ਸਾਵਧਾਨ! ਬੱਚਿਆਂ ਨੂੰ ਮਾਈਕ੍ਰੋਪਲਾਸਟਿਕ ਦਾ ਖ਼ਤਰਾ ਬਾਲਗਾਂ ਨਾਲੋਂ ਵੱਧ, ਇਨ੍ਹਾਂ ਚੀਜ਼ਾਂ ਤੋਂ ਰੱਖੋ ਦੂਰ
Wednesday, Oct 06, 2021 - 11:49 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਛੋਟੇ ਬੱਚੇ ਦਾ ਸਰੀਰ ਜਿਵੇਂ-ਜਿਵੇਂ ਵੱਧਣ-ਫੁੱਲਣ ਲੱਗਦਾ ਹੈ ਤਾਂ ਉਸ ਦੀ ਦੇਖਭਾਲ ਵਿਚ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ। ਅਕਸਰ ਜਦੋਂ ਛੋਟੇ ਬੱਚੇ ਦੇ ਦੰਦ ਆਉਂਦੇ ਹਨ ਤਾਂ ਉਨ੍ਹਾਂ ਨੂੰ ਚਬਾਉਣ ਲਈ ਟੀਥਰਸ ਜਾਂ ਪਲਾਸਟਿਕ ਦੇ ਖਿਡੌਣੇ ਦੇ ਦਿੱਤੇ ਜਾਂਦੇ ਹਨ। ਇੱਥੇ ਧਿਆਨ ਰੱਖੋ ਕਿ ਅਜਿਹਾ ਕਰਨਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਇੱਕ ਖੋਜ ਵਿਚ ਪਤਾ ਲੱਗਿਆ ਹੈ ਕਿ ਬਾਲਗਾਂ ਦੇ ਮੁਕਾਬਲੇ ਬੱਚਿਆਂ ਦੇ ਸਰੀਰ ਵਿੱਚ 15 ਗੁਣਾ ਜ਼ਿਆਦਾ ਮਾਈਕ੍ਰੋਪਲਾਸਟਿਕ ਪਾਏ ਜਾਂਦੇ ਹਨ। ਮਾਈਕ੍ਰੋਪਲਾਸਟਿਕ ਉਹ ਛੋਟੇ ਪਲਾਸਟਿਕ ਦੇ ਕਣ ਹੁੰਦੇ ਹਨ, ਜਿਨ੍ਹਾਂ ਦੀ ਮੋਟਾਈ 5 ਮਿਲੀਮੀਟਰ ਤੋਂ ਘੱਟ ਹੁੰਦੀ ਹੈ। ਇਹ ਕਣ ਘਰੇਲੂ ਸਿੰਥੈਟਿਕ ਕਾਰਪੇਟ ਅਤੇ ਇੱਥੋਂ ਤੱਕ ਕਿ ਸਿੰਥੈਟਿਕ ਫੈਬਰਿਕਸ ਤੋਂ ਵੀ ਛੱਡੇ ਜਾਂਦੇ ਹਨ। ਕੁਝ ਕਣ ਤਾਂ ਇੰਨੇ ਛੋਟੇ ਹੁੰਦੇ ਹਨ ਕਿ ਉਹ ਦਿਖਾਈ ਵੀ ਨਹੀਂ ਦਿੰਦੇ।
ਇਹ ਕਣ ਬੱਚਿਆਂ ਦੇ ਸਰੀਰ ਵਿੱਚ ਜ਼ਿਆਦਾ ਪਾਏ ਜਾਂਦੇ ਹਨ ਕਿਉਂਕਿ ਬੱਚਿਆਂ ਨੂੰ ਅਕਸਰ ਆਪਣੇ ਮੂੰਹ ਵਿੱਚ ਚੀਜ਼ਾਂ ਪਾਉਣ ਦੀ ਆਦਤ ਹੁੰਦੀ ਹੈ। ਇਸ ਦੇ ਨਾਲ, ਮਾਪੇ ਬੱਚਿਆਂ ਨੂੰ ਖੇਡਣ ਲਈ ਪਲਾਸਟਿਕ ਦੀਆਂ ਚੀਜ਼ਾਂ ਹੀ ਦਿੰਦੇ ਹਨ। ਉਹ ਛੋਟੇ ਬੱਚਿਆਂ ਨੂੰ ਜ਼ਿਆਦਾਤਰ ਪਲਾਸਟਿਕ ਦੇ ਨਿੱਪਲ ਚੂਸਣ ਲਈ ਦੇ ਦਿੰਦੇ ਹਨ। ਇਹਨਾਂ ਵਿਚ ਘਰੇਲੂ ਮਾਈਕਰੋ ਪਲਾਸਟਿਕ ਪੌਲੀਥੀਨ ਟੈਰਾਫਲੇਟ (ਪੀਈਟੀ) ਅਤੇ ਪੌਲੀਕਾਰਬੋਨੇਟ (ਪੀਸੀ) ਹੁੰਦੇ ਹਨ। ਅਮਰੀਕਾ ਵਿੱਚ ਹਰੇਕ 10 ਵਿੱਚੋਂ 6 ਬੱਚਿਆਂ ਵਿਚ ਮਾਈਕ੍ਰੋਪਲਾਸਟਿਕ ਪਾਏ ਗਏ ਹਨ।
ਇੰਝ ਮਿਲੇਗਾ ਮਾਈਕ੍ਰੋਪਲਾਸਟਿਕ ਤੋਂ ਛੁਟਕਾਰਾ
ਡਿਊਕ ਯੂਨੀਵਰਸਿਟੀ ਦੀ ਖੋਜ ਮੁਤਾਬਕ ਮਾਈਕ੍ਰੋਪਲਾਸਟਿਕ ਦੇ ਅੰਸ਼ ਮੱਛੀਆਂ ਵਿੱਚ ਵੀ ਪਾਏ ਗਏ ਹਨ।ਇਨ੍ਹਾਂ ਦਾ ਮੱਛੀਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਸਮੱਸਿਆ ਨੂੰ ਸਿਰਫ ਮਾਈਕ੍ਰੋਪਲਾਸਟਿਕਸ ਦੇ ਉਤਪਾਦਨ ਨੂੰ ਘਟਾ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਸਿੰਥੈਟਿਕ ਫਾਈਬਰ ਦੀ ਵਰਤੋਂ ਅਤੇ ਖਰੀਦ ਘੱਟ ਕੀਤੀ ਜਾਣੀ ਚਾਹੀਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਨੇ ਪੂਰਾ ਕੀਤਾ 80 ਫੀਸਦੀ ਟੀਕਾਕਰਣ
ਮਾਈਕ੍ਰੋਪਲਾਸਟਿਕ ਦਾ ਸਿਹਤ 'ਤੇ ਇੰਝ ਵੱਧਦਾ ਹੈ ਖਤਰਾ
ਵਿਗਿਆਨੀ ਮੰਨਦੇ ਹਨ ਕਿ ਮਾਈਕ੍ਰੋਪਲਾਸਟਿਕ ਸਰੀਰ ਤੋਂ ਨਿਕਲ ਜਾਂਦੇ ਹਨ ਪਰ ਹੁਣ ਖੋਜ ਤੋਂ ਪਤਾ ਲੱਗਿਆ ਹੈ ਕਿ ਉਹ ਸਰੀਰ ਤੋਂ ਬਾਹਰ ਨਹੀਂ ਨਿਕਲਦੇ।ਇਹ ਸਰੀਰ ਵਿੱਚ ਜਲਣ ਪੈਦਾ ਕਰਦੇ ਹਨ ਅਤੇ ਪਾਚਨ ਪ੍ਰਣਾਲੀ ਵਿਚ ਗੜਬੜੀ ਪੈਦਾ ਕਰਦੇ ਹਨ। ਪ੍ਰਯੋਗਸ਼ਾਲਾ ਵਿੱਚ ਜਾਨਵਰਾਂ 'ਤੇ ਕੀਤੇ ਪ੍ਰਯੋਗਾਂ ਤੋਂ ਪਤਾ ਚੱਲਿਆ ਹੈ ਕਿ ਕੁਝ ਮਾਮਲਿਆਂ ਵਿੱਚ ਮੌਤ ਸੈੱਲਾਂ ਵਿੱਚ ਲਾਗ ਕਾਰਨ ਵੀ ਹੁੰਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।