ਮਾਨਸਿਕ ਰੋਗ ਅਤੇ ਦਿਮਾਗੀ ਸਰੰਚਨਾ ’ਚ ਬਦਲਾਅ ਨਾਲ ਹੈ ਬੱਚਿਆਂ ਦੀ ਨੀਂਦ ਦਾ ਸਬੰਧ

02/11/2020 6:32:57 PM

ਲੰਡਨ (ਭਾਸ਼ਾ)–ਇਕ ਅਧਿਐਨ ਮੁਤਾਬਕ ਬੱਚਿਆਂ ’ਚ ਡਿਪ੍ਰੈਸ਼ਨ, ਉਨ੍ਹਾਂ ਦਾ ਮਾੜਾ ਵਰਤਾਓ ਅਤੇ ਖਰਾਬ ਗਿਆਨਾਤਮਕ ਪ੍ਰਦਰਸ਼ਨ ਦਾ ਸਬੰਧ ਉਨ੍ਹਾਂ ਦੀ ਨੀਂਦ ਦੀ ਮਿਆਦ ਅਤੇ ਗੁਣਵੱਤਾ ਨਾਲ ਹੈ। ਅਧਿਐਨ ਦੇ ਮੁਤਾਬਕ ਅਧੂਰੀ ਨੀਂਦ ਬੱਚਿਆਂ ਦੀ ਦਿਮਾਗੀ ਸਰੰਚਨਾ ’ਚ ਬਦਲਾਅ ਨਾਲ ਵੀ ਜੁੜੀ ਹੋਈ ਹੈ। ਬ੍ਰਿਟੇਨ ਦੀ ਵਾਰਵਿਕ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਚੰਗੀ ਨੀਂਦ ਦਿਮਾਗ ਦੀਆਂ ਨਾੜੀਆਂ ਦੇ ਸੰਪਰਕ ਦੀ ਪੁਨਰ ਸਰੰਚਨਾ ’ਚ ਮਦਦ ਕਰਦੀ ਹੈ ਅਤੇ ਇਸ ਨੂੰ ਉਨ੍ਹਾਂ ਬੱਚਿਆਂ ਲਈ ਖਾਸ ਤੌਰ ’ਤੇ ਅਹਿਮ ਮੰਨਿਆ ਜਾਂਦਾ ਹੈ, ਜਿਨ੍ਹਾਂ ਦਾ ਦਿਮਾਗ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੁੰਦਾ ਹੈ।

ਇਸ ਅਧਿਐਨ ’ਚ ਖੋਜਕਾਰਾਂ ਨੇ 9 ਤੋਂ 11 ਸਾਲ ਦੇ 11000 ਬੱਚਿਆਂ ਦੀ ਦਿਮਾਗੀ ਸਰੰਚਨਾ ਦੀ ਜਾਂਚ ਕੀਤੀ ਅਤੇ ਇਸ ਦੀ ਤੁਲਨਾ ਉਨ੍ਹਾਂ ਦੇ ਨੀਂਦ ਲੈਣ ਦੀ ਮਿਆਦ ਨਾਲ ਜੁੜੇ ਡਾਟੇ ਨਾਲ ਕੀਤੀ। ਖੋਜਕਾਰਾਂ ਨੇ ਦੇਖਿਆ ਕਿ ਜੋ ਬੱਚੇ ਘੱਟ ਸੌਂਦੇ ਹਨ, ਉਨ੍ਹਾਂ ’ਚ ਡਿਪ੍ਰੈਸ਼ਨ, ਖਰਾਬ ਵਰਤਾਓ ਅਤੇ ਗਿਆਨਾਤਮਕ ਪ੍ਰਦਰਸ਼ਨ ਦੇਖਿਆ ਗਿਆ। ਅਧਿਐਨ ’ਚ ਦੇਖਿਆ ਗਿਆ ਕਿ ਘੱਟ ਸੌਣ ਵਾਲੇ ਬੱਚਿਆਂ ਦੇ ਦਿਮਾਗ ਦੇ ਕੁਝ ਹਿੱਸਿਆਂ ਦਾ ਅਕਾਰ ਘਟ ਜਾਂਦਾ ਹੈ। ਇਹ ਅਜਿਹੇ ਹਿੱਸੇ ਹਨ, ਜੋ ਯਾਦਦਾਸ਼ਤ, ਸੁਣਨ ਦੀ ਸਮਰੱਥਾ, ਫੈਸਲੇ ਲੈਣ ਦੀ ਸਮਰੱਥਾ ਆਦਿ ਨਾਲ ਜੁੜੇ ਹੋਏ ਹਨ। ਇਸ ’ਚ ਦੇਖਿਆ ਗਿਆ ਕਿ ਭਰਪੂਰ ਨੀਂਦ ਲੈਣਾ ਬੱਚਿਆਂ ਦੇ ਗਿਆਨ ਸਬੰਧੀ ਅਤੇ ਮਾਨਸਿਕ ਸਿਹਤ ਦੋਹਾਂ ਲਈ ਬਹੁਤ ਜ਼ਰੂਰੀ ਹੈ। ਇਹ ਅਧਿਐਨ ਮੌਲੀਕਿਊਲਰ ਸਾਈਕਾਈਟਰੀ ਰਸਾਲੇ ’ਚ ਪ੍ਰਕਾਸ਼ਿਤ ਹੋਇਆ ਹੈ।


Sunny Mehra

Content Editor

Related News