱਚਿਆਂ ਲਈ ਲੋੜੀਂਦੀ ਵੈਕਸੀਨ ਡੋਜ ਖਰੀਦ ਕੇ ਦੇਸ਼ ਭਰ ਵਿਚ ਭੇਜਣੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਸਾਂਸਦ ਨੇ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ
ਬਾਈਡੇਨ ਨੇ ਕਹੀ ਇਹ ਗੱਲ
ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਬਾਈਡੇਨ ਨੇ ਕਿਹਾ ਕਿ ਅੱਜ ਅਸੀਂ ਕੋਰੋਨਾ ਖ਼ਿਲਾਫ਼ ਆਪਣੀ ਲੜਾਈ ਵਿਚ ਇਕ ਮਹੱਤਵਪੂਰਨ ਮੋੜ 'ਤੇ ਪਹੁੰਚ ਗਏ ਹਾਂ। ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਆਸ ਲਗਾਏ ਬੈਠੇ ਮਾਪਿਆਂ ਦਾ ਇੰਤਜ਼ਾਰ ਖ਼ਤਮ ਹੋਵੇਗਾ। ਇਹ ਬੱਚਿਆਂ ਤੋਂ ਦੂਜਿਆਂ ਵਿਚ ਵਾਇਰਸ ਫੈਲਣ ਦੇ ਖਦਸ਼ੇ ਨੂੰ ਵੀ ਘੱਟ ਕਰੇਗਾ। ਇਹ ਕੋਰੋਨਾ ਵਾਇਰਸ ਨੂੰ ਹਰਾਉਣ ਦੀ ਸਾਡੀ ਲੜਾਈ ਵਿਚ ਸਾਡੇ ਦੇਸ਼ ਲਈ ਇਕ ਵੱਡਾ ਕਦਮ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਤਿੰਨ ਹਫ਼ਤਿਆਂ ਦੇ ਅੰਤਰਾਲ ਵਿਚ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਭਾਵੇਂਕਿ ਬਾਲਗਾਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਖੁਰਾਕ (30 ਮਾਈਕ੍ਰੋਗ੍ਰਾਮ) ਦੀ ਤੁਲਨਾ ਵਿਚ ਬੱਚਿਆਂ ਨੂੰ ਪ੍ਰਤੀ ਟੀਕੇ 'ਤੇ 10 ਮਾਈਕ੍ਰੋਗ੍ਰਾਮ ਵੈਕਸੀਨ ਲਗਾਈ ਜਾਵੇਗੀ। ਫਾਈਜ਼ਰ ਦੇ ਸੀਨੀਅਰ ਉਪ ਪ੍ਰਧਾਨ ਡਾਕਟਰ ਬਿਲ ਗੁਬਰ ਨੇ ਦੱਸਿਆ ਕਿ ਦੂਜੀ ਖੁਰਾਕ ਦੇ ਬਾਅਦ 5 ਤੋਂ 11 ਸਾਲ ਦੇ ਬੱਚਿਆਂ ਵਿਚ ਵੀ ਨੌਜਵਾਨਾਂ ਵਾਂਗ ਹੀ ਕੋਰੋਨਾ ਨਾਲ ਲੜਨ ਵਾਲੀ ਐਂਟੀਬੌਡੀ ਵਿਕਸਿਤ ਹੋਈ। ਉਹਨਾਂ ਨੇ ਦਾਅਵਾ ਕੀਤਾ ਕਿ ਵੈਕਸੀਨ ਦੀ ਖੁਰਾਕ ਬੱਚਿਆਂ ਵਿਚ ਸੁਰੱਖਿਅਤ ਸਾਬਤ ਹੋਈ। ਸਾਨੂੰ ਲੱਗਦਾ ਹੈ ਕਿ ਅਸੀਂ ਅਸਲ ਵਿਚ ਚੰਗੀ ਜਗ੍ਹਾ 'ਤੇ ਪਹੁੰਚ ਗਏ ਹਾਂ।
ਨੋਟ- ਅਮਰੀਕਾ ਵੱਲੋਂ ਬੱਚਿਆਂ ਦੇ ਟੀਕਾਕਰਨ ਦੇ ਫ਼ੈਸਲੇ 'ਤੇ ਕੁਮੈਂਟ ਕਰ ਦਿਓ ਰਾਏ।