'ਯੂਰਪੀ ਪੰਜਾਬੀ ਕਾਨਫਰੰਸ' 'ਚ ਬੱਚਿਆਂ ਦੇ ਮੁਕਾਬਲਿਆਂ ਨਾਲ ਪਹਿਲਾ ਪੜਾਅ ਮੁਕੰਮਲ
Tuesday, Aug 28, 2018 - 03:00 PM (IST)

ਇਟਲੀ (ਕੈਂਥ )— ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਯੂਰਪੀ ਪੰਜਾਬੀ ਕਾਨਫਰੰਸ 2018-19 ਸਤੰਬਰ ਮਹੀਨੇ ਦੀ ਪਹਿਲੀ ਤਰੀਕ ਦਿਨ ਸ਼ਨੀਵਾਰ ਨੂੰ ਇਟਲੀ ਦੇ ਜ਼ਿਲਾ ਬ੍ਰੇਸ਼ੀਆ 'ਚ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਦਾ ਮੁੱਖ ਮੰਤਵ ਇਟਲੀ ਵਿੱਚ ਰਹਿ ਰਹੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਬੋਲੀ ਪ੍ਰਤੀ ਜਾਗਰੂਕ ਕਰਨਾ ਹੈ ਜਿਸ ਕਰਕੇ ਇਸ ਨੂੰ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ।
ਇਸੇ ਤਹਿਤ ਪਹਿਲੇ ਪੜਾਅ ਵਿੱਚ ਗੁਰਦਵਾਰਾ ਸਾਹਿਬ ਵਿੱਚ ਪੰਜਾਬੀ ਪੜ੍ਹ ਰਹੇ ਬੱਚਿਆਂ ਦੇ ਇਮਤਿਹਾਨ ਲਏ ਗਏ। ਇਟਲੀ ਦੇ ਵੱਖ-ਵੱਖ ਗੁਰਦਵਾਰਾ ਸਾਹਿਬ ਵਿੱਚ ਇਸ ਅਧੀਨ ਸਭਾ ਵੱਲੋਂ ਪਹੁੰਚੇ ਅਹੁਦੇਦਾਰਾਂ ਨੇ ਬੱਚਿਆਂ ਨੂੰ ਪ੍ਰਸ਼ਨ ਪੱਤਰ ਵੰਡੇ ਅਤੇ ਇਮਤਿਹਾਨਾਂ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ।
ਇਨ੍ਹਾਂ ਬੱਚਿਆਂ ਦੇ ਇਮਤਿਹਾਨਾਂ ਦਾ ਨਤੀਜਾ ਕਾਨਫਰੰਸ ਵਾਲੇ ਦਿਨ ਘੋਸ਼ਿਤ ਕਰਕੇ ਜੇਤੂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ।